ਲੋਕਧਾਰਾ ਅਧਿਐਨ ਸਿਰਫ਼ ਸਕਾਲਰਾਂ ਦਾ ਆਪਣੇ ਲਈ ਹੈ ਜਾਂ ਡਿਗਰੀਆਂ ਲੈਣ ਲਈ : ਡਾ. ਕਰਮਜੀਤ

ਡਾ. ਕਰਮਜੀਤ ਨਾਲ ਇਕ ਮੁਲਾਕਾਤ/ਸਰਬਜੀਤ ਕੌਰ ਬਾਵਾ

ਸਵਾਲ : ਤੁਹਾਡੇ ਲੋਕਧਾਰਾ ਦੇ ਖੇਤਰ ਵਿਚ ਪ੍ਰਵੇਸ਼ ਸਮੇਂ ਇਸ ਖੇਤਰ ਦੀ ਕੀ ਸਥਿਤੀ ਸੀ?

ਜਵਾਬ: ਜਦੋਂ ਮੈਂ ਐੱਮ. ਏ. ਕਰ ਰਿਹਾ ਸੀ, ਉਸ ਵੇਲੇ ਪੰਜਾਬੀ ਅਕਾਦਮਿਕਤਾ ਵਿਚ ਲੋਕਧਾਰਾ ਦੀ ਸਥਿਤੀ ਬਿਲਕੁਲ ਹੋਰ ਤਰ੍ਹਾਂ ਦੀ ਸੀ। ਇਸ ਸਮੇਂ ਤੱਕ ਲੋਕਧਾਰਾ ਸੁਤੰਤਰ ਅਧਿਐਨ ਖੇਤਰ ਵਜੋਂ ਅਕਾਦਮਿਕਤਾ ਵਿਚ ਸਥਾਪਿਤ ਨਹੀਂ ਹੋਇਆ ਸੀ। ਸਾਡੇ ਸਮੇਂ ਤੱਕ ਪੰਜਾਬੀ ਲੋਕਧਾਰਾ ਸੰਬੰਧੀ ਕੁੱਝ ਵਿਅਕਤੀ ਮਿਸ਼ਨਰੀ ਤੌਰ ‘ਤੇ ਕੰਮ ਕਰ ਰਹੇ ਸੀ। ਇਸ ਲਈ ਕੰਮ ਤਾਂ ਹੋ ਰਿਹਾ ਸੀ ਪਰ ਉਹ ਅਕਾਦਮਿਕ ਪੱਧਰ ‘ਤੇ ਨਹੀਂ ਹੋ ਰਿਹਾ ਸੀ। ਅਜਿਹੇ ਵਿਅਕਤੀਆਂ ਵਿਚ ਸਤਿਆਰਥੀ, ਵਣਜਾਰਾ ਬੇਦੀ, ਹਰਜੀਤ ਸਿੰਘ, ਕਰਤਾਰ ਸਿੰਘ ਸ਼ਮਸ਼ੇਰ, ਸ਼ੇਰ ਸਿੰਘ ਸ਼ੇਰ ਆਦਿ ਵਰਗਿਆਂ ਦੁਆਰਾ ਕੀਤੇ ਬਹੁਤ ਮਹੱਤਵਪੂਰਨ ਕੰਮ ਸ਼ਾਮਿਲ ਹਨ। ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਆਮ ਤੌਰ ‘ਤੇ ਇਸਨੂੰ ਸ਼ੌਕੀਆ ਕੰਮ ਕਿਹਾ ਜਾਂਦਾ ਹੈ ਲੇਕਿਨ ਇਸ ਕੰਮ ਨੂੰ ਤੁਸੀਂ ਕੇਵਲ ਸ਼ੌਕੀਆ ਨਹੀਂ ਕਹਿ ਸਕਦੇ। ਇਹ ਮਿਸ਼ਨਰੀ ਕੰਮ ਹੈ। ਇਹ ਠੀਕ ਹੈ ਕਿ ਖੋਜ ਤੇ ਅਧਿਐਨ ਦੇ ਖੇਤਰ ਵਿਚ ਅਕਾਦਮਿਕਤਾ ਦੀ ਆਪਣੀ ਥਾਂ ਹੈ ਲੇਕਿਨ ਲੋਕਧਾਰਾ ਵਿਚ ਅਕਾਦਮਿਕਤਾ ਤੋਂ ਬਿਨਾ ਵੀ ਕੰਮ ਹੁੰਦਾ ਰਿਹਾ ਹੈ ਤੇ ਲਗਾਤਾਰ ਹੋ ਰਿਹਾ ਹੈ। ਅਕਾਦਮਿਕਤਾ ਕਈ ਵਾਰ ਕੁੱਝ ਚੀਜ਼ਾਂ ਨੂੰ ਅੱਖੋਂ-ਪਰੋਖੇ ਕਰ ਦਿੰਦੀ ਹੈ। ਇਹ ਗੱਲ ਸਿਰਫ਼ ਸਾਡੇ ਪੰਜਾਬ ਵਿਚ ਨਹੀਂ ਹੈ, ਇਹ ਪੂਰੀ ਦੁਨੀਆ ‘ਚ ਹੀ ਹੈ। ਅਕਾਦਮਿਕਤਾ ਅੱਜ ਵੀ ਲੋਕਧਾਰਾ ਨੂੰ ਓਨੀ ਗੰਭੀਰਤਾ ਨਾਲ ਨਹੀਂ ਲੈਂਦੀ ਜਿੰਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਸਵਾਲ : ਤੁਸੀਂ ਐੱਮ. ਏ. ਪੰਜਾਬੀ ਸਾਹਿਤ ਵਿਚ ਕੀਤੀ ਹੈ। ਉਸ ਸਮੇਂ ਦੇ ਭਾਰੂ ਰੁਝਾਨ ਭਾਵ ‘ਪੰਜਾਬੀ ਸਾਹਿਤ ਦੇ ਅਧਿਐਨ’ ਵੱਲ ਜਾਣ ਦੀ ਬਜਾਇ ‘ਲੋਕਧਾਰਾ ਅਧਿਐਨ’ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?

ਜਵਾਬ : ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਮੈਂ ਐੱਮ. ਏ. ਕਰ ਰਿਹਾ ਸੀ ਉਦੋਂ ਪੰਜਾਬੀ ਅਕਾਦਮਿਕਤਾ ਤੇ ਖੋਜ ਅੰਦਰ ਭਾਰੂ ਰੁਝਾਨ ਸਾਹਿਤ ਅਧਿਐਨ ਦਾ ਸੀ। ਮੈਂ ਵੀ ਪੀਐਚ. ਡੀ ਦਾ ਖੋਜ ਕਾਰਜ ਕਾਵਿ ਰੂਪ ਰੁਬਾਈ ਉੱਪਰ ਕੀਤਾ ਹੈ। ਕਾਵਿ ਰੂਪ ਉੱਪਰ ਕੰਮ ਕਰਨ ਦਾ ਕਾਰਨ ਸੀ ਕਿ ਉਸ ਸਮੇਂ ਸਾਹਿਤ ਅਧਿਐਨ ਅੰਦਰ ਵੀ ਅੱਗੇ ਦੋ ਮੁੱਖ ਦ੍ਰਿਸ਼ਟੀਕੋਣਾਂ ਦੇ ਅੰਤਰਗਤ ਕੰਮ ਹੋ ਰਿਹਾ ਸੀ। ਇਨ੍ਹਾਂ ਵਿਚ ਹਾਲਾਂ ਕਿ ਭਾਰੂ ਮਾਰਕਸਵਾਦੀ ਦ੍ਰਿਸ਼ਟੀਕੋਣ ਸੀ ਪਰ ਸਾਡੇ ਸਮੇਂ ਸੰਰਚਨਾਵਾਦੀ ਦ੍ਰਿਸ਼ਟੀਕੋਣ ਵੀ ਆਉਣਾ ਸ਼ੁਰੂ ਹੋ ਗਿਆ ਸੀ। ਲੇਕਿਨ ਜਿਵੇਂ ਕਿ ਤੁਸੀਂ ਕਿਹਾ ਅਧਿਐਨ ਤੇ ਖੋਜ ਦਾ ਮੁੱਖ ਫੋਕਸ ਸਾਹਿਤ ਹੀ ਸੀ। ਅਸਲ ‘ਚ ਰੁਬਾਈ ਕਾਵਿ ਵਾਲ਼ੇ ਪਾਸੇ ਮੈਨੂੰ ਡਾ. ਕੇਸਰ ਸਿੰਘ ਕੇਸਰ ਹੋਰਾਂ ਨੇ ਲਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਰੁਬਾਈ ਕਾਵਿ ਉੱਪਰ ਕੰਮ ਹੋਣਾ ਚਾਹੀਦਾ ਹੈ।
ਉਂਝ ਮੈਂ ਐੱਮ. ਏ. ‘ਚ ਪੜ੍ਹਦਿਆਂ ਲੋਕਧਾਰਾ ਤੇ ਵਿਸ਼ੇਸ਼ ਕਰਕੇ ਲੋਕ ਸਾਹਿਤ ਬਾਰੇ ਕਾਫ਼ੀ ਕੁੱਝ ਪੜ੍ਹ ਲਿਆ ਸੀ। ਉਸ ਸਮੇਂ ਮੈਂ ਸਤਿਆਰਥੀ ਤੇ ਰੰਧਾਵਾ, ਦੋਵੇਂ ਖ਼ਾਸ ਤੌਰ ‘ਤੇ ਪੜ੍ਹ ਲਏ ਸਨ। ਉਸ ਸਮੇਂ ਵਣਜਾਰਾ ਬੇਦੀ ਮੇਰੀ ਨਿਗਾਹ ‘ਚ ਉਸ ਤਰ੍ਹਾਂ ਨਹੀਂ ਆਇਆ ਸੀ। ਇਸ ਲਈ ਵਣਜਾਰਾ ਬੇਦੀ ਨੂੰ ਮੈਂ ਬਾਅਦ ‘ਚ ਨਿੱਠ ਕੇ ਪੜ੍ਹਿਆ। ਮੇਰੇ ਇਸ ਖੇਤਰ ਨਾਲ ਜੁੜਨ ਦਾ ਇਕ ਹੋਰ ਕਾਰਨ ਰੰਧਾਵਾ ਸੀ। ਅਸਲ ਵਿਚ ਉਹ ਦੁਆਬੇ ਦਾ ਸੀ ਅਤੇ ਸਾਡੇ ਪਿੰਡ ਦੇ ਨੇੜਲੇ ਪਿੰਡ ਬੋਦਲਾਂ ਦਾ ਸੀ। ਇਸ ਇਲਾਕੇ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ ਭਾਵ ਸ਼ਿਵਾਲਿਕ ਪਹਾੜੀਆਂ ਦੇ ਕੰਢੇ ਦਾ ਇਲਾਕਾ। ਪਰ ਜਦੋਂ ਮੈਂ ਮਹਿੰਦਰ ਸਿੰਘ ਰੰਧਾਵਾ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਸਨੇ ਇਸ ਇਲਾਕੇ ਦੇ ਲੋਕ ਗੀਤ ਇਕੱਠੇ ਨਹੀਂ ਕੀਤੇ। ਮੇਰੇ ਲਈ ਇਹ ਹੈਰਾਨੀ ਦੀ ਗੱਲ ਸੀ ਕਿ ਰੰਧਾਵਾ ਹਾਲਾਂਕਿ ਦੁਆਬੇ ਦਾ ਸੀ ਲੇਕਿਨ ਉਸਦੇ ਸੰਗ੍ਰਹਿਆਂ ‘ਚ ਸਾਡੇ ਇਥੋਂ ਦੇ ਲੋਕਗੀਤ ਦਰਜ ਨਹੀਂ ਸਨ। ਮੈਂ ਜਦੋਂ ਰੰਧਾਵਾ ਨੂੰ ਆਪਣੀਆਂ ਦੋ ਕਿਤਾਬਾਂ ਦੇਸ ਦੁਆਬਾ ਅਤੇ ਧਰਤ ਦੁਆਬੇ ਦੀ ਦਿੱਤੀਆਂ ਤਾਂ ਉਸਨੇ ਲਿਖਿਆ ਕਿ ਇਨ੍ਹਾਂ ਵਿਚਲੇ ਬਹੁਤ ਸਾਰੇ ਗੀਤ ਕਾਂਗੜੇ ਦੇ ਗੀਤਾਂ ਨਾਲ ਮਿਲਦੇ ਹਨ ਲੇਕਿਨ ਮੈਨੂੰ ਪਤਾ ਹੈ ਕਿ ਇਨ੍ਹਾਂ ‘ਚ ਬਹੁਤ ਸਾਰੇ ਅਜਿਹੇ ਗੀਤ ਹਨ ਜਿਹੜੇ ਕਿਸੇ ਹੋਰ ਗੀਤ ਨਾਲ ਨਹੀਂ ਮਿਲਦੇ। ਇਸ ਨਾਲ ਪਹਿਲਾਂ ਹੀ ਮੇਰੇ ਮਨ ‘ਚ ਬੈਠੀ ਗੱਲ ਹੋਰ ਦ੍ਰਿੜ ਹੋ ਗਈ ਕਿ ਜਿਹੜੇ ਗੀਤ ਨਹੀਂ ਆਏ ਉਨ੍ਹਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕੰਮ ਦੀ ਸ਼ੁਰੂਆਤ ਹੁੰਦੀ ਹੈ।

ਸਵਾਲ : ਕੀ ਤੁਹਾਡੇ ਵੱਲੋਂ ਲੋਕ ਗੀਤਾਂ ਦੇ ਇਕੱਤਰੀਕਰਨ ਕਰਨ ਨਾਲ ਕੋਈ ਘਟਨਾ ਵੀ ਜੁੜੀ ਹੋਈ ਹੈ?

ਜਵਾਬ: ਇਹ ਸੱਚ ਹੈ ਕਿ ਇਸ ਕੰਮ ਦੇ ਵਿਹਾਰਿਕ ਰੂਪ ਵਿਚ ਸ਼ੁਰੂ ਹੋਣ ਪਿੱਛੇ ਇਕ ਘਟਨਾ ਜੁੜੀ ਹੋਈ ਹੈ। ਇਸਦੀ ਸ਼ੁਰੂਆਤ ਅਸਲ ਵਿਚ ਮੇਰੇ ਆਪਣੇ ਵਿਆਹ ਤੋਂ ਹੁੰਦੀ ਹੈ। ਇਹ ਗੱਲ ਇਸ ਤਰ੍ਹਾਂ ਵਾਪਰੀ ਕਿ 78-79 ਦੇ ਸਾਲਾਂ ਵਿਚ ਪੰਜਾਬ ਦੇ ਹਾਲਾਤ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ। ਵਿਆਹ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਜਦੋਂ ਮੈਂ ਦਸੂਹੇ ਤੋਂ ਸਾਈਕਲ ਲੈ ਕੇ ਗਿਆਰਾਂ ਕੁ ਵਜੇ ਰਾਤ ਨੂੰ ਘਰ ਪਹੁੰਚਿਆ ਤਾਂ ਅੱਗੇ ਘਰ ਵਾਲੇ ਡਰੇ ਬੈਠੇ ਸਨ। ਉਹ ਅੱਠ ਕਿੱਲੋ ਮੀਟਰ ਦਾ ਰਾਹ ਹੈ। ਇਸ ਲਈ ਮੈਨੂੰ ਥੋੜ੍ਹਾ ਸਮਾਂ ਲੱਗ ਗਿਆ ਤੇ ਬਿਗੜੇ ਹਾਲਾਤ ਦੇ ਮੱਦੇ ਨਜ਼ਰ ਘਰ ‘ਚ ਚਿੰਤਾ ਹੋਣੀ ਸੁਭਾਵਿਕ ਸੀ। ਇਸ ਲਈ ਉਨ੍ਹਾਂ ਨੇ ਗੌਣ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋਂ ਮੈਂ ਘਰ ਪਹੁੰਚਿਆ ਤਾਂ ਪਹਿਲਾਂ ਮਾਈ ਨੇ ਜਿਹੜੇ ਸ਼ਲੋਕ ਸੁਣਾਉਣੇ ਸੀ, ਉਹ ਸੁਣਾਏ। ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਆਪਣਾ ਗੁੱਸਾ ਕੱਢਿਆ। ਉਹ ਫੌਜੀ ਸਨ ਅਤੇ ਫੌਜੀਆਂ ਦਾ ਅਨੁਸ਼ਾਸ਼ਨ ਬਹੁਤ ਸਖ਼ਤ ਹੁੰਦਾ ਹੈ। ਖ਼ੈਰ! ਇਸ ਸਭ ਤੋਂ ਬਾਅਦ ਜਦੋਂ ਰਾਤ ਨੂੰ ਦੁਬਾਰਾ ਗੌਣ ਬਿਠਾਇਆ ਤਾਂ ਗੌਣ ਵਿਚ ਸ਼ਾਮਿਲ ਬੀਬੀਆਂ ਨੇ ਜਿਹੜਾ ਪਹਿਲਾ ਗੀਤ ਗਾਇਆ ਉਸਨੇ ਮੇਰੀ ਜ਼ਿੰਦਗੀ ਨੂੰ ਮੋੜ ਦੇ ਦਿੱਤਾ। ਉਹ ਗੀਤ ਸੀ, ‘ਵੀਰਾ ਕਿੱਥੇ ਗੁਜਾਰੀ ਸਾਰੀ ਰਾਤ, ਭੈਣਾਂ ਨੂੰ ਫ਼ਿਕਰ ਪਿਆ’। ਮੈਨੂੰ ਪਹਿਲੀ ਵਾਰ ਇਹ ਗੱਲ ਸਮਝ ਆਈ ਕਿ ਔਰਤਾਂ ਕਿਵੇਂ ਇਕ ਬਹੁਤ ਹੀ ਗੁੰਝਲਦਾਰ ਤੇ ਤਨਾਅ ਭਰੀ ਸਥਿਤੀ ਦੀ ਪੇਸ਼ਕਾਰੀ ਬਹੁਤ ਹੀ ਸਰਲ-ਸਾਦੇ ਰੂਪ ਤੇ ਸ਼ਬਦਾਂ ਵਿਚ ਕਰ ਸਕਣ ਦੇ ਸਮਰੱਥ ਹੁੰਦੀਆਂ ਹਨ। ਇਸਦਾ ਕਾਰਨ ਸੀ ਕਿ ਇਸ ਗੀਤ ਦਾ ਅੰਤਰਾ ਮੇਰੇ ਹਾਲਾਤ ਤੇ ਸਥਿਤੀ ਨਾਲ ਬਿਲੁਕਲ ਮੇਲ ਖਾਂਦਾ ਸੀ। ਸੋ ਘਟਨਾ ਨੇ ਲੋਕ ਗੀਤਾਂ ਤੇ ਲੋਕ ਸਾਹਿਤ ਦੀ ਮਹੱਤਤਾ ਬਾਰੇ ਮੈਨੂੰ ਅਹਿਸਾਸ ਕਰਵਾਇਆ ਹਾਲਾਂਕਿ ਇਸ ਸਿਧਾਂਤਕ ਜਾਣਕਾਰੀ ਮੈਨੂੰ ਪਹਿਲਾਂ ਹੀ ਸੀ। ਉਦੋਂ ਹੀ ਮੈਂ ਦੁਬਈ ਤੋਂ ਆਏ ਆਪਣੇ ਇਕ ਮਿੱਤਰ ਗੁਰਵਿੰਦਰ ਕੋਲੋਂ ਕੈਸੇਟ ਤੇ ਰਿਕਾਰਡ ਲਿਆਂਦਾ ਤੇ ਭੈਣਾਂ ਤੇ ਭਰਜਾਈਆਂ ਦੇ ਗੀਤ ਰਿਕਾਰਡ ਕਰਨੇ ਸ਼ੂਰੂ ਕਰ ਦਿੱਤੇ। ਉਸਤੋਂ ਬਾਅਦ ਚੱਲ ਸੋ ਚੱਲ ਤੇ ਅੱਜ ਤੱਕ ਲੱਗਿਆ ਹੋਇਆਂ ਹਾਂ।

ਸਵਾਲ : ਇਸ ਤੋਂ ਬਾਅਦ ਦਾ ਸਫ਼ਰ ਕਿਵੇਂ ਰਿਹਾ? ਕੀ ਇਹ ਗੀਤ ਉਸੇ ਸਮੇਂ ਛਪਵਾ ਦਿੱਤੇ ਜਾਂ ਫਿਰ ਕੁੱਝ ਸਮਾਂ ਲੱਗਿਆ?

ਜਵਾਬ : ਨਹੀਂ। ਇਹ ਗੀਤ ਮੈਂ ਉਸੇ ਸਮੇਂ ਨਹੀਂ ਛਪਵਾਏ। ਲੇਕਿਨ ਇਸ ਘਟਨਾ ਨਾਲ ਮੇਰਾ ਇਕੱਤਰੀਕਰਨ ਦਾ ਕੰਮ ਸ਼ੁਰੂ ਜ਼ਰੂਰ ਹੋ ਗਿਆ। ਇਸ ਤੋਂ ਬਾਅਦ ਮੈਂ ਇਨ੍ਹਾਂ ਗੀਤਾਂ ਨੂੰ ਕਾਪੀਆਂ ਉੱਪਰ ਲਿਖਣਾ ਸ਼ੁਰੂ ਕੀਤਾ ਅਤੇ ਸਾਰੇ ਰਿਕਾਰਡ ਕੀਤੇ ਗੀਤਾਂ ਨੂੰ ਕਾਪੀਆਂ ‘ਤੇ ਉਤਾਰਿਆ। ਇਹ ਗੀਤ ਕਾਫ਼ੀ ਸਮਾਂ ਇਸੇ ਤਰ੍ਹਾਂ ਪਏ ਰਹੇ। ਇਸ ਤੋਂ ਬਾਅਦ ਮੇਰੀ ਪਹਿਲੀ ਕਿਤਾਬ ‘ਦੇਸ ਦੁਆਬਾ’ ਮੈਂ ਆਪ ਹੁਸ਼ਿਆਰਪੁਰ ਤੋਂ ਛਪਵਾਈ। ਮੇਰੀ ਕਿਤਾਬ ‘ਧਰਤ ਦੁਆਬੇ’ ਦੀ ਬਾਅਦ ‘ਚ ਛਪਦੀ ਹੈ। ਇਕੱਤਰੀਕਰਨ ਤੋਂ ਬਾਅਦ ਲੋਕ ਸਾਹਿਤ ਦੇ ਅਧਿਐਨ ਵੱਲ ਆਉਣਾ ਸੁਭਾਵਿਕ ਸੀ। ਇਸਦਾ ਕਾਰਨ ਹੈ ਕਿ ਜਦੋਂ ਤੁਸੀ ਇਕੱਤਰੀਕਰਨ ਕਰਦੇ ਹੋ ਤਾਂ ਫਿਰ ਨਾਲ ਦੀ ਨਾਲ ਇਕੱਤਰਿਤ ਕੰਮ ਬਾਰੇ ਧਾਰਨਾਵਾਂ ਵੀ ਬਣਦੀਆਂ ਜਾਂਦੀਆਂ ਹਨ। ਇਸਦਾ ਅਰਥ ਹੈ ਕਿ ਲੋਕਧਾਰਾ ਅਧਿਐਨ ਵਿਚ ਕਦੇ ਵੀ ਅਜਿਹਾ ਨਹੀਂ ਹੁੰਦਾ ਕਿ ਪਹਿਲਾਂ ਧਾਰਨਾਵਾਂ ਬਣੀਆ ਹੋਈਆਂ ਹੋਣ ਤੇ ਤੁਸੀਂ ਉਨ੍ਹਾਂ ਨਾਲ ਸੰਬੰਧਿਤ ਡਾਟਾ ਇਕੱਠਾ ਕਰਨ ਲੱਗ ਜਾਵੋ ਜਾਂ ਪਹਿਲਾਂ ਬਿਨਾਂ ਕੁੱਝ ਸੋਚੇ ਸਮਝੇ ਡਾਟਾ ਇਕੱਠਾ ਕਰ ਲਿਆ ਤੇ ਫਿਰ ਇਕ ਦਿਨ ਬੈਠ ਕੇ ਸੋਚਿਆ ਕਿ ਅੱਜ ਧਾਰਨਾਵਾਂ ਬਣਾ ਲੈਂਦੇ ਹਾਂ। ਵੈਸੇ ਤਾਂ ਖੇਤਰੀ ਕਾਰਜ ਨਾਲ ਸੰਬੰਧਿਤ ਹਰ ਖੋਜ ਉੱਪਰ ਇਹ ਸਿਧਾਂਤ ਲਾਗੂ ਹੁੰਦਾ ਹੈ ਲੇਕਿਨ ਕਿਉਂਕਿ ਆਪਾਂ ਲੋਕਧਾਰਾ ਬਾਰੇ ਗੱਲ ਕਰ ਰਹੇ ਹਾਂ ਤਾਂ ਲੋਕਧਾਰਾ ਦੇ ਖੇਤਰ ਵਿਚ ਖ਼ਾਸ ਕਰਕੇ ਇਸ ਤਰ੍ਹਾਂ ਹੁੰਦਾ ਹੈ। ਇੱਥੇ ਇਕੱਤਰੀਕਰਨ ਤੇ ਸਿਧਾਂਤੀਕਰਨ ਨਾਲ-ਨਾਲ ਚੱਲਦੇ ਹਨ। ਕਦੇ ਪਹਿਲਾ ਦੂਜੇ ਨੂੰ ਸੇਧਿਤ ਕਰਦਾ ਹੈ ਕਦੇ ਦੂਜਾ ਪਹਿਲੇ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ।

ਸਵਾਲ : ਆਮ ਤੌਰ ‘ਤੇ ਤੁਹਾਡੇ ਕੰਮ ਦੀ ਪਛਾਣ ਦੁਆਬੇ ਦੇ ਲੋਕਗੀਤਾਂ ਦੇ ਇਕੱਤਰੀਕਰਨ ਵਜੋਂ ਹੁੰਦੀ ਹੈ। ਤੁਹਾਡੇ ਅਨੁਸਾਰ ਤੁਹਾਡੇ ਕੰਮ ਦੀ ਇਕੱਤਰੀਕਰਨ ਦੇ ਨਾਲ-ਨਾਲ ਹੋਰ ਕੀ ਵਿਸ਼ੇਸ਼ ਦੇਣ (contribution) ਹੈ?
ਜਵਾਬ : ਤੁਹਾਡਾ ਸੁਆਲ ਬਹੁਤ ਮਹੱਤਵਪੂਰਨ ਹੈ ਕਿਉਂ ਕਿ ਕਿਸੇ ਵਿਸ਼ੇਸ਼ ਇਲਾਕੇ ਦੀ ਚੋਣ ਤੋਂ ਪਹਿਲਾਂ ਉਸਦੀ ਪਛਾਣ ਕਰਨਾ ਬਹੁਤ ਮਹੱਤਵ ਪੂਰਨ ਹੁੰਦਾ ਹੈ। ਇਸਦਾ ਕਾਰਨ ਹੈ ਕਿ ਇਕ ਵਿਸ਼ੇਸ਼ ਇਲਾਕੇ ਦੀ ਚੋਣ ਦਾ ਕਾਰਨ ਸੰਬੰਧਿਤ ਇਲਾਕੇ ਦੀਆਂ ਨਿੱਖੜਵੀਂਆਂ ਵੱਖਰਤਾਵਾਂ ਜਾਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਲੋਕਧਾਰਾ ਦੇ ਪ੍ਰਸੰਗ ਵਿਚ ਇਨ੍ਹਾਂ ਵਿਚੋਂ ਪਹਿਲੀ ਵਿਸ਼ੇਸ਼ਤਾ ਵਿਚ ਗੀਤਾਂ ਦੀਆਂ ਅਜਿਹੀਆਂ ਬਹੁਤ ਸਾਰੀਆਂ ਵੰਨਗੀਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਹੜੀਆਂ ਹੋਰ ਕਿਤੇ ਨਹੀਂ ਮਿਲਦੀਆਂ। ਇਨ੍ਹਾਂ ਵੰਨਗੀਆਂ ਵਿਚ ਭਾਸ਼ਾ, ਰੂਪ, ਵਿਧਾ ਤੇ ਹੋਰ ਸਭ ਪ੍ਰਕਾਰ ਦਾ ਰੂਪਾਂਤਰਣ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਇਲਾਕੇ ਦੀਆਂ ਵੰਨਗੀਆਂ ਬਾਰੇ ਮੈਂ ਤੁਹਾਨੂੰ ਇਕ ਗੀਤ ਦੱਸਦਾ ਹਾਂ ਜਿਸਦਾ ਨਾਮ ‘ਕੰਢੀ’ ਹੈ। ਇਹ ਗੀਤ ਪੂਰੇ ਪੰਜਾਬ ‘ਚ ਹੋਰ ਕਿਤੇ ਨਹੀਂ ਮਿਲਦਾ। ਇਸ ਗੀਤ ਵਿਚ ‘ਕੰਢੀ’ ਦੀ ਸੱਸ ਉਸ ਉੱਪਰ ਸ਼ੱਕ ਕਰਦੀ ਹੈ ਤੇ ਉਹ ਜ਼ਹਿਰ ਖਾ ਕੇ ਮਰ ਜਾਂਦੀ ਹੈ। ਇਸੇ ਤਰ੍ਹਾਂ ਮੈਨੂੰ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਿਤ ਲੋਕ ਗੀਤ ਮਿਲੇ। ਇਹ ਲੋਕ ਗੀਤ ਵੀ ਹੋਰ ਸੰਗ੍ਰਹਿਆਂ ‘ਚ ਕਿਤੇ ਨਹੀਂ ਮਿਲਦੇ। ਉਦਾਹਰਨ ਲਈ:
‘ਕਿਨ ਸੁ ਲਾਈਆਂ ਲੜਾਈਆਂ ਕਿਨ ਸੁ ਮਾਰੇ ਜਵਾਨ
ਕਿ ਮੁਲਕ ਵਿਰਾਨ ਹੋਏ।
ਜਰਮਨ ਨੇ ਲਾਈਆਂ ਲੜਾਈਆਂ ਅੰਗਰੇਜ਼ਾਂ ਨੇ ਮਾਰੇ ਜਵਾਨ
ਕਿ ਮੁਲਕ ਵਿਰਾਨ ਹੋਏ।
ਸਾਡੇ ਨੇੜੇ ਇਕ ਕਸਬਾ ਹਰਿਆਣਾ ਪੈਂਦਾ ਹੈ। ਮੈਨੂੰ ਇਹ ਲੋਕ ਗੀਤ ਉਥੋਂ ਪ੍ਰਾਪਤ ਹੋਇਆ। ਇਸ ਤੋਂ ਬਿਨਾਂ ਔਰਤਾਂ ਰਾਹੀਂ ਗਾਇਆ ਜਾਂਦਾ ‘ਮਿਰਜ਼ਾ-ਸਾਹਿਬਾਂ’ ਪੰਜਾਬ ਵਿਚ ਹੋਰ ਕਿਤੇ ਨਹੀਂ ਲੱਭੇਗਾ। ਇਸ ਉੱਪਰ ਮੈਂ ਬਾਅਦ ਵਿਚ ਪੂਰਾ ਆਰਟੀਕਲ (ਦੋ ਪਾਠ ਦੋ ਦ੍ਰਿਸ਼ਟੀਆਂ) ਲਿਖਿਆ ਸੀ। ਇਸ ਵਿਚ ਮੈਂ ਪੀਲੂ ਦੁਆਰਾ ਲਿਖੇ ਮਿਰਜ਼ੇ ਤੇ ਲੋਕ ਮੌਖਿਕ ਬਿਰਤਾਂਤ ਵਿਚ ਮਿਲਦੇ ਮਿਰਜ਼ੇ ਦਾ ਤੁਲਨਾਤਮਕ ਅਧਿਐਨ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਮੈਂ ਸਵੇਰ ਨੂੰ ਗਾਏ ਜਾਣ ਵਾਲੇ ਗੀਤ ਇਕੱਤਰ ਕੀਤੇ ਹਨ। ਮੇਰੀ ਨਾਨੀ ਇਨ੍ਹਾਂ ਗੀਤਾਂ ਨੂੰ ‘ਰੱਬ ਦੇ ਘਰ ਦੇ ਗੀਤ’ ਕਹਿੰਦੀ ਹੁੰਦੀ ਸੀ।
ਇਨ੍ਹਾਂ ਗੀਤਾਂ ਦੀਆਂ ਧੁਨਾਂ ‘ਲੋਕ ਧੁਨਾਂ’ ਸਨ। ਇਹ ਗੀਤ ਮੁੱਖ ਤੌਰ ‘ਤੇ ਗੋਪੀਆਂ ਅਤੇ ਕ੍ਰਿਸ਼ਨ-ਗੋਪੀਆਂ ਦੇ ਗੀਤ ਹਨ ਪਰ ਇਨ੍ਹਾਂ ਵਿਚ ਜਿਹੜੇ ਭਾਵ ਦਰਜ ਹਨ, ਉਹ ਹੋਰ ਕਿਤੇ ਨਹੀਂ ਮਿਲਦੇ। ਇੱਥੇ ਹੋਰ ਕਿਤੋਂ ਤੋਂ ਮੇਰਾ ਅਰਥ ਹੈ ਕਿ ਇਹ ਵੇਦਾਂ ਜਾਂ ਸ਼ਾਸਤਰਾਂ ‘ਚੋਂ ਨਹੀਂ ਮਿਲਣੇ। ਇਹ ਅਜਿਹੇ ਗੀਤ ਹਨ ਜਿਹੜੇ ਸਿਰਫ਼ ਇੱਥੋਂ ਹੀ ਪ੍ਰਾਪਤ ਹੋਏ ਹਨ। ਮੈਂ ਤੁਹਾਨੂੰ ਇੱਕ ਗੀਤ ਦੀ ਉਦਾਹਰਨ ਦਿੰਦਾ ਹਾਂ। ਇਸ ਗੀਤ ਦੇ ਵਿਚ ਰਾਧਾ ਤੇ ਕ੍ਰਿਸ਼ਨ ਪਤੀ ਪਤਨੀ ਦ ੇਰੂਪ ‘ਚ ਹਨ। ਇਹ ਹੋਰ ਕਿਤੇ ਵੀ ਨਹੀਂ ਹੈ। ਗੀਤ ਦੇ ਬੋਲ ਹਨ:
“ਉੱਠ ਸੋਧਾਂ ਪਿਆਰੀ, ਉੱਠ ਕੇ ਜੰਦੜੇ ਨੂੰ ਖ੍ਹੋਲ,                                                                               ਦਾਤਣ ਦੀ ਵੇਲਾ ਸਾਡੀ ਹੋ ਗਈ ਮਹਾਰਾਜ।
ਵੇ ਸੁਣ ਕ੍ਹਾਨ ਕ੍ਹਨਈਆ, ਰੈਣ ਤਾਂ ਵੱਡੀ ਵੱਡੀ ਹੋ,
ਦਾਤਣ ਦੀ ਵੇਲਾ ਤੇਰੀ ਨਾਂ ਹੋਈ ਮਹਾਰਾਜ।”
 “ਨੀਂ ਸੁਣ ਸੁਧਾਂ ਪਿਆਰੀ, ਕੌਣ ਤਾਂ ਆਇਆ ਤੈਂਨੂੰ ਲੈਣ,
ਕੌਣ ਤਾਂ ਆਇਆ ਤੇਰੇ ਪਾਮਣੇ ਮਹਾਰਾਜ।”
“ਵੇ ਸੁਣ ਕ੍ਹਾਨ ਕ੍ਹਨਈਆ, ਵੀਰ ਤਾਂ ਆਇਆ ਮੈਂਨੂੰ ਲੈਣ,
ਲਾਗੀ ਤਾਂ ਆਇਆ ਮੇਰੇ ਪਾਮਣੇ ਮਹਾਰਾਜ।”
“ਨੀਂ ਸੁਣ ਸੋਧਾਂ ਪਿਆਰੀ, ਲਾਏ ਲੈ ਹਾਰ ਸ਼ਿੰਗਾਰ,
ਚਲੇ ਤਾਂ ਜਾਣਾਂ ਤੇਰੇ ਮਾਪਿਆਂ ਮਹਾਰਾਜ।”
“ਵੇ ਸੁਣ ਕ੍ਹਾਨ ਕ੍ਹਨਈਆ, ਰੁੱਸਿਆਂ ਦਾ ਕੀ ਹਾਰ ਸ਼ਿੰਗਾਰ,
ਚਲੇ ਤਾਂ ਜਾਣਾਂ ਅਸੀਂ ਪੇਕਿਆਂ ਮਹਾਰਾਜ।”
“ਵੇ ਸੁਣ ਕ੍ਹਾਨ ਕ੍ਹਨਈਆ, ਤੇਰਾ ਤਾਂ ਲੀਲਾ ਹੋ ਗਿਆ ਪਾਰ
ਮੇਰਾ ਤਾਂ ਡੋਲਾ ਉਰਾਰ ਵੇ ਮਹਾਰਾਜ।”
“ਨੀਂ ਸੁਣ ਸੋਧਾਂ ਪਿਆਰੀ, ਉਹੋ ਤਾਂ ਵੇਲਾ ਕਰ ਲੈ ਯਾਦ,
ਦਾਤਣ ਦੀ ਵੇਲਾ ਸਾਡੀ ਨੀਂ ਹੋਈ ਮਹਾਰਾਜ।”

ਇਸ ਵਿਚ ਕ੍ਰਿਸ਼ਨ ਕਹਿੰਦਾ ਹੈ ਕਿ ‘ਉੱਠ ਕੇ ਕੁੰਡੜਾ ਖੋਲ੍ਹ, ਦਾਤਣ ਦੀ ਵੇਲਾ ਸਾਡੀ ਹੋਈ ਮਹਾਰਾਜ।’ ਰਾਧਾ ਅੱਗੋਂ ਕਹਿੰਦੀ ਹੈ ਕਿ ਤੂੰ ਚੁੱਪ ਕਰ ਕੇ ਸੌਂ ਜਾ, ਅਜੇ ਤਾਂ ਅੱਧੀ ਰਾਤ ਹੈ। ਹੁਣ ਦੇਖੋ ਇੱਥੇ ਕ੍ਰਿਸ਼ਨ ਸਾਧਾਰਨ ਬੰਦੇ ਦੇ ਰੂਪ ਦੇ ਵਿਚ ਹੈ। ਉਹ ਰਾਧਾ ਨਾਲ ਨਾਰਾਜ਼ ਹੋ ਜਾਂਦਾ ਹੈ ਤੇ ਉਸ ਨਾਲ ਬੋਲਦਾ ਨਹੀਂ। ਇਸ ਕਾਰਨ ਰਾਧਾ ਆਪਣੇ ਪੇਕੇ ਚੱਲੀ ਹੈ। ਰਸਤੇ ਵਿਚ ਨਦੀ ਆਉਂਦੀ ਹੈ ਤਾਂ ਰਾਧਾ ਕ੍ਰਿਸ਼ਨ ਨੂੰ ਕਹਿੰਦੀ ਹੈ ਕਿ ਮੈਨੂੰ ਪਾਰ ਲੰਘਾ। ਇਸ ਉੱਪਰ ਕ੍ਰਿਸ਼ਨ ਜਵਾਬ ਦਿੰਦਾ ਹੈ ਕਿ ‘ਉਹ ਤਾਂ ਵੇਲਾ ਕਰ ਲੈ ਯਾਦ, ਦਾਤਣ ਦੀ ਵੇਲਾ ਸਾਡੀ ਨਾ ਹੋਈ ਮਹਾਰਾਜ’ ਹੁਣ ਇਹ ਗੱਲ ਵੇਦਾਂ ਪੁਰਾਣਾਂ ‘ਚੋਂ ਕਿਤੋਂ ਵੀ ਨਹੀਂ ਮਿਲਦੀ।
ਇੱਥੇ ਇਹ ਦੱਸਣਾ ਵੀ ਮਹੱਤਵ ਪੂਰਨ ਹੈ ਕਿ ਖੇਤਰ ਵਿਚ ਜਾ ਕੇ ਕੰਮ ਦੀ ਸਮਝ ਕਿਵੇਂ ਪੈਦਾ ਹੁੰਦੀ ਹੈ। ਮੈਨੂੰ ਜਦੋਂ ਸਵੇਰ ਨਾਲ ਸੰਬੰਧਿਤ ਇਹ ਗੀਤ ਮਿਲੇ ਤਾਂ ਮੈਂ ਸ਼ਾਮ ਦੇ ਗੀਤ ਵੀ ਇਕੱਠੇ ਕਰਨ ਬਾਰੇ ਸੋਚਿਆ ਕਿਉਂਕਿ ਮੇਰਾ ਮਨ ਕਹਿੰਦਾ ਸੀ ਕਿ ਜੇ ਸਵੇਰ ਦੇ ਗੀਤ ਮਿਲਦੇ ਹਨ ਤਾਂ ਸ਼ਾਮ ਦੇ ਗੀਤ ਵੀ ਜ਼ਰੂਰ ਹੋਣੇ ਚਾਹੀਦੇ ਹਨ। ਖ਼ੈਰ! ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਇਸੇ ਇਲਾਕੇ ਦੇ ਇੱਕ ਪਿੰਡ ‘ਚੋਂ ਮੈਨੂੰ ਸ਼ਾਮ ਦੇ ਗੀਤ ਮਿਲੇ। ਇਨ੍ਹਾਂ ਗੀਤਾਂ ਵਿਚ ਉਨ੍ਹਾਂ ਗੀਤਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਹੜੇ ਸ਼ਾਮ ਵੇਲੇ ਗਾਏ ਜਾਂਦੇ ਹਨ। ਉਦਾਹਰਨ ਲਈ ਮੇਰੀ ਇਕ ਚਾਚੀ ਲੱਗਦੀ ਸੀ ਜਿਹੜੀ ਦੀਵਾ ਬਾਲਣ ਸਮੇਂ ਲੋਕਗੀਤ ਗਾਉਂਦੀ ਹੁੰਦੀ ਸੀ। ਉਸਨੇ ਮੈਨੂੰ ਚਾਰ ਪੰਜ ਗੀਤ ਸੁਣਾਏ ਜਿਨ੍ਹਾਂ ਵਿਚੋਂ ਇਕ ਸੀ ਕਿ “ਸੰਝ ਪਈ ਤ੍ਰਿਕਾਲਾਂ ਪਈਆਂ ਤਰਕਾਲ਼ਾਂ ਜੋ ਪਈਆਂ, ਰਾਂਝਣ ਮੰਗਦਾ ਹੈ ਡੇਰਾ। ਸੁਣ ਸਾਲੂ ਵਾਲ਼ੀਏ ਰਾਂਝਣ ਮੰਗਦਾ ਹੈ ਡੇਰਾ। ਤੇਰਾ ਡੇਰਾ ਸਾਡੇ ਨਾ ਬਣਦਾ, ਸਾਡੇ ਨਾ ਬਣਦਾ, ਰਾਜੇ ਦਾ ਮੁਲਕ ਬਥੇਰਾ। ਸੁਣ ਚੀਰੇ ਵਾਲ਼ਿਆ, ਰਾਜੇ ਦਾ ਮੁਲਕ ਬਥੇਰਾ।” ਬਿਰਹ ਘਰ ਹੈਨੀ ਉਹਦਾ ਘਰਵਾਲਾ ‘ਤੇ ਉਹ ਫਿਰਦੀ ਵੇ ਨਾਲ ਗੱਲਾਂ ਕਰਦੀ ਹੈ। ਇਸੇ ਤਰ੍ਹਾਂ ਮੈਨੂੰ ਇੱਕ ਪੈਂਤੀ ਅੱਖਰੀ ਵੀ ਮਿਲੀ। ਉਹ ਪੈਂਤੀ ਅੱਖਰੀ ਤੁਹਾਨੂੰ ਹੋਰ ਕਿਤੇ ਵੀ ਨਹੀਂ ਮਿਲਦੀ। ਇਸ ਤੋਂ ਬਿਨਾਂ ਕੁਝ ਕੁ ‘ਬਾਰਾਮਾਹਂੇ’ ਮਿਲੇ ਹਨ ਭਾਵੇਂ ਬਾਕੀ ਪੰਜਾਬ ਵਿਚੋਂ ਵੀ ਬਾਰਾਮਾਹੇਂ ਮਿਲਦੇ ਹਨ ਪਰ ਜਿਹੜੇ ਸਾਨੂੰ ਇਥੋਂ ਮਿਲੇ  ਉਹ ਹੋਰ ਕਿਤੋਂ ਨਹੀਂ ਮਿਲਦੇ।ਉਂਝ ਪੰਜਾਬੀ ਲੋਕ ਸਾਹਿਤ ਦੇ ਇਕੱਤਰੀਕਰਨ ਵਿਚ ਲੋਕ ਬਾਰਾਂਮਾਹੇਂ ਬਹੁਤ ਘੱਟ ਇਕੱਠੇ ਕੀਤੇ ਗਏ ਹਨ। ਇਸ ਪਾਸੇ ਵੱਲ ਹੋਰ ਧਿਆਨ ਦੀ ਲੋੜ ਹੈ।ਸੋ ਇਸ ਤਰ੍ਹਾਂ ਜਦੋਂ ਮੈਂ ਦੁਆਬੇ ਦੀ ਗੱਲ ਕਰਦਾ ਹਾਂ ਤਾਂ ਇਸ ਤੋਂ ਮੇਰਾ ਭਾਵ ਇਕ ਖ਼ਾਸ ਇਲਾਕੇ ਦੇ ਲੋਕ ਸਾਹਿਤ ਤੋਂ ਹੈ ਜਿਥੋਂ ਮੈਨੂੰ ਬਹੁਤ ਸਾਰੇ ਅਜਿਹੇ ਗੀਤ ਮਿਲੇ ਹਨ ਜਿਹੜੇ ਹੋਰ ਕਿਤੇ ਨਹੀਂ ਮਿਲਦੇ। ਲੋਕਧਾਰਾ ਦੇ ਪ੍ਰਸੰਗ ਵਿਚ ਇਹ ਮੌਲਿਕਤਾ ਤੇ ਵੱਖਰਤਾ ਹੀ ਕਿਸੇ ਖਿੱਤੇ ਦੀ ਵਿਸ਼ੇਸ਼ਤਾ ਹੁੰਦੀ ਹੈ। ਦੁਆਬੇ ਵਿਚ ਮਿਲਦੇ ਗੀਤਾਂ ਨੂੰ ਆਧਾਰ ਬਣਾ ਕੇ ਜਦੋਂ ਦੁਆਬੇ ਦੇ ਲੋਕ ਗੀਤਾਂ ਬਾਰੇ ਅਧਿਐਨ ਕਰਦੇ ਹੋਏ ਤੁਸੀਂ ਡੂੰਘਾਈ ‘ਚ ਜਾ ਕੇ ਦੇਖੋਂਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਗੀਤ ਤੁਹਾਡੇ ਕੋਲ ਅਨੇਕਾਂ ਤਰ੍ਹਾਂ ਦੀਆਂ ਕਹਾਣੀਆਂ, ਰੂਪਾਂ, ਉਚਾਰਾਂ, ਧੁਨੀਆਂ ਤੇ ਭਾਸ਼ਾਈ ਅੰਤਰਾਂ ਵਜੋਂ ਆਪਣੀ ਵੱਖਰਤਾ ਤੇ ਮੌਲਿਕਤਾ ਸਮੇਤ ਰੂਪ ਵੀ ਸਾਹਮਣੇ ਆਉਣਗੇ ਭਾਸ਼ਾਈ ਅੰਤਰ ਵੀ ਆਉਣਗੇ। ਇਸ ਤਰ੍ਹਾਂ ਜੇਕਰ ਸੰਖੇਪ ਵਿਚ ਕਹਿਣਾ ਹੋਵੇ ਤਾਂ ਮੇਰੇ ਕੰਮ ਦਾ ਮੰਤਵ ਲੋਕਧਾਰਾ ਅਤੇ ਲੋਕ ਸਾਹਿਤ ਦੀ ਵਿਸ਼ੇਸ਼ ਖਿੱਤਿਆਂ ਵਿਚ ਮਿਲਦੀ ਅਜਿਹੀ ਮੌਲਿਕਤਾ ਅਤੇ ਵੱਖਰਤਾ ਬਾਰੇ ਸਮਝ ਪੈਦਾ ਕਰਨਾ ਸੀ। ਇਸ ਤਰ੍ਹਾਂ ਮੈਂ ਇਹ ਕੰਮ ਕੀਤਾ ਅਤੇ ਇਹੀ ਮੇਰੇ ਕੰਮ ਦੀ ਵੱਖਰਤਾ ਹੈ।

ਸਵਾਲ : ਲੋਕਧਾਰਾ ਅੰਦਰ ਇਲਾਕੇ ਨੂੰ ਆਧਾਰ ਬਣਾ ਕੇ ਕੰਮ ਕਰਨ ਦੇ ਕੀ ਸੰਭਾਵਿਤ ਫਾਇਦੇ ਤੇ ਖ਼ਤਰੇ ਹੋ ਸਕਦੇ ਹਨ?
ਜਵਾਬ : ਮੈਂ ਜਦ ਤੁਹਾਨੂੰ ਇਹ ਕਹਿੰਦਾ ਹਾਂ ਕਿ ਅਸੀਂ ਇਕ ਖ਼ਾਸ ਖਿੱਤੇ ਨੂੰ ਲੈ ਕੇ ਕੰਮ ਕੀਤਾ ਤਾਂ ਇਸ ਪ੍ਰਸੰਗ ਵਿਚ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਅਜਿਹੇ ਕੰਮ ਦੀਆਂ ਖ਼ੂਬੀਆਂ ਅਤੇ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਖ਼ਾਸ ਸੀਮਾਵਾਂ ਵੀ ਹੁੰਦੀਆਂ ਹਨ। ਅਜਿਹੇ ਕੰਮ ਦੀ ਮੁੱਖ ਵਿਸ਼ੇਸ਼ਤਾ ਹੁੰਦੀ ਹੈ ਕਿ ਤੁਸੀਂ ਇੱਕ ਖ਼ਾਸ ਖਿੱਤੇ ਦਾ ਬਹੁਤ ਚੰਗੀ ਤਰ੍ਹਾਂ, ਨਿੱਠ ਕੇ ਅਤੇ ਡੂੰਘਾ ਅਧਿਐਨ ਕਰ ਸਕਦੇ ਹੋ। ਇਸ ਦੀ ਮੁੱਖ ਸੀਮਾ ਇਸ ਦਾ ਇਲਾਕਾ ਵਾਦ ਦਾ ਸ਼ਿਕਾਰ ਹੋ ਜਾਣ ਦੇ ਖ਼ਤਰੇ ਵਿਚ ਹੁੰਦੀ ਹੈ। ਸਾਡੇ ਲਈ ਚੰਗੀ ਗੱਲ ਇਹ ਸੀ ਕਿ ਮੈਂ ਤੇ ਡਾ. ਨਾਹਰ ਸਿੰਘ ਦੋਵੇਂ ਮਾਰਕਸਵਾਦੀ ਸੀ। ਇਸ ਕਰਕੇ ਸਾਡੇ ਵਿਚੋਂ ਨਾ ਉਹ ਮਾਲਵੇਵਾਦ ਦਾ ਸ਼ਿਕਾਰ ਹੋਇਆ ਤੇ ਨਾ ਮੈਂ ਦੁਆਬੇਵਾਦ ਦਾ ਸ਼ਿਕਾਰ ਹੋਇਆ। ਅਸੀਂ ਇਸ ਕਰਕੇ ਅਧਿਐਨ ਕਰ ਰਹੇ ਸੀ ਕਿ ਅਸੀਂ ਆਪਣੇ-ਆਪਣੇ ਇਲਾਕੇ ਨੂੰ ਚੰਗੀ ਤਰ੍ਹਾਂ ਜਾਨਣਾ ਚਾਹੁੰਦੇ ਸੀ। ਅਸੀਂ ਇਹ ਇਲਾਕੇ ਇਸ ਲਈ ਚੁਣੇ ਕਿਉਂਕਿ ਅਸੀਂ ਇਥੋਂ ਦੇ ਜੰਮਪਲ ਹਾਂ। ਸਾਨੂੰ ਇੱਥੋਂ ਦੀਆਂ ਜ਼ਮੀਨੀ ਹਕੀਕਤਾਂ ਦਾ ਪਤਾ ਹੈ। ਇਸ ਕਰਕੇ ਅਸੀਂ ਅਧਿਐਨ ਕਰ ਰਹੇ ਸੀ। ਇਸ ਕਰਕੇ ਨਹੀਂ ਕਿ ਅਸੀਂ ਦੁਆਬੇ ਜਾਂ ਮਾਲਵੇ ਨੂੰ ਉਭਾਰਨਾ (highlight) ਸੀ। ਪੰਜਾਬੀ ਵਿਚ ਇਸ ਤਰ੍ਹਾਂ ਹੋਇਆ ਹੈ। ਉਦਾਹਰਨ ਲਈ ਜਿਸ ਤਰ੍ਹਾਂ ਅਣਖੀ ਨੇ ਕਿਤੇ ਕਹਿ ਦਿੱਤਾ ਸੀ ਕਿ ਮਲਵਈ ਹੁਣ ਕੇਂਦਰੀ ਭਾਸ਼ਾ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿਚ ਇਕ ਵਾਰ ਮੇਰੇ ਨਾਲ ਵੀ ਉਹਨਾਂ ਦਾ ਪੰਗਾ ਪੈ ਗਿਆ ਸੀ। ਮੈਂ ਕਿਹਾ ਬਈ ਇਸ ਤਰ੍ਹਾਂ ਨਹੀਂ ਹੁੰਦਾ। ਉਹ ਕਹਿੰਦਾ ਕਿ ਦੁਆਬੀ ਬੋਲੀ ਮਲਵਈ ਤੋਂ ਵੱਖਰੀ ਹੀ ਨਹੀਂ ਹੈ। ਮੈਂ ਕਿਹਾ ਕਿ ਜੇ ਮਲਵਈ ਤੇ ਦੁਆਬੀ ਵੱਖਰੀਆਂ ਨਹੀਂ ਹਨ ਤਾਂ ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਦੁਆਬੀ ਨੂੰ ਮਲਵਈ ਕਹਿਣ ਦੀ ਬਜਾਇ ਮਲਵਈ ਨੂੰ ਦੁਆਬੀ ਕਹਿ ਲੈਂਦੇ ਹਾਂ। ਖ਼ੈਰ! ਉਹ ਮੁੱਦਾ ਉਹਨਾਂ ਦੇ ਨਾਲ ਹੀ ਚਲਾ ਗਿਆ। ਉਹਨਾਂ ਨੇ ਇਸ ਸੰਬੰਧ ਵਿਚ ਬਹੁਤਾ ਰੌਲਾ ਪਾਇਆ ਸੀ। ਸੋ ਅਜਿਹੇ ਅਧਿਐਨਾਂ ਵਿਚ ਵਿਸ਼ੇਸ਼ ਤੌਰ ‘ਤੇ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਅਧਿਐਨ ਤੇ ਅਧਿਐਨ ਕਰਤਾ, ਦੋਵਾਂ ਵਿਚੋਂ ਕੋਈ ਵੀ, ਇਲਾਕਾਵਾਦ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਇਸ ਗੱਲ ਲਈ ਮੈਂ ਤੇ ਨਾਹਰ ਅਸੀਂ ਦੋਵੇਂ ਸੁਚੇਤ ਸੀ।

ਸਵਾਲ : ਤੁਹਾਡੇ ਲੋਕਗੀਤ ਸੰਗ੍ਰਹਿਆਂ ਦਾ ਵਰਗੀਕਰਨ ਰੂਪ ਜਾਂ ਵਿਸ਼ੇ ਦੇ ਆਧਾਰ ਉੱਪਰ ਨਾ ਹੋ ਕੇ ਕਾਵਿਕ ਹੈ। ਇਸਦਾ ਕੀ ਕਾਰਨ ਹੈ?
ਜਵਾਬ : ਇਸ ਸੰਬੰਧ ਵਿਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਨਹੀਂ ਪਤਾ ਕਿ ਮੈਂ ਇਹ ਸਮਝਾ ਨਹੀਂ ਸਕਿਆ ਜਾਂ ਕਿਸੇ ਨੂੰ ਸਮਝ ਕਿਉਂ ਨਹੀਂ ਆਈ ਕਿ ਮੇਰਾ ਸਾਰਾ ਵਰਗੀਕਰਨ ਰੂਪ ਅਤੇ ਵਿਸ਼ੇ ਦੇ ਆਧਾਰ ਉੱਪਰ ਹੈ। ਮੇਰੇ ਸੰਗ੍ਰਹਿਆਂ ਵਿਚ ਸ਼ਾਮਿਲ ਗੀਤਾਂ ਦੇ ਕੇਵਲ ਸਿਰਲੇਖ ਹੀ ਗੀਤਾਂ ‘ਚੋਂ ਕੱਢ ਕੇ ਰੱਖੇ ਗਏ ਹਨ। ਇਸ ਵਰਗੀਕਰਨ ਦੀ ਵਿਉਂਤ ਬਾਰੇ ਵੀ ਤੁਹਾਨੂੰ ਦੱਸ ਦਿੰਦਾ ਹਾਂ। ਇਸ ਵਿਚ ਪਹਿਲਾਂ ਮੈਂ ‘ਗੌਣ’ ਲਏ ਹਨ। ਇਨ੍ਹਾਂ ਗੌਣਾਂ ਵਿਚ ‘ਮਾਂ-ਧੀ’, ‘ਦਿਉਰ-ਭਰਜਾਈ’, ‘ਪਤੀ-ਪਤਨੀ’, ‘ਜੇਠ-ਭਰਜਾਈ’,’ ਨੂੰਹ-ਸਹੁਰਾ’ ਆਦਿ ਰਿਸ਼ਤਿਆਂ ਨਾਲ ਸੰਬੰਧਿਤ ਗੌਣਾਂ ਦੇ ਕੇਵਲ ਸਿਰਲੇਖ ਹੀ ਕਾਵਿਕ ਰੱਖੇ ਗਏ ਹਨ। ਸਿਰਲੇਖਾਂ ਤੋਂ ਬਿਨਾਂ ਜੇ ਤੁਸੀਂ ਧਿਆਨ ਦੇਵੋਗੇ ਤਾਂ ਸਾਰਾ ਵਰਗੀਕਰਨ ਲੋਕ ਗੀਤਾਂ ਦੇ ਰੂਪ ਅਤੇ ਵਿਸ਼ੇ ਦੇ ਅਨੁਸਾਰ ਕੀਤਾ ਗਿਆ ਹੈ। ਇਸ ਕਰਕੇ ਇਸ ਵਰਗੀਕਰਨ ਨੂੰ ਇਸ ਤਰ੍ਹਾਂ ਨਹੀ ਲੈਣਾ ਚਾਹੀਦਾ ਕਿ ਇਹ ਵਰਗੀਕਰਨ ਕਾਵਿਕ ਹੈ। ਮੇਰੀਆਂ ਕਿਤਾਬਾਂ ਦੇ ਸਿਰਲੇਖ ਵੀ ਕਾਵਿਕ ਹਨ। ਉਹ ਵੀ ਲੋਕ ਗੀਤਾਂ ਜਾਂ ਕਿਸੇ ਵਿਸ਼ੇਸ਼ ਲੋਕ ਗੀਤ ਦੀ ਮੁੱਖ ਸੁਰ ਦੇ ਆਧਾਰ ਉੱਪਰ ਬਣਾਏ ਗਏ ਹਨ। ਇਸ ਤਰ੍ਹਾਂ ਕਿਤਾਬਾਂ ਤੇ ਵਰਗੀਕਰਨ ਦੇ ਸਿਰਲੇਖ ਬਾਹਰੋਂ ਨਹੀਂ ਲਏ ਗਏ। ਇਹ ਮੇਰਾ ਆਪਣਾ ਹੀ ਅਨੁਭਵ ਤੇ ਸ਼ੈਲੀ ਹੈ। ਮੈਨੂੰ ਅਨੁਭਵ ਹੋਇਆ ਕਿ ਕਿਤਾਬਾਂ ਦੇ ਨਾਮ ਅਤੇ ਵਰਗੀਕਰਨ ਦਾ ਆਧਾਰ ਲੋਕ ਗੀਤ ਹੀ ਹੋਣੇ ਚਾਹੀਦੇ ਹਨ। ਇੰਨਾ ਹੀ ਨਹੀਂ ਤੁਸੀਂ ਇਹ ਵੀ ਦੇਖੋਗੇ ਕਿ ਮੇਰੇ ਸੰਗ੍ਰਹਿਆਂ ਵਿਚ ਘੋੜੀਆਂ ਵੱਖਰੀਆਂ ਹਨ ਤੇ ਸੁਹਾਗ ਵੱਖਰੇ ਹਨ। ਇਸੇ ਤਰ੍ਹਾਂ ਇਨ੍ਹਾਂ ਵਿਚ ਸਿੱਠਣੀਆਂ ਵੱਖਰੀਆਂ ਹਨ ਤੇ ਵਿਅੰਗ ਗੀਤ ਵੱਖਰੇ ਹਨ। ਸੋ ਇਹ ਸਾਰਾ ਵਰਗੀਕਰਨ ਰੂਪ ਅਤੇ ਵਿਸ਼ੇ ਦੇ ਮੁਤਾਬਿਕ ਹੀ ਹੈ।

ਸਵਾਲ : ਤੁਹਾਡੀਆਂ ਕਿਤਾਬਾਂ’ ਲੋਕ ਗੀਤਾਂ ਦੀ ਪੈੜ’ ਅਤੇ ‘ਲੋਕ ਗੀਤਾਂ ਦੇ ਨਾਲ਼ ਨਾਲ਼’ ਵਿਚ ਤੁਸੀਂ ਇੱਕ-ਇੱਕ ਗੀਤ ਦੀ ਉਸਦੇ ਵਿਸ਼ੇ ਨੂੰ ਆਧਾਰ ਬਣਾ ਕੇ ਬਿਰਤਾਂਤਕ ਪੇਸ਼ਕਾਰੀ ਕੀਤੀ ਹੈ। ਤੁਸੀਂ ਇਨ੍ਹਾਂ ਕਿਤਾਬਾਂ ਵਿਚ ਕਿਸੇ ਵੀ ਗੀਤ ਦਾ ਭਾਸ਼ਾ ਵਿਗਿਆਨਕ, ਮਾਨਵ ਵਿਗਿਆਨਕ, ਰੂਪ ਆਦਿ ਦੇ ਆਧਾਰ ਉੱਪਰ ਅਧਿਐਨ ਨਹੀਂ ਕੀਤਾ। ਇਸਦਾ ਕੀ ਕਾਰਨ ਹੈ?

ਜਵਾਬ : ਨਹੀਂ, ਨਹੀਂ, ਇਸ ਤਰ੍ਹਾਂ ਨਹੀਂ ਹੈ। ਇਸਦੇ ਵਿਚ ਵੀ ਪਹਿਲੇ ਸਵਾਲ ਵਾਲਾ ਹੀ ਭੁਲੇਖਾ ਹੈ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਉਨ੍ਹਾਂ ਗੀਤਾਂ ਦੀ ਬਿਰਤਾਂਤਕ ਪੇਸ਼ਕਾਰੀ ਸਮੇਂ ਮੈਂ ਕੱਲੀ-ਕੱਲੀ ਸਤਰ ਲਈ ਹੈ। ਉਨ੍ਹਾਂ ਸਤਰਾਂ ਦੀ ਵਿਆਖਿਆ ਸਮੇਂ ਭਾਸ਼ਾ ਵਿਗਿਆਨਕ, ਸਮਾਜ ਸ਼ਾਸਤਰੀ, ਮਾਨਵਵਿਗਿਆਨਕ ਆਦਿ ਪਹੁੰਚਾਂ ਨੂੰ ਆਧਾਰ ਬਣਾਇਆ ਗਿਆ ਹੈ। ਕਿਸੇ ਗੀਤ ਦੇ ਵਿਚ ਜੇਕਰ ਕੋਈ ਅਜਿਹਾ ਸ਼ਬਦ ਵਰਤਿਆ ਗਿਆ ਹੈ ਜਿਹੜਾ ਨਵਾਂ ਹੈ ਤਾਂ ਉਸਦੀ ਵਰਤੋਂ ਦੇ ਯੋਗ ਸੰਦਰਭ ਤਲਾਸ਼ਣ ਦਾ ਯਤਨ ਵੀ ਕੀਤਾ ਹੈ। ਜਿਵੇਂ ਕਿ ਸ਼ਿਵ ਜੀ ਨਾਲ ਜੁੜੀਆਂ ਸਿੱਠਣੀਆਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਇਸ ਸੰਬੰਧ ਵਿਚ ਮੈਂ ਚਰਚਾ ਕੀਤੀ ਹੈ ਕਿ ਸ਼ਿਵ ਜੀ ਪੂਰਵ ਆਰੀਆ ਦੇਵਤਾ ਹੈ, ਜਿਸ ਕਰਕੇ ਉਸਦੀ ਜਾਤ ਪੁਣੀ ਗਈ ਹੈ (ਤੇਰੀ ਤਾਂ ਜਾਤ ਨਹੀਂ ਵੇ ਸ਼ਿਵਜੀ, ਤੇਰੀ ਤਾਂ ਜਾਤ ਨਹੀਂ)। ਇਸੇ ਤਰ੍ਹਾਂ ਜਿੱਥੇ ਸਭਿਆਚਾਰਕ ਪ੍ਰਤੀਕ ਆਉਂਦੇ ਹਨ, ਉਨ੍ਹਾਂ ਦਾ ਅਧਿਐਨ ਵੀ ਕੀਤਾ ਗਿਆ ਹੈ। ਉਦਾਹਰਨ ਲਈ  ‘ਨਿੰਬੂ’ ਜਾਂ ਅਜਿਹੇ ਦੂਜੇ ਪ੍ਰਤੀਕ ਹਨ ਜਿੱਥੇ ਔਰਤ ਦੇ ਮਨੋਵਿਗਿਆਨ ਦਾ ਮਸਲਾ ਹੈ। ਇੱਥੇ ਔਰਤ ਦੀ ਮਨੋਵਿਗਿਆਨਕ ਸਥਿਤੀ ਨੂੰ ਸਮਝਣ ਲਈ ਮਨੋਵਿਗਿਆਨਕ ਅਧਿਐਨ ਕੀਤਾ ਹੈ। ਸੰਖੇਪ ਵਿਚ ਇਸ ਕਿਤਾਬ ਵਿਚ ਇੱਕੋ ਵੇਲੇ ਮਨੋਵਿਗਿਆਨਕ, ਸਮਾਜ ਵਿਗਿਆਨਕ, ਮਾਨਵ ਵਿਗਿਆਨਕ ਜਾਂ ਅਧਿਐਨ ਦਾ ਜਿਹੜਾ ਵੀ ਕੋਈ ਹੋਰ ਪਰਿਪੇਖ ਬਣਦਾ ਸੀ, ਉਸੇ ਕੋਣ ਤੋਂ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਣੀ ਪਹੁੰਚ ਮੁਤਾਬਿਕ ਮੈਂ ਇਨ੍ਹਾਂ ਗੀਤਾਂ ਦੇ ਭਾਰਤੀ ਦਰਸ਼ਨ ਦੇ ਪਿਛੋਕੜ ਤੱਕ ਵੀ ਗਿਆ ਹਾਂ। ਮੇਰੇ ‘ਅਗਨੀ ਪੂਜਾ’ ਵਾਲੇ ਲੇਖ ਵਿਚ ਸਾਰਾ ਮਾਨਵ ਵਿਗਿਆਨਕ ਅਧਿਐਨ ਪੇਸ਼ ਕੀਤਾ ਗਿਆ ਹੈ। ਸੋ ਇਸ ਤਰ੍ਹਾਂ ਇਸਦੇ ਵਿਚ ਵੀ ਨਵੀਂ ਗੱਲ ਇਹ ਸੀ ਕਿ ਲੋਕ ਗੀਤ ਇਕੱਠੇ ਹੋ ਚੁੱਕੇ ਸੀ। ਮੈਂ ਬਾਅਦ ਵਿਚ ਕਾਲਪਨਿਕ ਪੱਧਰ ‘ਤੇ ਉਨ੍ਹਾਂ ਦੀ ਦੁਬਾਰਾ ਸਿਰਜਣਾ ਕੀਤੀ। ਸੋ ਇਸਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਉਹ ਸਿਰਫ਼ ਬਿਰਤਾਂਤ ਹੀ ਹੈ। ਇਨ੍ਹਾਂ ਅਧਿਐਨਾਂ ਵਿਚ ਸਮਾਜਿਕ ਪ੍ਰਸੰਗਾਂ ‘ਚ ਇਸਤਰੀ ਦੇ ਮਨੋਵਿਗਿਆਨ ਦੀ ਪੇਸ਼ਕਾਰੀ ਹੈ। ਇਹ ਠੀਕ ਹੈ ਕਿ ਸਾਰਿਆਂ ਨੂੰ ਸਮਝਾਉਣ ਲਈ ਮੈਂ ਬਹੁਤ ਆਸਾਨ ਢੰਗ ਨਾਲ ਗੱਲ ਕੀਤੀ ਹੈ ਲੇਕਿਨ ਬਰੀਕੀ ਤੇ ਪਿਛੋਕੜ ‘ਚ ਸਾਰੀਆਂ ਚੀਜ਼ਾਂ ਹੀ ਸ਼ਾਮਿਲ ਹਨ।

ਸਵਾਲ : ਤੁਸੀਂ ਆਪਣੇ ਸੰਗ੍ਰਹਿਆਂ ਦੀ ਭੂਮਿਕਾ ਵਿਚਲਿਖਿਆ ਹੈ ਕਿ ਮੈਂ ਲੋਕ ਗੀਤਾਂ ਨੂੰ ਹੂ-ਬ-ਹੂ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਇਸਦੇ ਨਾਲ ਹੀ ਤੁਸੀਂ ਕਿਹਾ ਕਿ ਦੁਆਬੀ ਦੇ ਲਹਿਜੇ ਨੂੰ ਲਿਖਣ ਦੀ ਪੱਧਰ ‘ਤੇ ਸਾਕਾਰ ਕਰਨਾ ਕਾਫ਼ੀ ਔਖ਼ਾ ਹੈ। ਮੇਰਾ ਸਵਾਲ ਹੈ ਕਿ ਕੀ ਲੋਕਧਾਰਾ ਦੇ ਕਿਸੇ ਮੌਖਿਕ ਪਾਠ ਦੀ ਲਿਖਤੀ ਰੂਪ ਵਿਚ ਹੂ-ਬ-ਹੂ ਪ੍ਰਸਤੁਤੀ ਹੋ ਸਕਦੀ ਹੈ?

ਜਵਾਬ : ਇਸਦਾ ਸਿੱਧਾ ਜਿਹਾ ਜਵਾਬ ਹੈ ਕਿ ਹਾਂ, ਹੋ ਸਕਦੀ ਹੈ। ਇਸਦਾ ਕਾਰਨ ਹੈ ਕਿ ਦੁਆਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਵਿਚ ਕੋਈ ਵੱਡੀ ਸਮੱਸਿਆ ਨਹੀਂ ਆਉਂਦੀ। ਦੁਆਬੀ ਭਾਸ਼ਾ ਦਾ ਸਿਰਫ਼ ਇਕ ਅੱਧਾ ਸ਼ਬਦ ਸੀ ਜਿਸਦਾ ਲਹਿਜਾ ਲਿਖਤ ਵਿਚ ਨਹੀਂ ਆਦਾ ਸੀ। ਜੇ ਤੁਸੀਂ ਮੇਰੀਆਂ ਪਹਿਲੀਆਂ ਕਿਤਾਬਾਂ ਦੇਖੀਆਂ ਹਨ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਸਦੇ ‘ਚ ਕਈ ਥਾਵਾਂ ਉੱਪਰ ਪੈਰ ‘ਚ ਹਾਹਾ ਪਾ ਕੇ ਲਿਖਿਆ ਗਿਆ ਹੈ। ਜਿਵੇਂ ਸ੍ਹੇਰਾ, ਪ੍ਹੌਂਚ ਪ੍ਹੈਨਣ ਆਦਿ। ਖ਼ੈਰ! ਇਨ੍ਹਾਂ ਕਿਤਾਬਾਂ ਵਿਚ ਤੁਸੀਂ ਦੇਖੋਗੇ ਕਿ ਕਈ ਥਾਂਵਾ ਉੱਪਰ ਹਾਹਾ ਪਾਉਣਾ ਕਾਫ਼ੀ ਔਖਾ ਸੀ। ਇਸਦਾ ਕਾਰਨ ਸੀ ਕਿ ਇਕ ਅੱਖਰ ‘ਤੇ ਉਚਾਰਨ ਮੁਤਾਬਿਕ ਮਾਤਰਾ ਵੀ ਲੱਗਦੀ ਸੀ ਤੇ ਲਹਿਜੇ ਮੁਤਾਬਿਕ ਪੈਰ ਹਾਹਾ ਵੀ ਪਾਉਣਾ ਪੈਂਦਾ ਸੀ। ਪਹਿਲਾਂ ਪਹਿਲ ਤਕਨੀਕੀ ਕਾਰਨਾਂ ਕਰਕੇ ਤੇ ਕੇਂਦਰੀ ਪੰਜਾਬੀ ਦੇ ਸ਼ਬਦ ਜੋੜਾਂ ਦੇ ਆਦੀ ਹੋਣ ਕਾਰਨ ਥੋੜ੍ਹਾ ਜਿਹਾ ਔਖਾ ਲੱਗਿਆ। “ਮਿੱਟੀ ਦੀ ਮਹਿਕ” ਛਾਪਦਿਆਂ ਰਵੀ ਸਾਹਿਤ ਪ੍ਰਕਾਸ਼ਨ ਦੇ ਮੋਹਨ ਸਿੰਘ ਰਾਹੀ ਹੋਰਾਂ ਅੱਖਰ ਤੋੜ ਤੋੜ ਕੇ ਹੇਠਾਂ ਹਾਹੇ ਲਾਏ। ਲੇਕਿਨ ਹੁਣ ਕੰਪਿਊਟਰ ਵਿਚ ਇਹ ਸਮੱਸਿਆ ਨਹੀਂ ਰਹੀ। ਸੋ ਐਸੀ ਗੱਲ ਨਹੀਂ ਹੈ ਕਿ ਨਹੀਂ ਹੋ ਸਕਦਾ ਸਗੋਂ ਜਦੋਂ ਕਰਨਾ ਹੋਵੇ ਤਾਂ ਬੜਾ ਕੁੱਝ ਹੋ ਸਕਦਾ ਹੈ। ਤੁਸੀਂ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖੋ। ਉਸਨੇ ਅਨੇਕਾਂ ਚਿੰਨ੍ਹ ਨਵੇਂ ਘੜੇ ਸੀ। ਪਰ ਲੋਕ ਗੀਤਾਂ ‘ਚ ਸਾਨੂੰ ਜ਼ਿਆਦਾ ਲੋੜ ਨਹੀਂ ਹੈ ਕਿਉਂਕਿ ਉਹ ਤਾਂ ਸਾਰੇ ਹੀ ਲੋਕ ਭਾਸ਼ਾ ‘ਚ ਹਨ। ਇਸ ਲਈ ਆਸਾਨੀ ਨਾਲ ਪੜ੍ਹੇ-ਲਿਖੇ ਜਾ ਸਕਦੇ ਹਨ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਲਿਖੇ ਨਹੀਂ ਜਾ ਸਕਦੇ। ਇਹ ਲਿਖੇ ਜਾ ਸਕਦੇ ਹਨ ਲੇਕਿਨ ਥੋੜ੍ਹੀ ਕੋਸ਼ਿਸ਼ ਕਰਨੀ ਪੈਂਦੀ ਹੈ।

ਸਵਾਲ : ਮੈਂ ਤੁਹਾਡੇ ਤਕਰੀਬਨ ਸਾਰੇ ਲੋਕ ਗੀਤ ਸੰਗ੍ਰਹਿ ਪੜ੍ਹੇ ਹਨ। ਇਨ੍ਹਾਂ ਸੰਗ੍ਰਹਿਆਂ ਵਿਚ ਕੁੱਝ ਕੁ ਗੀਤਾਂ ਨੂੰ ਛੱਡ ਕੇ ਦੁਆਬੀ ਬੋਲੀ ਦੀ ਵਿਸ਼ੇਸ਼ ਸ਼ਬਦਾਵਲੀ, ਮੁਹਾਵਰੇ ਤੇ ਲੈਅ ਦਾ ਅਨੁਭਵ ਨਹੀਂ ਹੋਇਆ। ਇਨ੍ਹਾਂ ਗੀਤਾਂ ਦੀ ਭਾਸ਼ਾ ਮੈਨੂੰ ਮਲਵਈ ਬੋਲੀ ਦੇ ਕਾਫ਼ੀ ਨੇੜੇ ਲੱਗੀ। ਕੀ ਇਸਦੇ ਕਾਰਨ ਲੋਕਧਾਰਾਈ ਪਾਠ ਦੇ ਲਿਖਤ ਰੂਪ ਵਿਚ ਆਉਣ ਨਾਲ ਵਾਪਰਨ ਵਾਲੇ ਪਰਿਵਰਤਨ ਹਨ ਜਾਂ ਇਸਦਾ ਕੋਈ ਹੋਰ ਕਾਰਨ ਵੀ ਹੈ?

ਜਵਾਬ: ਨਹੀਂ, ਨਹੀਂ। ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈ। ਇਨ੍ਹਾਂ ਗੀਤਾਂ ਨੂੰ ਲਿਖਤ ਰੂਪ ਵਿਚ ਲਿਆਉਣ ਨਾਲ ਇਸ ਤਰ੍ਹਾਂ ਦਾ ਕੋਈ ਪਰਿਵਰਤਨ ਨਹੀਂ ਆਇਆ। ਇਸ ਸੰਬੰਧ ਵਿਚ ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਦੁਆਬੀ ਵਾਰਤਕ, ਕਵਿਤਾ ਤੇ ਲੋਕ ਗੀਤ ਵਿਚ ਵੱਖਰੀ-ਵੱਖਰੀ ਹੈ। ਇਸਦਾ ਕਾਰਨ ਹੈ ਕਿ ਬੋਲਚਾਲ ਅਤੇ ਲੋਕਗੀਤ ਵਿਚ ਭਾਸ਼ਾ ਤੇ ਸ਼ਬਦਾਂ ਦੀ ਪ੍ਰਕਿਰਤੀ ਬਦਲ ਜਾਂਦੀ ਹੈ ਕਿਉਂ ਕਿ ਲੋਕ ਗੀਤ ਵਿਚ ਲੈਅ ਸ਼ਾਮਿਲ ਹੁੰਦੀ ਹੈ। ਇਸ ਲੈਅ ਦੇ ਮੁਤਾਬਿਕ ਹੀ ਭਾਸ਼ਾ ਵਿਚਲੀ ਸੁਰ ਨੇ ਉੱਚਾ ਜਾਂ ਨੀਵਾਂ ਹੋਣਾ ਹੁੰਦਾ ਹੈ। ਜੇਕਰ ਤੁਸੀਂ ਅਜਿਹੀ ਵਿਸ਼ੇਸ਼ ਮੁਹਾਂਦਰੇ ਵਾਲੀ ਸ਼ਬਦਾਵਲੀ ਦੇਖਣੀ ਹੈ ਕਿ ਕਿਹੜੀ-ਕਿਹੜੀ ਆਈ ਹੈ ਤਾਂ ‘ਮਿੱਟੀ ਦੀ ਮਹਿਕ’ ਦੇ ਅਖ਼ੀਰ ‘ਤੇ ਕੁੱਝ ਸ਼ਬਦ ਦਿੱਤੇ ਹੋਏ ਹਨ। ਇਸੇ ਤਰ੍ਹਾਂ ‘ਧਰਤ ਦੁਆਬੇ ਦੀ’ ਕਿਤਾਬ ‘ਚ ਦੁਆਬੀ ਉਪ ਭਾਸ਼ਾ ਬਾਰੇ ਇਕ ਆਰਟੀਕਲ ਹੈ। ਉਥੋਂ ਤੁਹਾਨੂੰ ਅੰਤਰ ਸਪੱਸ਼ਟ ਹੋ ਜਾਵੇਗਾ। ਉਦਾਹਰਨ ਲਈ ਹੁਣ ‘ਢੂਣ ਮ ਢੂਣੀ ਬੇਰੀ ਉਹਦੇ ਕੌੜੇ ਮਿੱਠੇ ਬੇਰ’ ਨੂੰ ਲੈ ਲਓ। ਇਹ ਸ਼ਬਦ ‘ਢੂਣਮਢੂਣੀ’ ਪੰਜਾਬ’ ਚ ਹੋਰ ਕਿਤੇ ਨਹੀਂ ਵਰਤਿਆ ਜਾਂਦਾ, ਉਹ ਸਿਰਫ਼ ਇੱਥੇ ਹੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਗੀਤਾਂ ਵਿਚ ਅਜਿਹੇ ਬਹੁਤ ਸਾਰੇ ਸ਼ਬਦ ਆਉਣਗੇ ਜਿਹੜੇ ਸਿਰਫ਼ ਦੁਆਬੀ ਦੇ ਹਨ। ਦੂਸਰੀ ਗੱਲ ਕਿ ਅਸੀਂ ਲੈਅ ਨੂੰ ਲਿਖਤ ਵਿਚ ਲਿਆਉਣ ਉੱਪਰ ਕੋਈ ਵਿਸ਼ੇਸ਼ ਤਰੱਦਦ ਨਹੀਂ ਕੀਤਾ ਹੈ। ਸਾਡੀ ਸਮੱਸਿਆ ਇਹ ਵੀ ਹੈ ਕਿ ਅਜੇ ਅਸੀਂ ਇਸ ਤਰ੍ਹਾਂ ਦੀਆਂ ਨੋਟੇਸ਼ਨਾਂ ਨਹੀਂ ਬਣਾਈਆਂ ਜਿਨ੍ਹਾਂ ਰਾਹੀਂ ਲੈਅ ਨੂੰ ਦਰਸਾਇਆ ਜਾ ਸਕੇ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਮਾਲਵੇ ਨਾਲੋਂ ਦੁਆਬੇ ਦੇ ਲੋਕ ਗੀਤਾਂ ਦੀ ਲੈਅ ਬਹੁਤ ਵੰਨਗੀ ਦੀ ਹੈ। ਉਥੇ ਘੋੜੀਆਂ, ਸੁਹਾਗ, ਗੌਣ ਆਦਿ ਦੀ ਇਕ ਖ਼ਾਸ ਟੋਨ ਹੈ। ਸੋ ਇਸ ਤਰ੍ਹਾਂ ਮੈਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਉਚਾਰ ਨੂੰ ਲਿਖਤ ਵਿਚ ਪ੍ਰਗਟ ਕਰਨ ਦੇ ਕੀ-ਕੀ ਢੰਗ ਹੋ ਸਕਦੇ ਹਨ। ਇਨ੍ਹਾਂ ਦੀਆਂ ਨੋਟੇਸ਼ਨਾਂ ਕੀ ਹਨ। ਇਸ ਸੰਬੰਧ ਵਿਚ ਸੰਗੀਤਕਾਰਾਂ ਨਾਲ ਗੱਲ ਕੀਤੀ ਪਰ ਇਹ ਮਸਲਾ ਉਹਨਾਂ ਦੇ ਵੱਸ ਦਾ ਨਹੀਂ ਹੈ। ਲੇਕਿਨ ਮੈਂ ਬਹੁਤ ਹੀ ਯਕੀਨ ਦੇ ਨਾਲ ਇਹ ਕਹਿ ਸਕਦਾਂ ਹਾਂ ਕਿ ਸਾਡੇ ਦੁਆਬੇ ਦੇ ਵਿਚ ਇਸ ਤਰ੍ਹਾਂ ਦੀਆਂ ਮੂਲ ਧੁਨਾਂ ਦੀ ਗਿਣਤੀ ਕਾਫ਼ੀ ਹੋਵੇਗੀ। ਇਨ੍ਹਾਂ ਵਿਚੋਂ ਲਿਖਤ ਵਿਚ ਤਾਂ ਸਿਰਫ਼ ਸ਼ਬਦ ਹੀ ਆਉਂਦੇ ਹਨ। ਇਨ੍ਹਾਂ ਸ਼ਬਦਾਂ ਦੀ ਲੈਅ ਵੀ ਲਿਖਤ ਵਿਚ ਨਹੀਂ ਆਉਂਦੀ। ਸੋ ਗਾਏ ਤੇ ਲਿਖੇ ਦਾ ਇਹ ਅੰਤਰ ਤਾਂ ਰਹਿਣਾ ਹੀ ਹੈ। ਇਸ ਲਈ ਜੋ ਤੁਹਾਨੂੰ ਮਹਿਸੂਸ ਹੋਇਆ ਇਹ ਲਿਖਤ ਤੇ ਬੋਲਚਾਲ ਦਾ ਅੰਤਰ ਹੈ, ਬਾਕੀ ਕੁਸ਼ ਨਹੀਂ ਹੈ।

ਸਵਾਲ : ਲੋਕ ਗੀਤਾਂ ਦੇ ਪਾਠ ਦਾ ਲਿਖਤੀ ਇਕੱਤਰੀਕਰਨ ਕਰਨ ਨਾਲ ਉਨ੍ਹਾਂ ਦਾ ਪ੍ਰਸੰਗ ਗਵਾਚ ਜਾਂਦਾ ਹੈ। ਕੀ ਪ੍ਰਸੰਗ ਤੋਂ ਬਿਨਾਂ ਇਨ੍ਹਾਂ ਗੀਤਾਂ ਦੇ ਅਰਥ ਉਸੇ ਰੂਪ ਵਿਚ ਸਾਕਾਰ ਅਤੇ ਸੰਚਾਰਿਤ ਹੋ ਸਕਦੇ ਹਨ?

