ਮਹਾਨ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਗੰਭੀਰ

ਚੰਡੀਗੜ੍ਹ : ਮਹਾਨ ਸਾਬਕਾ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਦਿਨੋ-ਦਿਨ ਵਿਗੜ ਰਹੀ ਹੈ। ਮੰਗਲਵਾਰ ਸਵੇਰੇ ਹਾਰਟ ਅਟੈਕ ਮਗਰੋਂ ਬੁੱਧਵਾਰ ਸਵੇਰੇ ਇਕ ਵਾਰ ਫੇਰ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ। ਹਾਲਾਂਕਿ ਡਾਕਟਰਾਂ ਦੀ ਪੂਰੀ ਟੀਮ ਉਨ੍ਹਾਂ ਦੀ ਦੇਖ-ਭਾਲ ਵਿਚ ਲੱਗੀ ਹੈ।
ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਆਈ.ਸੀ.ਯੂ. ਵਾਰਡ ਵਿਚ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰ, ਰਿਸ਼ਤੇਦਾਰ, ਖੇਡ ਜਗਤ ਨਾਲ ਜੁੜੇ ਲੋਕ ਤੇ ਹਾਕੀ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ।
ਉਨ੍ਹਾਂ ਨੂੰ ਪਿਛਲੇ ਸਾਲ ਸਾਲ ਜੁਲਾਈ 2019 ਵਿਚ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਲੰਡਨ ਓਲੰਪਿਕ 1948, ਹੇਲਸਿੰਕੀ ਓਲੰਪਿਕ 1952 ਤੇ ਮੇਲਬਰਨ ਓਲੰਪਿਕ 1956 ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। 1956 ਦੇ ਓਲੰਪਿਕ ਵਿਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਸਨ। ਇਸ ਤੋਂ ਇਲਾਵਾ ਉਹ ਵਰਲਡ ਕੱਪ 1971 ਵਿਚ ਕਾਂਸੀ ਤੇ ਵਰਲਡ ਕੱਪ 1975 ਵਿਚ ਗੋਲਡ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਸਨ।