ਪੰਜਾਬੀਆਂ ਦੇ ਖੂਨ ਵਿਚ ਸਮਾਜਸੇਵਾ ਦੀ ਭਾਵਨਾ ਹੈ : ਸੋਨੂ ਸੂਦ

ਮੋਗਾ : (ਹਰਬਿੰਦਰ ਸਿੰਘ ਭੂਪਾਲ) ਕਰੋਨਾ ਮਹਾਮਾਰੀ ਦਾ ਅਸਰ ਭਾਰਤ ‘ਤੇ ਹੀ ਨਹੀਂ, ਪੂਰੇ ਵਿਸ਼ਵ ‘ਤੇ ਪਿਆ ਹੈ। ਕਈ ਸਟਾਰ ਪੀ.ਐਮ. ਕੇਅਰ ਫੰਡਜ਼ ਵਿਚ ਦਾਨ ਦੇ ਕੇ ਚਰਚਾ ਵਿਚ ਆਏ ਤੇ ਕਈ ਅਜਿਹੇ ਹਨ, ਜੋ ਮਾਨਵਤਾ ਦੀ ਸੇਵਾ ਕਰਦਿਆਂ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਬਾਲੀਵੁੱਡ ਸਟਾਰ ਤੇ ਮੂਲ ਤੌਰ ‘ਤੇ ਮੋਗਾ ਦੇ ਰਹਿਣ ਵਾਲੇ ਸੋਨੂ ਸੂਦ ਇਨ੍ਹੀਂ ਦਿਨੀਂ ਗ਼ਰੀਬ ਅੰਤਰਰਾਜੀ ਮਜ਼ਦੂਰਾਂ ਦੀ ਮਦਦ ਹੀ ਨਹੀਂ ਕਰ ਰਹੇ, ਸਗੋਂ ਉਹ ਮੁੰਬਈ ਵਿਚ ਫਸੇ ਹਜ਼ਾਰਾਂ ਮਜ਼ਦੂਰਾਂ ਲਈ ਖਾਣੇ ਤੋਂ ਲੈ ਕੇ ਉਨ੍ਹਾਂ ਦੇ ਸੂਬਿਆਂ ਵਿਚ ਭੇਜਣ ਤੱਕ ਦਾ ਪ੍ਰਬੰਧ ਕਰ ਰਹੇ ਹਨ।
ਮਜ਼ਦੂਰ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਨ ‘ਤੇ ਸੋਨੂ ਸੂਦ ਦਸਦੇ ਹਨ ਕਿ ਮੈਨੂੰ ਨਹੀਂ ਪਤਾ, ਸ਼ਾਇਦ ਮਾਂ-ਬਾਪ ਦੇ ਦਿੱਤੇ ਸੰਸਕਾਰ ਹਨ। ਪੰਜਾਬੀਆਂ ਦੇ ਖੂਨ ਵਿਚ ਸਮਾਜਸੇਵਾ ਦੀ ਭਾਵਨਾ ਹੈ। ਇਹ ਮੇਰੇ ਪੰਜਾਬ ਤੇ ਮੋਗਾ ਦਾ ਅਸਰ ਹੈ। ਕਿਉਂਕਿ ਜੋ ਲੋਕ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ, ਉਹ ਨਹੀਂ ਬਦਲਦੇ। ਮੈਂ ਇਨ੍ਹਾਂ ਵਿਚੋਂ ਇਕ ਹਾਂ।
ਉਨ੍ਹਾਂ ਕਿਹਾ, ‘ਸਾਡੇ ਮੁੰਬਈ ਵਿਚ ਹੋਟਲ ਹੈ। ਬੇਸ਼ੱਕ ਕਰੋਨਾ ਕਾਰਨ ਬੰਦ ਹੈ। ਪਰ ਜਦੋਂ ਪਤਾ ਚਲਿਆ ਕਿ ਹਜ਼ਾਰਾਂ ਅੰਤਰਰਾਜੀ ਮਜ਼ਦੂਰ ਆਪਣੇ ਘਰਾਂ ਪਰਤਣਾ ਚਾਹੁੰਦੇ ਹਨ ਤੇ ਉਹ ਪੈਦਲ ਜਾ ਰਹੇ ਹਨ। ਉਦੋਂ ਉਨ੍ਹਾਂ ਨੇ ਜਾਣ ਲਈ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਜਦੋਂ ਤੱਕ ਪ੍ਰਬੰਧ ਨਾ ਹੋਏ, ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕੀਤੀ।
ਸੋਨੂ ਨੇ ਕਿਹਾ ਕਿ ਅਸੀਂ ਇਕ ਟੋਲ ਫਰੀ ਨੰਬਰ ਜਾਰੀ ਕੀਤਾ। ਇਸ ‘ਤੇ 70,000 ਅੰਤਰਰਾਜੀ ਮਜ਼ਦੂਰਾਂ ਦੇ ਜਾਣ ਦੀ ਇੱਛਾ ਪ੍ਰਗਟਾਈ। ਮੇਰੇ ਇਕੱਲੇ ਲਈ ਇਹ ਮੁਸ਼ਕਲ ਸੀ। ਮੈਂ ਮੋਗਾ ਦੀ ਸਾਥੀ ਨੀਤੀ ਗੋਇਲ ਜੋ ਮੁੰਬਈ ਵਿਚ ਰਹਿੰਦੀ ਹੈ, ਨੂੰ ਨਾਲ ਲਿਆ ਤੇ ਮੇਰੇ ਸਾਰੇ ਸੀ.ਏ. 30-30 ਘੰਟੇ ਲੱਗੇ ਰਹੇ। ਲਿਸਟਾਂ ਬਣਾ ਕੇ ਬੱਸਾਂ ਦਾ ਪ੍ਰਬੰਧ ਕੀਤਾ। ਮੋਗਾ ਤੋਂ ਮੇਰੀ ਭੈਣ ਮਾਲਵਿਕਾ ਸੱਚਰ ਤੇ ਜੀਜਾ ਜੀ ਨੇ ਵੀ ਜੋਸ਼ ਦਿੱਤਾ। ਮੇਰੀ ਪਤਨੀ ਤੇ ਬੱਚਿਆਂ ਨੇ ਹੌਸਲਾ ਦਿੱਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਹਰ ਰੋਜ਼ 45000 ਲੋਕਾਂ ਦੇ ਖਾਣੇ ਦੀ ਡਰਾਈਵ ਚਲਾਈ ਸੀ। ਮੈਂ ਸੋਚਿਆ ਸਾਨੂੰ ਘਰ ਬੈਠਣ ਦੀ ਲੋੜ ਨਹੀਂ, ਜਦੋਂ ਤੱਕ ਫਸੇ ਲੋਕਾਂ ਨੂੰ ਘਰ ਨਾ ਪਹੁੰਚਾਇਆ ਜਾਵੇ। ਇਸ ਲਈ ਇਹ ਡਰਾਈਵ ਸ਼ੁਰੂ ਕੀਤੀ। ਰਸਤੇ ਵਿਚ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕਰਕੇ ਉਨ੍ਹਾਂ ਲਈ ਰਸਤੇ ਖੁਲ੍ਹਵਾਏ।
40 ਦਿਨ 40 ਹਜ਼ਾਰ ਲੋਕਾਂ ਲਈ ਖਾਣੇ ਤੇ ਬੱਸਾਂ ਦਾ ਪ੍ਰਬੰਧ ਕੀਤਾ :
ਸੋਨੂ ਸੂਦ ਦਸਦੇ ਹਨ ਕਿ ਮੈਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਿਆ। ਮੈਂ ਇਕੱਲੇ ਹੀ ਕੰਮ ਕਰ ਰਿਹਾ ਹਾਂ। ਮੈਂ ਫੋਨ ‘ਤੇ ਵੱਖ ਵੱਖ ਸੂਬਿਆਂ ਦੇ ਰਸਤੇ ਖੁਲ੍ਹਵਾਏ, ਜੋ ਸ਼ਾਇਦ ਇਕ ਸਿਆਸੀ ਆਗੂ ਲਈ ਵੀ ਆਸਾਨ ਨਾ ਹੁੰਦਾ। ਸਾਡੀ 10 ਲੋਕਾਂ ਦੀ ਟੀਮ ਹੈ, ਜੋ ਘੱਟ ਹੈ।
ਲੌਕਡਾਊਨ ਵਿਚ ਦੂਰ ਦੂਰ ਤੋਂ ਲੋਕਾਂ ਨੂੰ ਬੁਲਾਉਣਾ ਮੁਸ਼ਕਲ ਹੈ। ਫੇਰ ਵੀ ਅਸੀਂ ਲੱਗੇ ਰਹਾਂਗੇ, ਜਦੋਂ ਤੱਕ ਆਖ਼ਰੀ ਮਜ਼ਦੂਰ ਆਪਣੇ ਘਰ ਨਹੀਂ ਪਹੁੰਚ ਜਾਂਦਾ। ਜੇਕਰ ਚੰਗੀ ਸੋਚ ਵਾਲੇ ਲੋਕ ਜੁੜ ਜਾਣ ਤਾਂ ਇਕੱਲੇ ਹੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ 40 ਦਿਨ ਸੋਨੂ ਸੂਦ ਨੇ 40 ਹਜ਼ਾਰ ਲੋਕਾਂ ਦੇ ਖਾਣੇ ਤੇ ਉਨ੍ਹਾਂ ਲਈ 50 ਬੱਸਾਂ ਦਾ ਪ੍ਰਬੰਧ ਕੀਤਾ। ਸਮਾਂ ਤਾਂ ਲੱਗਿਆ ਪਰ ਵਿਸ਼ਵਾਸ ਹੈ ਕਿ ਉਹ ਸਾਰੇ ਘਰ ਪਹੁੰਚਾਏ ਜਾਣਗੇ।
ਦੈਨਿਕ ਭਾਸਕਰ ਤੋਂ ਧੰਨਵਾਦ ਸਹਿਤ