ਜਵਾਬ : ਤੁਹਾਡੇ ਇਸ ਸਵਾਲ ਦਾ ਜੇਕਰ ਸਿੱਧਾ ਜਵਾਬ ਦੇਣਾ ਹੋਵੇ ਤਾਂ ਕਹਿਣਾ ਹੋਵੇਗਾ ਕਿ ਨਹੀਂ ਹੋ ਸਕਦਾ। ਲੇਕਿਨ ਇਸਦੇ ਨਾਲ ਹੀ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਜਿਹਾ ਕਿਉਂ ਨਹੀਂ ਹੋ ਸਕਦਾ? ਇਸਦਾ ਕਾਰਨ ਹੈ ਕਿ ਲੋਕ ਗੀਤ ਖ਼ਾਸ ਸਮੇਂ ਅਤੇ ਖ਼ਾਸ ਰਸਮਾਂ-ਰੀਤਾਂ ਨਾਲ ਜੁੜੇ ਹੋਏ ਹੁੰਦੇ ਹਨ। ਉਦਾਹਰਨ ਲਈ ਜੇ ਮੈਂ ਹੁਣ ਤੁਹਾਨੂੰ ਸਿਰਫ਼ ਇਹ ਦੋ ਲਾਈਨਾਂ ਸੁਣਾ ਦਿਆਂ ਕਿ ‘ਆਪਣੇ ਵੀਰੇ ਨੂੰ ਪਖੁਆ ਝੋਲਦੀਆਂ’ ਜਾਂ ਇਹ ਕਹਿ ਦੇਵਾਂ ਕਿ ‘ਸੈਂਤ ਲਖੇਂਦਿਆ ਬਾਹਮਣਾ ਤੈਨੂੰ ਕੀ ਓ ਲੋੜੀਦਾ’ ਤਾਂ ਇਸ ਨਾਲ ਭਾਵ/ਅਰਥ ਦਾ ਪੂਰਾ ਸੰਚਾਰ ਨਹੀਂ ਹੁੰਦਾ। ਹੁਣ ਇਸ ਗੀਤ ਦਾ ਸੰਦਰਭ ਉਸ ਰਸਮ ਨਾਲ ਜੁੜ ਕੇ ਬਣਦਾ ਹੈ ਜਦੋਂ ਵੀਰਾ ਘੋੜੀ ਚੜ੍ਹਦਾ ਹੈ ਤੇ ਭੈਣ ਪੱਲੇ ਨਾਲ ਪੱਖਾ ਝੋਲਦੀ ਹੈ ਭਾਵੇਂ ਸਿਆਲ ਹੀ ਕਿਉਂ ਨਾ ਹੋਵੇ (ਜਦੋਂ ਮੈਂ ਸੁਣਿਆਂ ਸੀ ਓਦੋਂ ਸਿਆਲ ਹੀ ਸੀ)। ਸੋ ਇਸ ਗੀਤ ਦਾ ਉਸ ਖ਼ਾਸ ਸਮੇਂ ਨਾਲ ਜੁੜ ਕੇ ਅਰਥ ਤੇ ਸੰਦਰਭ ਬਣਦਾ ਹੈ।
ਇਸੇ ਤਰ੍ਹਾਂ ਬ੍ਰਾਹਮਣ ਦਲਿਤਾਂ ਦੇ ਘਰੀਂ ਵਿਆਹ ਦੀਆਂ ਰਸਮਾਂ ਕਰਨ ਨਹੀਂ ਜਾਂਦੇ। ਗ੍ਰਹਿ ਸ਼ਾਂਤ ਕਰਨ ਦੀ ਰਸਮ ਲੋਕ ਆਪ ਹੀ ਕਰਦੇ ਹਨ ਤੇ ਨਾਲ਼ ਹੀ ਗੀਤ ਗਾਉਂਦੇ ਹਨ। “ਸੈਂਸ ਲਿਖੇਂਦਿਆ ਬਾਹਮਣਾ ਤੈਨੂੰ ਕੀ ਓ ਲੋੜੀਦਾ” ਸੰਦਰਭ ਬਗੈਰ ਇਸ ਗੀਤ ਦੀ ਸਮਝ ਹੀ ਨਹੀਂ ਆ ਸਕਦੀ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਸੰਦਰਭ ਗੁਆਚ ਜਾਂਦਾ ਹੈ ਤਾਂ ਗੀਤ ਵੀ ਗੁਆਚ ਜਾਂਦਾ ਹੈ। ਹੁਣ ਜਿਵੇਂ ਬੱਚੇ ਦੇ ਜਨਮ ਨਾਲ ਸੰਬੰਧਿਤ ਗੀਤ ਇਕ ਤਰ੍ਹਾਂ ਨਾਲ ਖ਼ਤਮ ਹੀ ਹਨ। ਇਸਦਾ ਕਾਰਨ ਹੈ ਕਿ ਬੱਚੇ ਦਾ ਜਨਮ ਘਰ ਨਹੀਂ ਹੁੰਦਾ ਅਤੇ ਹਸਪਤਾਲ ‘ਚ ਉਹ ਸੰਦਰਭ ਨਹੀਂ ਬਣ ਸਕਦਾ। ਇਸੇ ਤਰ੍ਹਾਂ ਖਾਰੇ ਚੜ੍ਹਨ ਦੀ ਰਸਮ ਨਾਲ ਸੰਬੰਧਿਤ ਲੋਕ ਗੀਤ ਖ਼ਤਮ ਹੋ ਗਏ ਹਨ। ਮੈਂ ਆਲ ਇੰਡੀਆਂ ਰੇਡੀਓ ਵਾਲਿਆਂ ਨਾਲ ਜਾ ਕੇ ਆਪਣੇ ਇਲਾਕੇ ਵਿਚੋਂ ਲਗਭਗ ਸੌ ਗੀਤ ਇਕੱਠੇ ਕਰਵਾਏ। ਇਸ ਦੌਰਾਨ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਕਿਹਾ ਕਿ ਮੈਨੂੰ ਜਨਮ ਨਾਲ ਸੰਬੰਧਿਤ ਕੋਈ ਗੀਤ ਸੁਣਾਓ ਪਰ ਮੈਨੂੰ ਸੌ ਦੇ ਵਿਚੋਂ ਸਿਰਫ਼ ਇਕ ਗੀਤ ਮਿਲਿਆ। ਇਸੇ ਤਰ੍ਹਾਂ ਹੁਣ ਜਦੋਂ ਲੜਕੇ-ਲੜਕੀ ਦਾ ਖਾਰੇ ਚੜਨਾ ਭਾਵ ਨਹਾਉਣਾ ਹੀ ਨਹੀਂ ਰਿਹਾ ਤਾਂ ਉਸ ਨਾਲ ਜੁੜੇ ਗੀਤ ਕਿਵੇਂ ਬਚਣਗੇ? ਪਹਿਲਾਂ ਮਾਮਾ ਨਹਾਉਣ ਸਮੇਂ ਕੁੜੀ ਮੁੰਡੇ ਨੂੰ ਖਾਰਿਓਂ ਚੱਕ ਕੇ ਉਤਾਰਦਾ ਸੀ। ਹੁਣ ਇਹ ਰਸਮ ਉਸ ਤਰ੍ਹਾਂ ਨਹੀਂ ਰਹੀ ਕਿਉਂਕਿ ਹੁਣ ਤਾਂ ਕੁੜੀ ਮੁੰਡਾ ਆਪੇ ਨਹਾ ਆਉਂਦੇ ਹਨ। ਫਿਰ ਗੀਤਾਂ ਦਾ ਕੀ ਮਹੱਤਵ ਰਹਿ ਗਿਆ? ਇਸੇ ਤਰ੍ਹਾਂ ਨਾਨਕੇ ਮੇਲ ਵਿਚ ਹੁਣ ਕਿਸੇ ਨੂੰ ਗੀਤ ਨਹੀਂ ਆਉਂਦੇ, ਫਿਰ ਗੀਤਾਂ ਰਾਹੀਂ ਯੁੱਧ ਕਿਥੋਂ ਲੜਿਆ ਜਾਣਾ ਹੈ? ਸੋ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ।

ਸਵਾਲ : ਜੇਕਰ ਉਪਰੋਕਤ ਸੰਦਰਭ ਵਿਚ ਦੇਖੀਏ ਤਾਂ ਪੰਜਾਬੀ ਲੋਕਧਾਰਾਈ ਸਮੱਗਰੀ ਦੇ ਇਕੱਤਰੀਕਰਨ ਦਾ ਜ਼ਿਆਦਾ ਕੰਮ ਪ੍ਰਸੰਗ ਵਿਹੂਣਾ ਹੀ ਹੈ। ਕੀ ਪ੍ਰਸੰਗ ਤੋਂ ਬਿਨਾ ਲੋਕਧਾਰਾਈ ਪਾਠ ਦਾ ਇਕੱਤਰੀਕਰਨ ਕੋਈ ਮਹੱਤਤਾ ਰੱਖਦਾ ਹੈ?

ਜਵਾਬ:  ਪਾਠ ਦਾ ਇਕੱਤਰੀਕਣ ਵੀ ਬਹੁਤ ਮਹੱਤਵਪੂਰਣ ਹੈ। ਮੈਂ ਤੇ ਨਾਹਰ ਨੇ ਟੈਕਸਚਰ (ਉਚਾਰਣ) ਨੂੰ ਵੀ ਬਚਾਇਆ ਹੈ। ਕੰਟੈਕਸਟ ਨੂੰ ਮੈਂ “ਲੋਕ ਗੀਤਾਂ ਦੀ ਪੈੜ” ਅਤੇ “ਲੋਕ ਗੀਤਾਂ ਦੇ ਨਾਲ਼” ਪੁਸਤਕਾਂ ਵਿਚ ਕਾਫ਼ੀ ਹੱਦ ਤਕ ਬਚਾ ਕੇ ਰੱਖਿਆ ਹੈ। ਚਾਹੀਦਾ ਇਹ ਹੈ ਕਿ ਇਕੱਤਰੀਕਰਣ ਕਰਦੇ ਸਮੇਂ ਸੰਦਰਭਾਂ ਨੂੰ ਵੀ ਖੇਤਰੀ ਕਾਰਜ ਕਰਤਾ ਸੰਭਾਲ਼ਦਾ ਰਹੇ। ਜਦੋਂ ਅਸੀਂ ਖੇਤਰੀ ਕਾਰਜ ਕਰ ਰਹੇ ਸਾਂ ਤਾਂ ਅਸੀਂ ਇਸ ਪਾਸੇ ਪੂਰੇ ਚੇਤੰਨ ਨਹੀਂ ਸਾਂ ਪਰ ਆਉਣ ਵਾਲੇ ਕਾਰਜਕਰਤਾਵਾਂ ਨੂੰ ਅਗਾਊਂ ਅਜਿਹੀ ਤਿਆਰੀ ਨਾਲ਼ ਫੀਲਡ ਵਿਚ ਜਾਣਾ ਚਾਹੀਦਾ ਹੈ.

ਸਵਾਲ : ਤੁਸੀਂ ਕਾਫ਼ੀ ਸਮਾਂ ਹਰਿਆਣਾ ਵਿਚ ਨੌਕਰੀ ਕੀਤੀ। ਇਸ ਦੌਰਾਨ ਕੀ ਤੁਸੀਂ ਹਰਿਆਣੇ ਦੇ ਪੰਜਾਬੀਆਂ ਦੀ ਲੋਕਧਾਰਾ ਬਾਰੇ ਕੋਈ ਖੋਜ ਜਾਂ ਸਰਵੇਖਣ ਆਦਿ ਕੀਤਾ/ਕਰਵਾਇਆ?

ਜਵਾਬ : ਹਾਂ, ਹਰਿਆਣੇ ਦੇ ਗੀਤਾਂ ਉੱਪਰ ਮੈਂ ਕੁੱਝ ਇਕ ਕੰਮ ਕਰਵਾਏ ਹਨ। ਲੇਕਿਨ ਵਿਦਿਆਰਥੀਆਂ ਦੀ ਇਕ ਆਪਣੀ ਸੀਮਾ ਵੀ ਹੁੰਦੀ ਹੈ। ਮੈਂ ਜਨਮ ਦੀਆਂ ਰਸਮਾਂ ਬਾਰੇ ਇਕ ਕੰਮ ਕਰਵਾਇਆ ਸੀ। ਉਸ ਤੋਂ ਇਲਾਵਾ ਮੇਰੇ ਕੁੱਝ ਆਰਟੀਕਲ ਆਏ ਹਨ। ਇਹ ਆਰਟੀਕਲ ਹਰਿਆਣੇ ਦੇ ਲੋਕ ਗੀਤਾਂ ਨੂੰ ਨਵੇਂ ਪੱਖਾਂ ਤੋਂ ਦੇਖਦੇ ਹਨ। ਹੁਣੇ ਮੇਰੀ ਇਕ ਨਵੀਂ ਕਿਤਾਬ ‘ਹਰਿਆਣੇ ਦੇ ਪੰਜਾਬੀ ਲੋਕ ਗੀਤ’ ਆਈ ਹੈ। ਇਸ ਕਿਤਾਬ ਦੀ ਭੂਮਿਕਾ ਵਿਚ ਮੂਲ ਹਰਿਆਣਾਵੀ ਤੇ ਪੰਜਾਬੀ ਬਿਲਕੁਲ ਅਲੱਗ ਮੰਨੇ ਗਏ ਹਨ। ਜੇਕਰ ਇਹ ਗੱਲ ਮੰਨ ਲਈ ਗਈ ਤਾਂ ਇਹ ਤੱਥ ਸਿੱਧ ਹੋ ਜਾਵੇਗਾ ਕਿ ਹਰਿਆਣਾ ਤੇ ਪੰਜਾਬ ਦੇ ਲੋਕਾਂ ਦਾ ਸਭਿਆਚਾਰ ਵੱਖਰਾ-ਵੱਖਰਾ ਹੈ। ਉਦਾਹਰਨ ਲਈ ਪੰਜਾਬੀ ਔਰਤਾਂ ਨੇ ਬਹੁਤ ਸਮਾਂ ਪਹਿਲਾਂ ਘੁੰਡ ਲਾਹ ਦਿੱਤਾ ਜਦ ਕਿ ਹਰਿਆਣੇ ਦੀਆਂ ਔਰਤਾਂ ਨੇ ਅਜੇ ਤਕ ਨਹੀਂ ਲਾਹਿਆ। ਮੂਲ ਹਰਿਆਣਵੀ ਲੋਕ ਪੰਜਾਬੀਆਂ ਨੂੰ ਬੇਸ਼ਰਮ ਸਮਝਦੇ ਹਨ। ਇਸਦੀ ਇਕ ਉਦਾਹਰਨ ਇਹ ਹੈ ਕਿ ਹਰਿਆਣੇ ਵਿਚ ਜਦੋਂ ਦੇ ਪੰਜਾਬੀ ਪਾਕਿਸਤਾਨ ਤੋਂ ਆਏ ਹਨ ਉਦੋਂ ਦੇ ਹੀ ਹਰਿਆਣੇ ਦੇ ਲੋਕ ਇਨ੍ਹਾਂ ਨੂੰ ਚਰਿੱਤਰਹੀਣ ਸਮਝਦੇ ਹਨ। ਇਹ ਲੋਕ ਮੁਸਲਮਾਨਾਂ ਦੇ ਨੇੜਿਓਂ ਆਏ ਸੀ ਅਤੇ ਇਨ੍ਹਾਂ ਦੇ ਸਭਿਆਚਾਰ ਅਤੇ ਰਸਮਾਂ ਉੱਪਰ ਇਸਲਾਮੀ ਪ੍ਰਭਾਵ ਜ਼ਿਆਦਾ ਸੀ। ਇਨ੍ਹਾਂ ਦੇ ਵਿਚ ਆਪਣੀ ਸਕੀ ਭੈਣ ਨੂੰ ਛੱਡ ਕੇ ਬਾਕੀ ਸਭ ਰਿਸ਼ਤੇਦਾਰੀਆਂ ਵਿਚ ਵਿਆਹ ਹੋ ਜਾਂਦੇ ਸੀ। ਇਸ ਕਰਕੇ ਇਨ੍ਹਾਂ ਨੂੰ ਚਰਿੱਤਰਹੀਣ ਅਤੇ ਪਰੰਪਰਾ ਵਿਰੋਧੀ ਆਦਿ ਕਿਹਾ ਗਿਆ। ਅੱਜ ਤੱਕ ਵੀ ਉਹ ਕੱਟੜਤਾ ਗਈ ਨਹੀਂ ਹੈ। ਸੋ ਇਹ ਗੱਲ ਸਿੱਧ ਕਰਦੀ ਹੈ ਕਿ ਉਨ੍ਹਾਂ ਦਾ ਸਭਿਆਚਾਰ ਅਤੇ ਲੋਕਧਾਰਾ ਅਲੱਗ ਹੈ। ਇਹ ਠੀਕ ਹੈ ਕਿ ਉਹ ਸਾਰੇ ਇੱਕ-ਦੂਜੇ ਦੇ ਆਉਂਦੇ ਜਾਂਦੇ ਹਨ ਲੇਕਿਨ ਉਨ੍ਹਾਂ ਦੀਆਂ ਰਸਮਾਂ-ਰੀਤਾਂ ਬਿਲਕੁਲ ਵੱਖ ਹਨ ਅਤੇ ਉਹ ਇਸ ਵਖਰੇਵੇਂ ਨੂੰ ਆਪ ਵੀ ਸਮਝਦੇ ਹਨ। ਮੈਂ ਆਪ ਇਸਨੂੰ ਦੇਖਿਆ ਹੈ ਜਦੋਂ ਮੈਂ ਇਸ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਸੀ।

ਸਵਾਲ : ਤੁਹਾਨੂੰ ਕੀ ਲੱਗਦਾ ਹੈ ਕਿ ਰਾਜਨੀਤਕ ਹੱਦਬੰਦੀਆਂ ਲੋਕਧਾਰਾ ਉੱਪਰ ਅਸਰ-ਅੰਦਾਜ਼ ਹੁੰਦੀਆਂ ਹਨ?

ਜਵਾਬ : ਨਹੀਂ ਲੋਕਧਾਰਾ ਵਿਚ ਰਾਜਨੀਤਕ ਹੱਦਬੰਦੀਆਂ ਸਿੱਧੇ ਰੂਪ ਵਿਚ ਅਸਰ ਅੰਦਾਜ਼ ਨਹੀਂ ਹੁੰਦੀਆਂ। ਜੇਕਰ ਦੇਖਿਆ ਜਾਵੇ ਤਾਂ ਛਿਆਹਠ ਤੋਂ ਪਹਿਲਾਂ ਵੀ ਇਹ ਚੀਜ ਸੀ ਕਿ ਮਾਲਵੇ ਵਾਲੇ ਹਰਿਆਣੇ ‘ਚ ਤੇ ਦੁਆਬੇ ਵਾਲੇ ਮਾਲਵੇ ‘ਚ ਵਿਆਹ ਨਹੀਂ ਕਰਦੇ ਸੀ। ਇਹ ਬੋਲੀਆਂ ‘ਚ ਵੀ ਹੈਗਾ ਕਿ ‘ਜੰਗਲ ਧੀ ਨਾ ਦਈਂ ਵੇ ਬਾਬਲਾ ਉੱਥੇ ਜੰਗਲ ਦਾ ਤਸੀਹਾ, ਬੋਲੇ ਪਾਣੀ ਦਾ ਪਪੀਹਾ’ ਕਿਉਂਕਿ ਦੁਆਬੇ ਵਾਲੇ ਮਾਲਵੇ ਨੂੰ ਜੰਗਲ ਕਹਿੰਦੇ ਸੀ। ਹਰਿਆਣੇ ਬਾਰੇ ਵੀ ਅਜਿਹਾ ਹੀ ਸੀ। ਸੋ ਮਾਝੇ, ਮਾਲਵੇ, ਦੁਆਬੇ ਤੇ ਪੁਆਧ ਦਾ ਇਹ ਜਿਹੜਾ ਮਸਲਾ ਹੈ, ਇਹ ਕੋਈ ਅੱਜ ਦਾ ਨਹੀਂ ਹੈ। ਇਹ ਮੁੱਦਾ ਬਹੁਤ ਪਹਿਲਾਂ ਤੋਂ ਹੈ। ਇਸਦੇ ਵਿਚ ਸਿੱਧੇ ਰੂਪ ਵਿਚ ਰਾਜਨੀਤਕ ਜਾਂ ਹੋਰ ਕੋਈ ਪੱਖ ਨਹੀਂ ਹੈ। ਉਦੋਂ ਵਿਆਹ ਆਪਣੇ ਇਲਾਕੇ ਦੇ ਵਿਚ ਕਰਨ ਦਾ ਰਿਵਾਜ ਸੀ। ਇਸਦਾ ਕਾਰਨ ਸੀ ਕਿ ਦੂਰ ਵਿਆਹ ਕਰਨ ਨਾਲ ਆਉਣ-ਜਾਣ ਦੀ ਬੜੀ ਦਿੱਕਤ ਸੀ। ਉਦੋਂ ਹੁਣ ਵਾਲਾ ਕੰਮ ਤਾਂ ਹੈ ਨਹੀਂ ਸੀ ਕਿ ਸਵੇਰੇ ਜਾ ਕੇ ਸ਼ਾਮ ਨੂੰ ਵਾਪਿਸ ਆ ਗਏ। ਤੁਸੀਂ ਉਹ ਬੋਲੀ ਸੁਣੀ ਹੋਵੇਗੀ ਕਿ ‘ਡੰਗਰ ਚਾਰਦੇ ਭੈਣਾਂ ਨੂੰ ਮਿਲ ਆਉਂਦੇ, ਸਰਵਣ ਵੀਰ ਕੁੜੀਓ’, ਇਸਦੇ ਪਿੱਛੇ ਵੀ ਉੱਪਰ ਵਾਲੀ ਮਾਨਸਿਕਤਾ ਹੀ ਕੰਮ ਕਰਦੀ ਹੈ। ਇਸ ਕਰਕੇ ਦੂਰ ਵਿਆਹ ਕਰ ਦੇਣ ਦਾ ਮਸਲਾ ਬਹੁਤ ਵੱਡਾ ਸੀ। ਇਸਤੋਂ ਇਲਾਵਾ ਇਲਾਕਿਆਂ ਬਾਰੇ ਭਰਮ ਵੀ ਬਣੇ ਹੋਏ ਸੀ। ਉਦੋਂ ਅਕਸਰ ਇਹ ਹੁੰਦਾ ਸੀ ਕਿ ਬਹੁਤ ਸਾਰੀਆਂ ਜਨਾਨੀਆਂ ਜਿੱਥੇ ਇਕ ਵਾਰ ਵਿਆਹੀਆਂ ਆਈਆਂ, ਉੱਥੇ ਹੀ ਮਰ ਗਈਆਂ ਜਾਂ ਇਸੇ ਤਰ੍ਹਾਂ ਕਈ ਬੰਦੇ ਵੀ ਜਿੱਥੇ ਜੰਮੇ ਸੀ, ਉੱਥੇ ਹੀ ਮਰ ਜਾਂਦੇ ਸੀ। ਇਸਦਾ ਕਾਰਨ ਸੀ ਕਿ ਉਦੋਂ ਆਮ ਕਰਕੇ ਲੋਕ ਕਿਤੇ ਦੂਰ ਨਹੀਂ ਜਾਂਦੇ ਸਨ। ਸੋ ਇਹ ਬਣੀਆਂ ਬਣਾਈਆਂ ਗੱਲਾਂ ਹੀ ਚੱਲੀ ਗਈਆਂ। ਉਦਾਹਰਨ ਲਈ ਬਠਿੰਡੇ ਬਾਰੇ ਲੋਕ ਹੁਣ ਕਹਿਣ ਤੋਂ ਹਟੇ ਹਨ ਕਿ ਉੱਥੇ ਧੂੜ ਉੱਡਦੀ ਹੈ। ਇਹ ਨਹੀਂ ਕਿ ਇਹ ਬਿਨਾਂ ਕਾਰਨ ਤੋਂ ਕਿਹਾ ਜਾਂ ਮੰਨਿਆ ਜਾਂਦਾ ਸੀ। ਇਹ ਲੋਕ ਗੀਤਾਂ ‘ਚ ਵੀ ਆਉਂਦਾ ਹੈ ਕਿ ‘ਉੱਡਦੀ ਧੂੜ ਦਿਸੇ ਬੋਤਾ ਯਾਰ ਦਾ ਨਜ਼ਰ ਨਾ ਆਵੇ’। ਹੁਣ ਉਹ ਧੂੜ ਤਾਂ ਮਾਲਵੇ ਭਾਵ ਜੰਗਲ਼ ਦੀ ਹੈ ਜਿਹੜਾ ਕਿ ਹੁਣ ਪਹਿਲਾਂ ਵਰਗਾ ਮਾਲਵਾ ਨਹੀਂ ਰਿਹਾ। ਸੋ ਦੂਜੇ ਇਲਾਕਿਆਂ ਬਾਰੇ ਅਜਿਹੇ ਸੁਣੇ-ਸੁਣਾਏ ਵਿਚਾਰ ਵੀ ਕਿਤੇ ਨਾ ਕਿਤੇ ਕਾਰਗਰ ਰਹੇ ਹਨ। ਇਸ ਦਾ ਅਰਥ ਇਹ ਹੈ ਕਿ ਇਹ ਮੰਨਣਾ ਵੀ ਸਹੀ ਨਹੀਂ ਹੈ ਕਿ ਲੋਕ ਗੀਤ ਬਹੁਤ ਸਿਆਣਿਆਂ ਲੋਕਾਂ ਦੀ ਸਿਰਜਣਾ ਹਨ, ਐਸਾ ਵੀ ਨਹੀਂ ਹੈ। ਇਨ੍ਹਾਂ ਦੇ ਵਿਚ ਇਹੋ-ਜਿਹੀਆਂ ਸੁਣੀਆਂ-ਸੁਣਾਈਆਂ ਗੱਲਾਂ ਵੀ ਸ਼ਾਮਿਲ ਹਨ।
ਤੁਹਾਡੇ ਸਵਾਲ ਦਾ ਦੂਜਾ ਪੱਖ ਰਾਜਨੀਤੀ ਨਾਲ ਸੰਬੰਧਿਤ ਸੀ। ਇਸ ਬਾਰੇ ਕਿਹਾ ਜਾ ਸਕਦਾ ਹੈ ਕਿ ਲੋਕਧਾਰਾ ਰਾਜਨੀਤੀ ਤੋਂ ਪ੍ਰਭਾਵਿਤ ਹੁੰਦੀ ਵੀ ਹੈ ਤੇ ਨਹੀਂ ਵੀ ਹੁੰਦੀ। ਉਦਾਹਰਨ ਲਈ ਹਰਿਆਣੇ ਦਾ ਬਣਨਾ ਇਕ ਰਾਜਨੀਤਿਕ ਹੱਦਬੰਦੀ ਹੈ। ਇਸ ਪੁਨਰਗਠਨ ਤੋਂ ਬਾਅਦ ਵੀ ਹਰਿਆਣੇ ਵਿਚ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਸਨ ਲੇਕਿਨ ਫਿਰ ਵੀ ਹਰਿਆਣੇ ਵਿਚ ਪੰਜਾਬੀ ਨੂੰ ਉਹ ਦਰਜਾ ਨਹੀਂ ਦਿੱਤਾ ਗਿਆ। ਅਜਿਹਾ ਹੋਣ ਨਾਲ ਬਿਨਾਂ ਸ਼ੱਕ ਸੰਬੰਧਿਤ ਭਾਸ਼ਾ ਤੇ ਉਸਦੇ ਸਭਿਆਚਾਰ ਨੂੰ ਕਿਤੇ ਨਾ ਕਿਤੇ ਸੱਟ ਵੱਜਦੀ ਹੈ। ਹੁਣ ਦੇਖੋ ਕਿੱਥੇ ਤਾਂ ਪੰਜਾਬ ਇੰਨਾਂ ਵੱਡਾ ਸੀ ਕਿ ਦਿੱਲੀ ਦੀ ਹੱਦ ਤੱਕ ਭੰਗੜਾ ਪਾਇਆ ਜਾਂਦਾ ਸੀ ਲੇਕਿਨ ਹੁਣ ਉੱਥੇ ਹੋਣ ਵਾਲੇ ਯੁਵਕ ਮੇਲਿਆਂ ਵਿਚ ਭੰਗੜੇ ਨੂੰ ‘ਐਨੀ ਅਦਰ’ ਅਧੀਨ ਰੱਖਿਆ ਜਾਂਦਾ ਹੈ। ਸੰਖੇਪ ਵਿਚ ਸਾਡੀ ਲੋਕ ਕਲਾ ਦੇ ਵਿਕਾਸ ਨੂੰ ਜਿਹੜਾ ਧੱਕਾ ਲੱਗਿਆ ਉਹਦੇ ਨਾਲ ਸਾਡੀ ਲੋਕਧਾਰਾ ਤੇ ਸਭਿਆਚਾਰ ਉੱਪਰ ਵੀ ਅਸਰ ਪਿਆ। ਇਸਦਾ ਦੂਰਵਰਤੀ ਨਤੀਜਾ ਇਹ ਨਿਕਲਿਆ ਕਿ ਸਾਡੇ ਸਭਿਆਚਾਰ ਨੇ ਜਿੰਨਾ ਫੈਲਣਾ ਤੇ ਵਿਕਸਤ ਹੋਣਾ ਸੀ, ਉਹ ਨਹੀਂ ਹੋ ਸਕਿਆ। ਪਰ ਸਭਿਆਚਾਰ ਤੇ ਲੋਕਧਾਰਾ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਸਾਰੇ ਦਬਾਵਾਂ ਨੂੰ ਝੱਲਦਾ ਹੋਇਆ ਵੀ ਆਪਣੇ ਆਪੇ ਨੂੰ ਪੂਰੀ ਤਰ੍ਹਾਂ ਕਦੇ ਨਹੀਂ ਛੱਡਦਾ। ਸੋ ਇਤਿਹਾਸਕ ਤੌਰ ‘ਤੇ ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਜੇ ਪੰਜਾਬੀ ਭਾਸ਼ਾ ਤੁਰੀ ਫਿਰਦੀ ਹੈ ਤਾਂ ਇਸਦਾ ਕਾਰਨ ਇਹੀ ਹੈ ਕਿ ਇਸਦੀਆਂ ਜੜ੍ਹਾਂ ਡੂੰਘੇ ਵਿਰਾਸਤੀ ਤੇ ਭਾਵੁਕ ਸੰਸਾਰ ਵਿਚ ਹਨ। ਹੁਣ ਦੇਖੋ ਮੁਸਲਮਾਨ ਹਾਕਮਾਂ, ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਆਦਿ ਵਿਚੋਂ ਕਿਸੇ ਸਮੇਂ ਵੀ ਪੰਜਾਬੀ ਰਾਜ-ਦਰਬਾਰੀ ਭਾਸ਼ਾ ਨਹੀਂ ਸੀ। ਇਨ੍ਹਾਂ ਸਾਰੇ ਸ਼ਾਸ਼ਕਾਂ ਨੇ ਪੰਜਾਬੀ ਤੋਂ ਬਿਨਾਂ ਹੋਰਨਾਂ ਭਾਸ਼ਾਵਾਂ ਨੂੰ ਰਾਜ-ਭਾਸ਼ਾ ਵਜੋਂ ਲਾਗੂ ਕੀਤਾ ਲੇਕਿਨ ਫਿਰ ਵੀ ਅੱਜ ਤੱਕ ਪੰਜਾਬੀ ਭਾਸ਼ਾ ਦਾ ਹੋਂਦ ਤੇ ਦਬਦਬਾ ਬਰਕਰਾਰ ਹੈ। ਪੰਜਾਬ ਦੀ ਰਾਜਨੀਤੀ ਵਿਚ ਕਈ ਤਰ੍ਹਾਂ ਦੇ ਸ਼ਾਸ਼ਕ, ਯੁੱਗ ਅਤੇ ਰਾਜਨੀਤਕ ਵਿਚਾਰ ਆਏ ਤੇ ਗਏ ਪਰ ਪੰਜਾਬੀ ਭਾਸ਼ਾ, ਸਭਿਆਚਾਰ ਤੇ ਲੋਕਧਾਰਾ ਦੀ ਮੂਲ ਪ੍ਰਕਿਰਤੀ ਉੱਪਰ ਇਸਦਾ ਬਹੁਤਾ ਅਸਰ ਨਹੀਂ ਪਿਆ। ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਤੇ ਲੋਕਧਾਰਾ ਦੇ ਬਦਲਣ ਦਾ ਆਪਣਾ ਢੰਗ ਹੈ, ਆਪਣੇ ਨਿਯਮ ਹਨ। ਇਨ੍ਹਾਂ ਵਿਚ ਬਹੁਤ ਦੇਰ ਬਾਅਦ ਜਾ ਕੇ ਬਹੁਤ ਮਹੀਨ ਤੇ ਹੌਲੀ-ਹੌਲੀ ਬਦਲਾਅ ਆਉਂਦੇ ਹਨ। ਇਨ੍ਹਾਂ ਹੌਲੀ-ਹੌਲੀ ਆਉਣ ਵਾਲੇ ਬਦਲਾਵਾਂ ਦੇ ਆਧਾਰ ‘ਤੇ ਹੀ ਇਨ੍ਹਾਂ ਨੇ ਬਦਲਣਾ-ਵਿਗਸਣਾ ਹੁੰਦਾ ਹੈ। ਇਸ ਤਰ੍ਹਾਂ ਲੋਕਧਾਰਾ ਦਾ ਰਾਜਨੀਤੀ ਨਾਲ ਸਿੱਧਾ ਸੰਬੰਧ ਨਹੀਂ ਜੁੜਦਾ ਲੇਕਿਨ ਰਾਜਨੀਤੀ ਲੋਕਧਾਰਾ ਨੂੰ ਪ੍ਰਭਾਵਿਤ ਜ਼ਰੂਰ ਕਰ ਸਕਦੀ ਹੈ।

ਸਵਾਲ : ਤੁਸੀਂ ਪੰਜਾਬੀ ਲੋਕਧਾਰਾ ਅਧਿਐਨ ਬਾਰੇ ਕਿਤਾਬ ‘ਪੰਜਾਬੀ ਲੋਕਧਾਰਾ ਸਮੀਖਿਆ’ ਲਿਖੀ ਹੈ। ਪੰਜਾਬੀ ਲੋਕਧਾਰਾ ਅਧਿਐਨ ਦੀ ਇਤਿਹਾਸਕਾਰੀ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜਵਾਬ : ਇਹ ਤੁਸੀਂ ਬਹੁਤ ਮੁੱਲਵਾਨ ਸਵਾਲ ਕੀਤਾ ਹੈ। ਪੰਜਾਬੀ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਇਹ ਪੂਰੀ ਤਰ੍ਹਾਂ ਖਾਲੀ ਸਥਾਨ ਹੈ। ਇਸ ਸੰਬੰਧ ਵਿਚ ਡਾ. ਜੋਗਿੰਦਰ ਸਿੰਘ ਕੈਰੋਂ ਦੀ ਸਿਰਫ਼ ਇਕ ਕਿਤਾਬ ‘ਲੋਕਧਾਰਾ ਅਧਿਐਨ’ ਮਿਲਦੀ ਹੈ। ਲੇਕਿਨ ਇਸ ਕਿਤਾਬ ਦੀ ਸੀਮਾ ਹੈ ਕਿ ਕੈਰੋਂ ਨੇ ਤੱਥ ਆਪ ਇਕੱਠੇ ਨਹੀਂ ਕੀਤੇ। ਇਸਦਾ ਭਾਵ ਹੈ ਕਿ ਉਸਨੇ ਪ੍ਰਾਪਤ ਸਮੱਗਰੀ ਨੂੰ ਖ਼ੁਦ ਨਹੀਂ ਪੜ੍ਹਿਆ ਸਗੋਂ ਉਸ ਦੁਆਰਾ ਵਰਤੀ ਗਈ ਸਮੱਗਰੀ ਸੁਣੀਆਂ-ਸੁਣਾਈਆਂ ਜਾਂ ਦੂਜੀਆਂ ਕਿਤਾਬਾਂ/ਖੋਜ ਨਿਬੰਧਾਂ/ਖੋਜ ਪ੍ਰਬੰਧਾਂ ‘ਚੋਂ ਲਈ ਹੈ। ਇਸਤੋਂ ਬਾਅਦ ਉਸਨੇ ਇਹ ਕੀਤਾ ਕਿ ਇਸ ਕਿਤਾਬ ਦੇ ਵਿਚੋਂ ਸਮੱਗਰੀ ਕੱਢ ਕੇ ਇਕ ਹੋਰ ਕਿਤਾਬ ਲੋਕਧਾਰਾ ਸ਼ਾਸਤਰੀ ਬਣਾ ਦਿੱਤੀ। ਇਨ੍ਹਾਂ ਦੋ ਕਿਤਾਬਾਂ ਤੋਂ ਇਲਾਵਾ ਪੰਜਾਬੀ ਲੋਕਧਾਰਾ ਸ਼ਾਸ਼ਤਰੀਆਂ ਅਤੇ ਲੋਕਧਾਰਾ ਦੇ ਇਤਿਹਾਸ ਬਾਰੇ ਕੋਈ ਕਿਤਾਬ ਨਹੀਂ ਹੈ। ਇਨ੍ਹਾਂ ਦੋ ਕਿਤਾਬਾਂ ਤੋਂ ਬਿਨਾਂ ਡਾ. ਰਵਿੰਦਰ ਕੌਰ ਦੀ “ਪੰਜਾਬੀ ਲੋਕ ਸਾਹਿਤ ਅਧਿਐਨ: ਆਲੋਚਨਾਤਮਕ ਵਿਸ਼ਲੇਸ਼ਣ” ਕਿਤਾਬ ਆਈ ਹੈ। ਇਸ ਕਿਤਾਬ ਵਿਚ ਪੰਜਾਬੀ ਵਿਚ ਲੋਕ ਸਾਹਿਤ ‘ਤੇ ਜਿੰਨਾਂ ਕੰਮ ਹੋਇਆ ਹੈ, ਉਸਦਾ ਅਧਿਐਨ ਕੀਤਾ ਗਿਆ ਹੈ। ਸੋ ਪੰਜਾਬੀ ਲੋਕਧਾਰਾ ਅਧਿਐਨ ਦੀ ਇਤਿਹਾਸਕਾਰੀ ਦੀ ਅਜੇ ਸ਼ੁਰੂਆਤ ਹੈ। ਇਸ ਕਿਤਾਬ ਵਿਚ ਰਵਿੰਦਰ ਕੌਰ ਪੰਜਾਬੀ ਲੋਕ ਸਾਹਿਤ ਬਾਰੇ ਹੁਣ ਤੱਕ ਹੋਏ ਕੰਮਾਂ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਬਰਾਬਰ ਰੂਪ ਵਿਚ ਦੇਖ ਰਹੀ ਹੈ। ਇਸਦੇ ਨਾਲ ਹੀ ਉਹ ਅਜਿਹੇ ਖੇਤਰਾਂ ਨੂੰ ਵੀ ਧਿਆਨ ਵਿਚ ਲਿਆਉਂਦੀ ਹੈ ਜਿਨ੍ਹਾਂ ਉੱਪਰ ਅਜੇ ਕੋਈ ਕੰਮ ਨਹੀਂ ਹੋਇਆ। ਲੇਕਿਨ ਇਤਿਹਾਸਕਾਰੀ ਦਾ ਸਾਰਾ ਖੇਤਰ ਖਾਲੀ ਪਿਆ ਹੈ। ਉਦਾਹਰਨ ਲਈ ਰਾਮਸ਼ਰਨ ਅਤੇ ਸੰਤ ਰਾਮ ਪੰਜਾਬੀ ਲੋਕਧਾਰਾ ਇਕੱਤਰੀਕਰਨ ਦੇ ਮੁੱਢਲੇ ਪੜਾਅ ਦੇ ਇਕੱਤਰ ਕਰਤਾ ਹਨ। ਇਨ੍ਹਾਂ ਵਿਚੋਂ ਪੰਡਤ ਰਾਮ ਸ਼ਰਨ ਨੇ ਫ਼ਾਰਸੀ ਲਿਪੀ ਵਿਚ ਅਤੇ ਸੰਤ ਰਾਮ ਨੇ ਦੇਵਨਾਗਰੀ ਲਿਪੀ ‘ਚ ਲੋਕ ਗੀਤ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਮੈਂ ਇਹ ਕਿਤਾਬਾਂ ਬਹੁਤ ਲੱਭੀਆਂ ਲੇਕਿਨ ਪ੍ਰਾਪਤ ਨਹੀਂ ਹੋ ਸਕੀਆਂ। ਇਹ ਕੰਮ ਲੋਕਧਾਰਾ ਅਧਿਐਨ ਦੇ ਇਤਿਹਾਸਕਾਰਾਂ ਦਾ ਸੀ। ਦਵਿੰਦਰ ਸਤਿਆਰਥੀ ਨੇ ਇਨ੍ਹਾਂ ਕਿਤਾਬਾਂ ਦਾ ਜ਼ਿਕਰ ਕੀਤਾ ਹੈ। ਉਸਨੇ ਇਹ ਕਿਤਾਬਾਂ ਦੇਖੀਆਂ ਵੀ ਹੋਣਗੀਆਂ ਕਿਉਂਕਿ ਉਸਨੇ ਦੱਸਿਆ ਹੈ ਕਿ ਇਨ੍ਹਾਂ ਦੇ ‘ਚ ਕੀ-ਕੀ ਲਿਖਿਆ ਹੈ। ਪਰ ਉਹ ਪੁਰਾਣਾ ਬੰਦਾ ਸੀ। ਇਹ ਕਿਤਾਬਾਂ ਉਸਦੇ ਵੇਲੇ ਹੀ ਛਪੀਆਂ ਸਨ। ਸੋ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਟੈਕਸਟ ਹਨ; ਉਹ ਪ੍ਰਾਪਤ ਕੀਤੀਆਂ ਜਾਣ। ਅਜਿਹੇ ਪਾਠਾਂ ਨੂੰ ਉਪਲਬਧ ਕਰਵਾਉਣਾ ਇਤਿਹਾਸਕਾਰਾਂ ਦਾ ਕੰਮ ਹੈ। ਇਸ ਤੋਂ ਬਾਅਦ ਇਤਿਹਾਸਕ ਪਰਿਪੇਖ ਅਧੀਨ ਉਨ੍ਹਾਂ ਦਾ ਅਧਿਐਨ ਕਰਨਾ ਅਗਲਾ ਮਸਲਾ ਹੈ। ਇਸ ਪ੍ਰਸੰਗ ਵਿਚ ਇਤਿਹਾਸਕ ਪੜਾਵਾਂ ਦੀ ਨਿਸ਼ਾਨ ਦੇਹੀ, ਇਨ੍ਹਾਂ ਪੜਾਵਾਂ ਨੂੰ ਅਗਲੇ ਤੇ ਪਿਛਲੇ ਪੜਾਵਾਂ ਨਾਲ ਜੋੜਨਾ, ਇਨ੍ਹਾਂ ਦਾ ਮੁਲਾਂਕਣ ਕਰਨਾ ਤੇ ਵਰਤਮਾਨ ਤੱਕ ਲੈ ਕੇ ਆਉਣਾ, ਇਹ ਅਗਲੇਰੇ ਕੰਮ ਹਨ। ਇਨ੍ਹਾਂ ਸਭ ਦਰਮਿਆਨ ਜੇਕਰ ਕੋਈ ਕਮੀ ਰਹਿ ਗਈ ਮਹਿਸੂਸ ਹੋਵੇ ਤਾਂ ਉਸਨੂੰ ਦੂਰ ਕਰਨ ਅਤੇ ਅੱਗੇ ਲੈ ਜਾਣ ਦੀ ਸੰਭਵ ਕੋਸ਼ਿਸ਼ ਕਰਨਾ ਆਦਿ ਸਾਰੇ ਇਤਿਹਾਸਕ ਸਮਝ ਤੇ ਪਰਿਪੇਖ ਨਾਲ ਜੁੜੇ ਮਸਲੇ ਹਨ। ਸੋ ਲੋਕਧਾਰਾ ਅਧਿਐਨ ਦੀ ਇਤਿਹਾਸਕਾਰੀ ਦੇ ਸੰਬੰਧ ਵਿਚ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਸਾਡੇ ਕੋਲ ਇਸ ਖੇਤਰ ਦੀ ਮਹੱਤਤਾ ਨੂੰ ਸਮਝਣ ਵਾਲਾ ਕੋਈ ਸਮਰੱਥ ਅਧਿਐਨ ਕਰਤਾ ਨਹੀਂ ਆਉਂਦਾ, ਉਦੋਂ ਤੱਕ ਇਹ ਮਸਲਾ ਇਸੇ ਤਰ੍ਹਾਂ ਗੰਭੀਰ ਰਹਿਣਾ ਹੈ। ਮੇਰੇ ਜ਼ਿਹਨ ਵਿਚ ਵੀ ਇਹ ਗੱਲ ਆਈ ਸੀ। ਇਸੇ ਕਰਕੇ ਮੈਂ ਇਸ ਨਾਲ ਸੰਬੰਧਿਤ ਸਾਰਾ ਡਾਟਾ ਇਕੱਠਾ ਕੀਤਾ ਸੀ ਲੇਕਿਨ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਕੰਮ ਮੇਰੇ ਤੋਂ ਹੋ ਸਕੇਗਾ ਕਿਉਂਕਿ ਦੂਜੇ ਕੰਮ ਇੰਨੇ ਉਲਝੇ ਪਏ ਹਨ। ਪਰ ਇਹ ਕੰਮ ਕਿਸੇ ਨੂੰ ਤਾਂ ਕਰਨਾ ਹੀ ਪੈਣਾ ਹੈ। ਇਸਦੀ ਘਾਟ ਹੈ ਤੇ ਇਹ ਬਹੁਤ ਵੱਡੀ ਖਾਲ੍ਹੀ ਥਾਂ ਹੈ। ਜੇ ਕੱਲ੍ਹ ਨੂੰ ਤੁਹਾਡੇ ਵਰਗੇ ਖੋਜੀ ਨਿਕਲਣਗੇ ਤਾਂ ਹੀ ਇਹ ਕੰਮ ਹੋਣਾ ਹੈ। ਹੁਣ ਤਕ ਜੋ ਵੀ ਹੈ ਉਹ ਤੁਹਾਡੇ ਸਾਹਮਣੇ ਹੈ।

ਸਵਾਲ : ਪੰਜਾਬੀ ਦੇ ਕੁਝ ਲੋਕਧਾਰਾ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਪੰਜਾਬੀ ਲੋਕਧਾਰਾ ਅਧਿਐਨ ਦੀ ਇਕਵੱਡੀ ਸੀਮਾ ਇਸਦਾ ਮਾਨਵਵਿਗਿਆਨ ਜਾਂ ਭਾਸ਼ਾ ਵਿਗਿਆਨ ਵਾਲੇ ਪਾਸੇ ਤੋਂ ਪ੍ਰਫੁੱਲਿਤ ਹੋਣ ਦੀ ਬਜਾਇ ਸਾਹਿਤ ਵਾਲੇ ਪਾਸੇ ਤੋਂ ਵਿਕਸਿਤ ਹੋਣਾ ਹੈ। ਤੁਹਾਡੇ ਵਿਚਾਰ ਅਨੁਸਾਰ ਕੀ ਅਜਿਹਾ ਖੱਪਾ (gap) ਵਾਸਤਵ ਵਿਚ ਮਹੱਤਵਪੂਰਨ ਹੈ ਜਾਂ ਇਹ ਸਿਰਫ਼ ਭਰਮ ਹੈ?

ਜਵਾਬ: ਇਸਦੇ ਵਿਚੋਂ ਪਹਿਲੀ ਗੱਲ ਸਹੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ। ਲੇਕਿਨ ਸਮੱਸਿਆ ਇਹ ਨਹੀਂ ਹੈ ਕਿ ਅਸੀਂ ਮਾਨਵਵਿਗਿਆਨ ਵੱਲੋਂ ਨਹੀਂ ਆਏ, ਸਗੋਂ ਸਮੱਸਿਆ ਇਹ ਹੈ ਕਿ ਅੰਗਰੇਜ਼ਾਂ ਤੋਂ ਬਾਅਦ ਸਾਡੇ ਕੋਲ ਮਾਨਵ ਵਿਗਿਆਨ ਵਿਚ ਮੌਲਿਕ ਕੰਮ ਹੀ ਨਹੀਂ ਹੈ। ਪੰਜਾਬ ਨੂੰ ਮਾਨਵ ਵਿਗਿਆਨਕ ਕੋਣ ਤੋਂ ਸਮਝਣ ਦੀ ਪਿਰਤ ਹੀ ਨਹੀਂ ਹੈ। ਹੁਣ ਦੇਖੋ ਜਦੋਂ ਮਾਨਵ ਵਿਗਿਆਨ ‘ਤੇ ਕੰਮ ਹੀ ਨਹੀਂ ਹੈ ਤਾਂ ਲੋਕਧਾਰਾ ਆਪਣੀ ਸਮੱਗਰੀ ਕਿੱਥੋਂ ਲਵੇਗੀ ਕਿਉਂਕਿ ਲੋਕਧਾਰਾ ਨੇ ਆਪਣੀ ਸਮੱਗਰੀ ਹੀ ਮਾਨਵ ਵਿਗਿਆਨ ਤੋਂ ਲੈਣੀ ਹੁੰਦੀ ਹੈ। ਹੁਣ ਸਮੱਸਿਆ ਇਹ ਹੈ ਕਿ ਜਦੋਂ ਸਮੱਗਰੀ ਹੀ ਇਕੱਠੀ ਨਹੀਂ ਕੀਤੀ ਗਈ ਤਾਂ ਲੋਕਧਾਰਾ ਅਧਿਐਨ ਨੇ ਆਪਣਾ ਕੰਮ ਸਹੀ ਤੇ ਵਿਵਸਥਿਤ ਢੰਗ ਨਾਲ ਕਿੱਥੋਂ ਕਰਨਾ ਸੀ? ਇਸ ਗੱਲ ਨੂੰ ਆਰ. ਸੀ. ਟੈਂਪਲ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ। ਤੁਸੀਂ ਉਸਦੀਆਂ ਕਿਤਾਬਾਂ ਦੀਆਂ ਭੂਮਿਕਾਵਾਂ ਦੇਖੋ, ਤੁਹਾਨੂੰ ਪਤਾ ਲੱਗੇਗਾ ਕਿ ਉਹ ਇਸ ਪਰਿਪੇਖ ਪ੍ਰਤੀ ਕਿੰਨਾ ਚੇਤਨ ਸੀ। ਜੇਕਰ ਤੁਸੀਂ ਮੇਰਾ ਕੰਮ ਧਿਆਨ ਨਾਲ ਦੇਖਿਆ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਅਧਿਐਨ ਕਰਨ ਸਮੇਂ ਮੈਂ ਮਨੋਵਿਗਿਆਨ, ਸਮਾਜ ਵਿਗਿਆਨ, ਆਦਿ ਸਾਰੇ ਪਰਿਪੇਖ ਤੇ ਅਧਿਐਨ ਵਿਧੀਆਂ ਨਾਲ-ਨਾਲ ਰੱਖੀਆਂ ਹਨ। ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦ ਕਿਹਾ ਜਾਂਦਾ ਹੈ ਕਿ ਲੋਕਧਾਰਾ ਨੂੰ ਮਾਨਵ ਵਿਗਿਆਨ ਹੀ ਕਹਿਣਾ ਚਾਹੀਦਾ ਹੈ। ਲੇਕਿਨ ਲੋਕਧਾਰਾ ਮਾਨਵ ਵਿਗਿਆਨ ਨਹੀਂ ਹੈ। ਇਹ ਮਾਨਵ ਵਿਗਿਆਨ ਦੇ ਅੰਤਰਗਤ ਅਧਿਐਨ ਦੀ ਇਕ ਪੂਰੀ ਤਰ੍ਹਾਂ ਅਲੱਗ ਤੇ ਸੁਤੰਤਰ ਸ਼ਾਖ਼ਾ ਹੈ। ਸਾਰੇ ਵੱਡੇ ਵਿਦਵਾਨਾਂ ਨੇ ਇਸਨੂੰ ਮਾਨਵਵਿਗਿਆਨ ਤੋਂ ਅਲੱਗ ਅਧਿਐਨ ਦਾ ਸੁਤੰਤਰ ਖੇਤਰ ਮੰਨਿਆ ਹੈ। ਮੈਂ ਅੰਮ੍ਰਿਤਸਰ ਹੋਏਇਕ ਸੈਮੀਨਾਰ ਵਿਚ ਵੀ ਇਹ ਸਵਾਲ ਉਠਾਇਆ ਸੀ। ਮੈਂ ਉੱਥੇ ਕਿਹਾ ਸੀ ਕਿ ਹੁਣ ਤੱਕ ਤਕਰੀਬਨ ਚਾਰ ਸੌ ਤੋਂ ਵੱਧ ਕਿਤਾਬਾਂ ਅਸੀਂ ਲੋਕਧਾਰਾ ਦੇ ਨਾਂ’ ਤੇ ਛਾਪ ਦਿੱਤੀਆਂ ਹਨ। ਲੇਕਿਨ ਲੋਕਧਾਰਾ ਨੂੰ ਮਾਨਵ ਵਿਗਿਆਨ ਮੰਨ ਲੈਣ ਨਾਲ ਤੁਸੀਂ ਉਸ ਸਾਰੇ ਕੰਮ ਨੂੰ ਕਾਟੇ ਹੇਠ ਲੈ ਆਏ। ਇਹ ਠੀਕ ਹੈ ਕਿ ਤੁਸੀਂ ਅਧਿਐਨ ਦੀ ਭਾਸ਼ਾ ਵਿਗਿਆਨ ਆਧਾਰਿਤ ਵਿਧੀ ਅਪਣਾਈ ਹੈ ਅਤੇ ਇਸਨੂੰ ਅਪਣਾਈ ਜਾਓ। ਅਜਿਹਾ ਕਰਨ ਨਾਲ ਲੋਕਧਾਰਾ ਅਧਿਐਨ ਉੱਪਰ ਕੋਈ ਨਾਕਾਰਾਤਮਕ ਪ੍ਰਭਾਵ ਨਹੀਂ ਪੈਂਦਾ। ਲੇਕਿਨ ਲੋਕਧਾਰਾ ਨੂੰ ਕੱਟ ਕੇ ਮਾਨਵ ਵਿਗਿਆਨ ਦਾ ਕੰਮ ਨਹੀਂ ਚੱਲਣਾ।ਤੁਹਾਡੇ ਸਵਾਲ ਦੇ ਸੰਦਰਭ ਵਿਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅਜਿਹਾ ਨਹੀਂ ਹੈ ਕਿ ਸਾਨੂੰ ਮਾਨਵ ਵਿਗਿਆਨ ਤੇ ਮਾਨਵ ਵਿਗਿਆਨਕ ਅਧਿਐਨ ਵਿਧੀਆਂ ਦੀ ਸਮਝ ਨਹੀਂ ਹੈ। ਜੇ ਅਸੀਂ ਹੁਣ ਦੁਨੀਆਂ ਦੇ ਮਾਨਵ ਵਿਗਿਆਨੀਆਂ ਦੇ ਕੰਮ ਨੂੰ ਪੜ੍ਹ ਰਹੇ ਹਾਂ ਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਸਦਾ ਸਿੱਧਾ ਸੰਬੰਧ ਲੋਕਧਾਰਾ ਅਧਿਐਨ ਨਾਲ ਜੁੜਦਾ ਹੈ। ਇਸਤੋਂ ਇਲਾਵਾ ਅਸੀਂ ਕੇਵਲ ਮਾਨਵ ਵਿਗਿਆਨ ਹੀ ਨਹੀਂ ਬਲਕਿ ਹੋਰ ਅਨੁਸ਼ਾਸ਼ਨ ਵੀ ਪੜ੍ਹ ਰਹੇ ਹਾਂ ਤੇ ਆਪਣੇ-ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜੇਕਰ ਪੰਜਾਬ ਦਾ ਅਧਿਐਨ ਬਹੁਤ ਉੱਚੇ ਤੇ ਵੱਡੇ ਪੱਧਰ ਉੱਪਰ ਹੋਇਆ ਹੁੰਦਾ, ਮਾਨਵ ਵਿਗਿਆਨਕ, ਸਭਿਆਚਾਰਕ ਤੇ ਲੋਕਧਾਰਾਈ ਸਮੱਗਰੀ ਪੂਰੇ ਸੁਚੇਤ ਤੇ ਸੰਵੇਦਨਸ਼ੀਲ ਢੰਗ ਨਾਲ ਇਕੱਠੀ ਹੋਈ ਹੁੰਦੀ ਤਾਂ ਉਹ ਸਾਡੇ ਕੰਮ ਆ ਸਕਦੀ ਸੀ। ਲੇਕਿਨ ਇਹ ਮੁੱਢਲੇ ਅਤੇ ਬਹੁਤ ਅਹਿਮ ਕੰਮ ਨਹੀਂ ਹੋਏ। ਅਜਿਹੇ ਵਿਚ ਲੋਕਧਾਰਾ ਅਧਿਐਨ ਦਾ ਵਿਕਾਸ ਬੇਮੁਹਾਰਾ ਤੇ ਆਪਹੁਦਰਾ ਹੀ ਹੋ ਸਕਦਾ ਸੀ। ਇਸਦਾ ਕਾਰਨ ਹੈ ਕਿ ਪੰਜਾਬੀ ਲੋਕਧਾਰਾ ਅਧਿਐਨ ਦੀ ਵਾਸਤਵਿਕ ਹੋਂਦ ਵਿਅਕਤੀਗਤ ਯਤਨਾਂ ਕਰ ਕੇ ਹੈ ਅਤੇ ਵਿਅਕਤੀਗਤ ਯਤਨਾਂ ਦੀਆਂ ਹਮੇਸ਼ਾਂ ਸੀਮਾਵਾਂ ਹੁੰਦੀਆਂ ਹਨ।
ਇਸ ਤੋਂ ਇਲਾਵਾ ਅਗਲੀ ਗੱਲ ਭਾਸ਼ਾ ਵਿਗਿਆਨ ਦੀ ਹੈ। ਤੁਸੀਂ ਐਲਨ ਡੰਡੀਜ਼ ਪੜ੍ਹੋ। ਤੁਹਾਨੂੰ ਅਹਿਸਾਸ ਹੋਵੇਗਾ ਕਿ ਉਸਦੇ ਅਧਿਐਨ ਵਿਚ ਇਤਿਹਾਸ, ਮਨੋਵਿਗਿਆਨ, ਮਾਨਵ ਵਿਗਿਆਨ, ਭਾਸ਼ਾ ਵਿਗਿਆਨ ਤੇ ਸਾਹਿਤ ਆਦਿ ਅਧਿਐਨ ਦੇ ਸਾਰੇ ਪੱਖ ਹਨ। ਸੋ ਭਾਸ਼ਾ ਵਿਗਿਆਨ ਵਾਲੀ ਗੱਲਬਾਤ ਉਹੀ ਬੰਦੇ ਕਰਦੇ ਹਨ ਜਿਹੜੇ ਆਪ ਭਾਸ਼ਾ ਵਿਗਿਆਨ ਦੇ ਪਿਛੋਕੜ ਵਾਲੇ ਹਨ। ਪਰ ਇਕ ਗੱਲ ਮੈਂ ਇੱਥੇ ਸਾਫ਼-ਸਾਫ਼ ਕਹਿਣੀ ਚਾਹੁੰਦਾ ਹਾਂ ਕਿ ਇਕੱਲੇ ਭਾਸ਼ਾ ਵਿਗਿਆਨ ਅਤੇ ਇਸਦੀਆਂ ਅਧਿਐਨ ਵਿਧੀਆਂ ਨੂੰ ਆਧਾਰ ਬਣਾ ਕੇ ਤੁਸੀਂ ਲੋਕਧਾਰਾ ਦਾ ਅਧਿਐਨ ਸਹੀ ਢੰਗ ਨਾਲ ਨਹੀਂ ਕਰ ਸਕਦੇ। ਭਾਸ਼ਾ ਵਿਗਿਆਨ ਜਾਂ ਸੰਰਚਨਾਵਾਦ ਦੀਆਂ ਅੰਤਰ ਦ੍ਰਿਸ਼ਟੀਆਂ ਨੂੰ ਆਧਾਰ ਬਣਾ ਕੇ ਤੇ ਬਾਕੀ ਵਿਧੀਆਂ ਦੀ ਮਦਦ ਨਾਲ ਅਧਿਐਨ ਕੀਤਾ ਜਾ ਸਕਦਾ ਹੈ। ਪਰ ਸਾਡੀ ਇਕ ਗੰਭੀਰ ਸੀਮਾ ਹੈ ਕਿ ਅਸੀਂ ਜਿੰਨਾਂ ਵੀ ਕੰਮ ਕੀਤਾ ਹੈ ਉਸ ਵਿਚੋਂ ਜ਼ਿਆਦਾਤਰ ਕੰਮ ਅਕਾਦਮਿਕ ਕਿਸਮ ਦਾ ਕੰਮ ਹੈ। ਅਕਾਦਮਿਕ ਲੋੜਾਂ ਲਈ ਕੀਤੇ ਕੰਮ ਦੀ ਸੀਮਾ ਇਹ ਹੁੰਦੀ ਹੈ ਕਿ ਉਹ ਦ੍ਰਿਸ਼ਟੀਹੀਣ ਹੁੰਦਾ ਹੈ ਜਿਵੇਂ ਕਿ ਨਾ ਉਹ ਮਾਰਕਸਵਾਦੀ ਹੈ, ਨਾ ਉਹ ਮਨੋਵਿਗਿਆਨਕ ਹੈ। ਅਕਾਦਮਿਕ ਕਾਰਜਾਂ ਵਿਚ ਕਿਸੇ ਸਪੱਸ਼ਟ ਪਰਿਪੇਖ ਤੋਂ ਬਿਨਾਂ ਕਈ ਪੱਖਾਂ ਨੂੰ ਇਕੱਠਾ ਕਰਕੇ ਇਕ ਧਾਰਨਾ ਬਣਾਈ ਜਾਂਦੀ ਹੈ ਤੇ ਪੇਸ਼ ਕੀਤਾ ਜਾਦਾ ਹੈ। ਕੋਈ ਇੱਕ-ਅੱਧਾ ਬੰਦਾ ਹੁੰਦਾ ਹੈ ਜਿਹੜਾ ਆਪਣੀ ਦ੍ਰਿਸ਼ਟੀ ਤੋਂ ਗੱਲ ਕਰਦਾ ਹੈ। ਅੱਜ ਕੱਲ੍ਹ ਅਕਾਦਮਿਕਤਾ ਵਿਚ ਵੱਡੇ ਪੱਧਰ ‘ਤੇ ਇਹੋ ਫ਼ੈਸ਼ਨ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਇੱਕ-ਅੱਧੀ ਧਾਰਨਾ ਆਪਣੀ ਬਣਾਓ ਅਤੇ ਇਸਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਪੁਰਾਣੀਆਂ ਹੀ ਰੱਖੋ। ਪੰਜਾਬੀ ਅਕਾਦਮਿਕਤਾ ਵਿਚ ਇਸ ਤਰੀਕੇ ਨਾਲ ਵੀ ਕੰਮ ਚਲਦਾ ਹੈ ਕਿ ਪਹਿਲਾਂ ਵਾਲਿਆਂ ਨੇ ਕੀ ਕਿਹਾ ਹੈ ਅਤੇ ਮੈਂ ਕੀ ਕਹਿ ਰਿਹਾ ਹਾਂ। ਇਹ ਠੀਕ ਹੈ ਕਿ ਪਹਿਲਾਂ ਹੋਏ ਕੰਮ ਨੂੰ ਕੋਟ ਕਰਨਾ ਪੈਂਦਾ ਹੈ ਤੇ ਕੋਈ ਉਸ ਉੱਪਰ ਹੂੰਝਾ ਨਹੀਂ ਫੇਰ ਸਕਦਾ। ਲੇਕਿਨ ਅਕਾਦਮਿਕਤਾ ਦਾ ਅਜਿਹਾ ਰੁਝਾਨ ਸਾਹਿਤ ਵਾਲਿਆਂ ਨਾਲ ਜੁੜਿਆ ਹੋਇਆ ਸੀ। ਲੋਕਧਾਰਾ ਵਿਚ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਜਾਂ ਕਹਿ ਲਓ ਕਿ ਇਸ ਤਰ੍ਹਾਂ ਕੰਮ ਕਰਨ ਦੀ ਲੋੜ ਨਹੀਂ ਹੈ। ਦੇਖੋ ਵਣਜਾਰਾ ਬੇਦੀ ਨੇ ਪੰਜਾਬੀ ਲੋਕਧਾਰਾ ਉੱਪਰ ਬਹੁਤ ਵੱਡਾ ਤੇ ਕਮਾਲ ਦਾ ਕੰਮ ਕਰਕੇ ਦਿੱਤਾ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਜੇ ਉਹ ਐਡਾ ਵੱਡਾ ਕੰਮ ਕਰ ਸਕਦਾ ਹੈ ਤਾਂ ਫਿਰ ਕੋਈ ਹੋਰ ਕਿਉਂ ਨਹੀਂ ਕਰ ਸਕਦਾ? ਡਾ. ਨਾਹਰ ਸਿੰਘ ਤੇ ਮੈਂ ਵੀ ਅਕਾਦਮਿਕਤਾ ਨਾਲ ਜੁੜੇ ਹੋਏ ਬੰਦੇ ਹਾਂ ਤੇ ਦਵਿੰਦਰ ਸਤਿਆਰਥੀ ਵੀ ਐੱਮ. ਏ. ਅੰਗਰੇਜ਼ੀ ਸੀ। ਉਹ ਪੜ੍ਹਾਉਂਦਾ ਵੀ ਰਿਹਾ ਹੈ ਭਾਵੇਂ ਬਾਅਦ ‘ਚ ਛੱਡ ਕੇ ਚਲਾ ਗਿਆ। ਲੇਕਿਨ ਉਸਨੇ ਕਿੱਡਾ ਵੱਡਾ ਕੰਮ ਕੀਤਾ ਹੈ। ਜੇ ਤੁਸੀਂ ਉਸਦੀ ‘ਦੀਵਾ ਬਲੇ ਸਾਰੀ ਰਾਤ’ ਪੜ੍ਹੋਂ ਤਾਂ ਦੇਖੋਗੇ ਕਿ ਉਸ ਵਿਚ ਬਹੁਤ ਹੀ ਮੁੱਲਵਾਨ ਗੱਲਾਂ ਕੀਤੀਆਂ ਗਈਆਂ ਹਨ ਤੇ ਉਸਦੀ ਦ੍ਰਿਸ਼ਟੀ ਬੜੀ ਸਾਫ਼ ਹੈ। ਮੁੱਢਲੇ ਲੋਕਧਾਰਾ ਸ਼ਾਸ਼ਤਰੀਆਂ ਤੋਂ ਬਾਅਦ ਪੰਜਾਬੀ ਲੋਕਧਾਰਾ ਬਾਰੇ ਉਸ ਤਰ੍ਹਾਂ ਦਾ ਅਧਿਐਨ ਦੇਖਣ ਵਿਚਨਹੀਂ ਆਉਂਦਾ। ਇਸਦਾ ਮੁੱਖ ਕਾਰਨ ਹੈ ਕਿ ਸਾਡਾ ਵਧੇਰੇ ਧਿਆਨ ਇਕੱਤਰੀਕਰਨ ਵਾਲੇ ਪਾਸੇ ਰਿਹਾ ਹੈ। ਮਾਨਵ ਵਿਗਿਆਨ ਦੀ ਇਕੱਤਰਿਤ ਸਮੱਗਰੀ ਦਾ ਨਾ ਹੋਣਾ ਸਾਡੇ ਲਈ ਇਕ ਬੜੀ ਵੱਡੀ ਸੀਮਾ ਰਿਹਾ ਹੈ ਤੇ ਅੱਜ ਵੀ ਹੈ। ਇੱਥੇ ਇਹ ਗੱਲ ਵੀ ਨਹੀਂ ਹੈ ਕਿ ਅਸੀਂ ਉਸ ਸਮੱਗਰੀ ਨੂੰ ਵਰਤ ਨਹੀਂ ਸਕਦੇ ਜਾਂ ਉਸਦੀ ਵਰਤੋਂ ਦੇ ਕਾਬਿਲ ਨਹੀਂ ਹਾਂ। ਇੱਥੇ ਮਸਲਾ ਇਹ ਹੈ ਕਿ ਮਾਨਵਵਿਗਿਆਨਕ ਪੱਖ ਤੋਂ ਪੰਜਾਬ ਬਾਰੇ ਕੋਈ ਕੰਮ ਹੀ ਨਹੀਂ ਹੋਇਆ। ਸੋ ਸਾਹਿਤ ਵਾਲਿਆਂ ਤੋਂ ਅਧਿਐਨ ਦੇ ਦੂਜੇ ਖੇਤਰਾਂ ਬਾਰੇ ਮੌਲਿਕ ਤੇ ਮੂਲ ਖੋਜ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਲੇਕਿਨ ਫਿਰ ਵੀ ਅਕਾਦਮਿਕਤਾ ਦੀਆਂ ਸੀਮਾਵਾਂ ਅੰਦਰ ਰਹਿੰਦੇ ਹੋਏ ਸਾਹਿਤ ਵਾਲਿਆਂ ਨੇ ਜਿੰਨਾ ਕੰਮ ਕੀਤਾ ਹੈ, ਉਹ ਕਾਬਿਲੇ-ਤਾਰੀਫ਼ ਹੈ। ਇਹ ਵੀ ਧਿਆਨ ਵਿਚਰੱਖਣਾ ਚਾਹੀਦਾ ਹੈ ਕਿ ਪੰਜਾਬ ਵਿਚ ਲੋਕਧਾਰਾ ਨੂੰ ਅਧਿਐਨ ਦੇ ਸੁਤੰਤਰ ਖੇਤਰ ਵਜੋਂ ਸਥਾਪਿਤ ਕਰਨ ਵਾਲੇ ਵੀ ਸਾਹਿਤ ਦੇ ਬੰਦੇ ਹੀ ਹਨ। ਲੇਕਿਨ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਦੂਜੀਆਂ ਦ੍ਰਿਸ਼ਟੀਆਂ ਨੂੰ ਨਾਲ ਲੈ ਕੇ ਲੋਕਧਾਰਾ ਅਧਿਐਨ ਵਧੇਰੇ ਗੁਥਮਗੁੱਥਾ ਹੋਇਆ ਹੁੰਦਾ ਤਾਂ ਸ਼ਾਇਦ ਇਸਦੇ ਨਾਲੋਂ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆਉਂਦਾ।

ਸਵਾਲ : ਕੀ ਸਾਹਿਤ ਦਾ ਵਿਦਿਆਰਥੀ ਮਾਨਵਵਿਗਿਆਨ, ਭਾਸ਼ਾ ਵਿਗਿਆਨ, ਇਤਿਹਾਸ, ਰਾਜਨੀਤੀ, ਮਨੋਵਿਗਿਆਨ ਆਦਿ ਅਨੁਸ਼ਾਸ਼ਨਾਂ ਦੇ ਮੂਲਸੰਕਲਪਾਂ (basic concept) ਨੂੰ ਜਾਣੇ ਬਿਨਾਂ ਲੋਕਧਾਰਾ ਨੂੰ ਸਮਝਣ ਦੇ ਯੋਗ ਹੋ ਸਕਦਾ ਹੈ?

ਜਵਾਬ :   ਸਾਹਿਤ ਦਾ ਵਿਦਿਆਰਥੀ ਮਾਨਵਵਿਗਿਆਨ, ਭਾਸ਼ਾ ਵਿਗਿਆਨ, ਇਤਿਹਾਸ ਜਾਂ ਰਾਜਨੀਤੀ ਆਦਿ ਅਨੁਸ਼ਾਸ਼ਨਾਂ ਦੇ ਮੂਲ ਸੰਕਲਪਾਂ (basic concept) ਨੂੰ ਜਾਣੇ ਬਿਨਾਂ ਲੋਕਧਾਰਾ ਨੂੰ ਸਮਝਣ ਦੇ ਯੋਗ ਨਹੀਂ ਹੋ ਸਕਦਾ ਹੈ। ਜਿੰਨਾ ਲੋਕਧਾਰਾ ਸ਼ਾਸਤਰੀ ਇੰਨ੍ਹਾਂ ਵਿਗਿਆਨਾਂ ਦੇ ਸੰਕਲਪਾਂ ਨੂੰ ਵਧੇਰੇ ਸਮਝੇਗਾ ਓਨਾਂ ਹੀ ਉਸਦਾ ਅਧਿਐਨ ਡੂੰਘਾ ਹੋਵੇਗਾ। ਮਾਨਵ ਵਿਗਿਆਨ ਬਾਰੇ ਪਹਿਲਾਂ ਕਾਫ਼ੀ ਚਰਚਾ ਹੋ ਚੁੱਕੀ ਹੈ। ਇੱਥੇ ਦੂਸਰੇ ਅਨੁਸ਼ਾਸਨਾਂ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ. ਲੋਕਧਾਰਾ ਕਿਉਂਕਿ ਸਥਾਨਕ ਹੁੰਦੀ ਹੈ ਇਸ ਲਈ ਲੋਕਧਾਰਾ ਸ਼ਾਸਤਰੀ ਨੂੰ ਨਾ ਕੇਵਲ ਸਥਾਨਕ ਭੂਗੋਲ ਦੀ ਹੀ ਜਾਣਕਾਰੀ ਹੋਣੀ ਚਾਹੀਦੀ ਹੈ ਸਗੋਂ ਇਲਾਕੇ ਦੀ ਉਪਭਾਸ਼ਾ ਬਾਰੇ ਵੀ ਪੂਰਾ ਅਧਿਐਨ ਹੋਣਾ ਚਾਹੀਦਾ ਹੈ। ਕੰਢੀ ਦੀ ਵਿਆਖਿਆ ਦੁਆਬੇ ਦੇ ਭੂਗੋਲ ਨੂੰ ਸਮਝੇ ਬਗੈਰ ਸੰਭਵ ਨਹੀਂ। ਦੁਆਬੀ ਉਪਭਾਸ਼ਾ ਦੇ ਅਧਿਐਨ ਬਗੈਰ ਇੰਜੜੇ ਸ਼ਬਦ ਤੇ ਪੰਧੜੇ ਪੂਜਣ ਦੀ ਰਸਮ ਨੂੰ ਨਹੀਂ ਸਮਝਿਆ ਜਾ ਸਕਦਾ। ਪੰਜਾਬ ਦੇ ਇਤਿਹਾਸ ਨੂੰ ਪੜ੍ਹੇ ਬਗੈਰ ਅਕਾਲੀ ਲਹਿਰ ਤੇ ਸਿੰਘ ਸਭਾ ਲਹਿਰ ਦੇ ਵਿਰੋਧ ਵਿਚ ਪੈਦਾ ਹੋਈਆਂ ਬੋਲੀਆਂ ਦੇ ਯਥਾਰਥ ਨੂੰ ਨਹੀਂ ਵਾਚਿਆ ਜਾ ਸਕਦਾ। ਰਾਜਨੀਤੀ ਕਿਵੇਂ ਕਿਸੇ ਖਿੱਤੇ ਦੀ ਭਾਸ਼ਾ, ਸਾਹਿਤ ਤੇ ਸਭਿਆਚਾਰ/ਲੋਕਧਾਰਾ ਨੂੰ ਪ੍ਰਭਾਵਿਤ ਕਰਦੀ ਹੈ ਇਸ ਬਾਰੇ ਵੀ ਚਰਚਾ ਬਾਅਦ ਵਿਚ ਕਰਾਂਗੇ। ਸਾਮੂਹਿਕ ਅਵਚੇਤਨ ਨੂੰ ਜੇ ਸਮਝਣਾ ਹੈ ਤਾਂ ਮਨੋਵਿਗਿਆਨ ਕੋਲ ਜਾਣਾ ਹੀ ਪਵੇਗਾ। ਮੈਂ ਔਰਤਾਂ ਦੀ ਸਮਾਜਿਕ ਦਬਾਵਾਂ, ਮਰਦ ਪ੍ਰਧਾਨ ਸਮਾਜ ਦੇ ਦਾਬੇ ਅਤੇ ਮੰਨੂਵਾਦੀ ਜਾਤਪਾਤੀ ਢਾਂਚੇ ਵਿਚ ਬਣੀ ਮਾਨਸਿਕਤਾ ਨੂੰ ਸਮਝਣ ਲਈ ਮਨੋਵਿਗਿਆਨ ਦਾ ਹਰ ਥਾਂ ਸਹਾਰਾ ਲਿਆ ਹੈ। ਇਸੇ ਤਰ੍ਹਾਂ ਹੀ ਸਮਾਜਿਕ ਸੰਸਥਾਵਾਂ ਦੀ ਪ੍ਰਕਿਰਤੀ ਨੂੰ ਵੀ ਸਮਝਣਾ ਜ਼ਰੂਰੀ ਹੈ। ਇਨ੍ਹਾਂ ਅਨੁਸ਼ਾਸਨਾਂ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਝਕੇ ਹੀ ਵਰਤਿਆ ਗਿਆ ਹੈ। ਸੰਰਚਨਾਵਾਦੀ, ਬਿੰਬਵਾਦੀ ਤੇ ਦੂਸਰੀਆਂ ਪ੍ਰਣਾਲੀਆਂ ਨੂੰ ਵੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਝਣ ਬਾਅਦ ਹੀ ਵਿਹਾਰਕ ਰੂਪ ਵਿਚ ਲਿਆਂਦਾ ਗਿਆ ਹੈ।

ਸਵਾਲ : ਕੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਲੋਕਧਾਰਾ ਦੇ ਪੇਪਰ ਦੇ ਸਿਲੇਬਸ ਵਿਚ ਕੋਈ ਗੰਭੀਰ ਤਬਦੀਲੀ ਹੋਣੀ ਚਾਹੀਦੀ ਹੈ?

ਜਵਾਬ: ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਲੇਬਸ ਵਿਚ ਤਬਦੀਲੀ ਹੋਣੀ ਚਾਹੀਦੀ ਹੈ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਸਿਲੇਬਸ ਇਕ ਵਾਰ ਬਣਾ ਲੈਂਦੇ ਹਾਂ ਅਤੇ ਦੁਬਾਰਾ ਛੇਤੀ ਕਿਤੇ ਉਸਨੂੰ ਬਦਲਣ ਦਾ ਨਾਂ ਨਹੀਂ ਲੈਂਦੇ। ਉਦਾਹਰਨ ਲਈ ਦੁਨੀਆਂ ਦੇ ਸਾਰੇ ਲੋਕਧਾਰਾ ਸ਼ਾਸ਼ਤਰੀ ਲੋਕ ਸਿਆਣਪਾਂ, ਕਹਾਵਤਾਂ ਤੇ ਅਖਾਉਂਤਾ ਨੂੰ ਵੱਖਰਾ ਰੂਪ ਮੰਨਦੇ ਹਨ। ਲੇਕਿਨ ਸਾਡੀਆਂ ਯੂਨੀਵਰਸਿਟੀਆਂ ਵਿੱਚ, ਡਾ. ਨਾਹਰ ਸਿੰਘ ਦੀ ਬਦੌਲਤ, ਇਸਨੂੰ ਕਾਫ਼ੀ ਸਮੇਂ ਤੋਂ ਲੋਕ ਸਾਹਿਤ ਦੇ ਅੰਤਰਗਤ ਪੜ੍ਹਾਇਆ ਜਾ ਰਿਹਾ ਹੈ। ਇਹ ਜ਼ਰੂਰੀ ਹੈ ਕਿ ਨਵੀਂਆਂ ਧਾਰਨਾਵਾਂ ਦੇ ਮੱਦੇ ਨਜ਼ਰ, ਹਰ ਦੋ-ਤਿੰਨ ਸਾਲ ਬਾਅਦ ਸਿਲੇਬਸ ਬਦਲਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਗੰਭੀਰ ਬਦਲਾਵਾਂ ਦੀ ਲੋੜ ਵੀ ਨਹੀਂ ਪਵੇਗੀ। ਸੋ ਇਕ ਸਮੇਂ ਤੋਂ ਬਾਅਦ ਸਿਲੇਬਸਾਂ ਵਿਚ ਗੰਭੀਰ ਬਦਲਾਵ ਭਾਵੇਂ ਨਾ ਹੋਵੇ ਪਰ ਜਿਹੜੇ ਦੁਨੀਆਂ ਪੱਧਰ ‘ਤੇ ਨਵੀਂਆਂ ਖੋਜਾਂ ਹੋ ਰਹੀਆਂ ਹਨ ਉਨ੍ਹਾਂ ਨੂੰ ਸਥਾਨਕ ਤੌਰ ‘ਤੇ ਹੋਈਆਂ ਤਬਦੀਲੀਆਂ ਦੇ ਪ੍ਰਸੰਗ ਵਿਚ ਰੱਖਦੇ ਹੋਏ ਸਿਲੇਬਸ ਵਿਚਲੀ ਤਬਦੀਲੀ ਨੂੰ ਯਕੀਨੀ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਲੇਕਿਨ ਮਸਲਾ ਕੇਵਲ ਇੰਨਾ ਨਹੀਂ ਹੈ। ਇਸ ਤੋਂ ਅੱਗੇ ਅਧਿਆਪਨ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ। ਉਦਾਹਰਨ ਲਈ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਿਲੇਬਸ ਵਿਚ ਐਲਨ ਡੰਡੀਜ ਵਰਗੇ ਕੁੱਝ ਪੱਛਮੀ ਲੋਕਧਾਰਾ ਸ਼ਾਸ਼ਤਰੀ ਲਵਾ ਦਿੱਤੇ। ਹੁਣ ਇਨ੍ਹਾਂ ਨੂੰ ਉੱਥੇ ਕਿਸੇ ਅਧਿਆਪਕ ਨੇ ਵੀ ਨਹੀਂ ਪੜ੍ਹਿਆ ਸੀ। ਇਸ ਲਈ ਜਿੰਨਾ ਚਿਰ ਮੈਂ ਉਸ ਵਿਭਾਗ ਵਿਚ ਰਿਹਾ, ਸਿਲੇਬਸ ਦਾ ਇਹ ਹਿੱਸਾ ਪੜ੍ਹਾਉਂਦਾ ਰਿਹਾ ਲੇਕਿਨ ਉਸਤੋਂ ਬਾਅਦ ਕਿਸੇ ਨੇ ਨਹੀਂ ਪੜ੍ਹਾਇਆ। ਹੁਣ ਉਸ ਹਿੱਸੇ ਨੂੰ ਛੱਡ ਦਿੰਦੇ ਹਨ ਕਿ ਬਾਕੀ ਸਿਲੇਬਸ ਕਰ ਲਵੋ ਅਤੇ ਇਸਨੂੰ ਛੱਡ ਦਿਓ। ਖ਼ੈਰ! ਸਾਡੇ ਪੜ੍ਹਨ ਤੇ ਪੜ੍ਹਾਉਣ ਦੇ ਰੁਝਾਨ ਥੋੜ੍ਹੇ ਵੱਖਰੀ ਤਰ੍ਹਾਂ ਦੇ ਹਨ। ਲੇਕਿਨ ਫਿਰ ਵੀ ਸਿਲੇਬਸ ਬਦਲਦਾ ਰਹਿਣਾ ਚਾਹੀਦਾ ਹੈ। ਜੇ ਕੁੱਝ ਚੀਜ਼ਾਂ ਨਵੀਆਂ ਆਈਆਂ ਹਨ ਤਾਂ ਉਨ੍ਹਾਂ ਨੂੰ ਵੀ ਸ਼ਾਮਿਲ ਕਰਦੇ ਰਹਿਣਾ ਚਾਹੀਦਾ ਹੈ।

ਸਵਾਲ : ਪੰਜਾਬੀ ਲੋਕਧਾਰਾ ਅਧਿਐਨ ਬਸਤੀਵਾਦੀਆਂ ਰਾਹੀਂ ਸ਼ੁਰੂ ਹੋ ਕੇ, ਰਾਸ਼ਟਰਵਾਦੀਆਂ ਰਾਹੀਂ ਵਿਸਥਾਰ ਗ੍ਰਹਿਣ ਕਰਦਾ ਹੋਇਆ, ਖੇਤਰੀ ਵਿਦਵਾਨਾਂ ਰਾਹੀਂ ਸੁਤੰਤਰ ਅਨੁਸ਼ਾਸ਼ਨ ਵਜੋਂ ਸਥਾਪਿਤ ਹੁੰਦਾ ਹੈ। ਤੁਹਾਡੇ ਅਨੁਸਾਰ ਵਰਤਮਾਨ ਸਮੇਂ ਪੰਜਾਬੀ ਲੋਕਧਾਰਾ ਅਧਿਐਨ ਦਾ ਰੁਝਾਨ ਜਾਂ ਪ੍ਰਵਿਰਤੀ ਕੀ ਹੈ?

ਜਵਾਬ : ਇਸ ਸਮੇਂ ਪੰਜਾਬੀ ਲੋਕਧਾਰਾ ਅਧਿਐਨ ਦੀ ਮੂਲ ਪ੍ਰਵਿਰਤੀ ਅਕਾਦਮਿਕ ਹੈ। ਇਸ ਤੋਂ ਹਟ ਕੇ ਜਿਹੜਾ ਕੰਮ ਹੋ ਰਿਹਾ ਹੈ ਉਸਨੂੰ ਇਲਾਕਾਈ ਜਾਂ ਖੇਤਰੀ ਪ੍ਰਵਿਰਤੀ ਦੇ ਅਧੀਨ ਰੱਖਿਆ ਜਾ ਸਕਦਾ ਹੈ। ਜਿਵੇਂ ਮੈਂ ਦੁਆਬੇ ਨੂੰ ਆਧਾਰ ਬਣਾ ਕੇ ਕੰਮ ਕੀਤਾ, ਨਾਹਰ ਸਿੰਘ ਨੇ ਮਾਲਵ ੇ’ਤੇ ਕੰਮ ਕੀਤਾ, ਜਸਵੰਤ ਰਾਏ ਨੇ ਲੋਕ ਕਹਾਣੀ ‘ਤੇ ਕੰਮ ਕੀਤਾ, ਬਲਵਿੰਦਰ ਕੌਰ ਨੇ ਬੀਤ ਦੇ ਇਲਾਕੇ ‘ਤੇ ਕੰਮ ਕੀਤਾ। ਇਸੇ ਤਰ੍ਹਾਂ ਜਲੰਧਰ ਤੋਂ ਇੱਕ-ਦੋ ਕੁੜੀਆਂ ਨੇ ਕੰਮ ਕੀਤਾ। ਉਹ ਵੀ ਦੁਆਬੇ ਅਤੇ ਇਸਦੇ ਨੇੜੇ ਦੇ ਇਲਾਕੇ ਦਾ ਹੀ ਹੈ। ਮਾਲਵੇ ਦੇ ਵਿਚ ਮੈਂ ਇਕ ਐੱਮ.ਫਿਲ.ਦੇ ਵਿਦਿਆਰਥੀ ਤੋਂ ਫਿਰੋਜ਼ਪੁਰ ਦੇ ਨੇੜਿਓ ਲੋਕ ਗੀਤ ਇਕੱਠੇ ਕਰਵਾਏ ਹਨ। ਸੋ ਇਸ ਦੇ ਵਿਚ ਜ਼ਿਲ੍ਹੇ ਤੇ ਖਿੱਤੇ ਵਾਰ ਕਿਸਮ ਦਾ ਕੰਮ ਹੋ ਰਿਹਾ ਹੈ। ਇਸੇ ਤਰ੍ਹਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਛੋਟੀਆਂ ਸੰਪ੍ਰਦਾਵਾਂ ਉੱਪਰ ਕੰਮ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਾਲੇ ਉਸ ਇਲਾਕੇ ਦੇ ਨੇੜੇ-ਤੇੜੇ ਕੰਮ ਕਰਵਾ ਰਹੇ ਹਨ। ਲੇਕਿਨ ਉਹ ਕੰਮ ਬਹੁਤਾ ਡੂੰਘਾ ਨਹੀਂ ਹੈ, ਕੇਵਲ ਜਾਣਕਾਰੀ ਤੱਕ ਸੀਮਤ ਹੈ। ਮੈਂ ਉੱਥੇ ਡੇਰ ੇ’ਤੇ ਹੋਏ ਕਿਸੇ ਖੋਜ ਕਾਰਜ ਦਾ ਵਾਇਵਾ ਲੈ ਰਿਹਾ ਸੀ। ਉਸਨੇ ਸਿਰਫ਼ ਵੇਰਵੇ ਦਿੱਤੇ ਹੋਏ ਸਨ ਕਿ ਉੱਥੇ ਖੀਰ ਵਰਤਦੀ ਹੈ, ਖੀਰ ਕੁੱਤੇ ਖਾਂਦੇ ਹੈ, ਉੱਥੇ ਇਹ ਹੁੰਦਾ ਹੈ ਜਾਂ ਔਹ ਹੁੰਦਾ ਹੈ ਆਦਿ ਪੱਤਰਕਾਰੀ ਕਿਸਮ ਦੀਆਂ ਗੱਲਾਂ ਕੀਤੀਆਂ ਹੋਈਆਂ ਸਨ। ਮੈਂ ਪੁੱਛਿਆ ਕਿ ਤੂੰ ਇਹ ਕੰਮ ਕੀਤਾ ਕਿਸ ਮੰਤਵ ਲਈ ਹੈ? ਇਹ ਸਭ ਕੁੱਝ ਤਾਂ ਪਹਿਲਾਂ ਹੀ ਉੱਥੇ ਹੈ। ਤੂੰ ਖੋਜ ਕਾਰਜ ਇਸਨੂੰ ਪੱਕਾ ਕਰਨ ਲਈ ਕੀਤਾ ਹੈ ਕਿ ਇਨ੍ਹਾਂ ਨੂੰ ਹਟਾਉਣ ਲਈ ਕੀਤਾ ਹੈ? ਇਸ ਸਵਾਲ ਦਾ ਉਸਨੇ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਜਵਾਬ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਨ੍ਹਾਂ ਕੋਲ ਇਸ ਤਰ੍ਹਾਂ ਦੀ ਅਧਿਐਨ-ਦ੍ਰਿਸ਼ਟੀ ਨਹੀਂ ਹੈ। ਉਹ ਅਜਿਹੇ ਕੋਣ ਤੋਂ ਕੰਮ ਹੀ ਨਹੀਂ ਕਰਦੇ। ਹੁਣ ਤੁਸੀਂ ਦੇਖੋ ਗੁਰਬਾਣੀ ‘ਤੇ ਜਿੰਨੇ ਕੰਮ ਕਰ ਰਹੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਕੋਈ ਵਿਚਾਰਧਾਰਕ ਅਧਿਐਨ ਦ੍ਰਿਸ਼ਟੀ ਨਹੀਂ ਹੈ। ਉਹ ਬਸ ਵਿਆਖਿਆ ਕਰ ਰਹੇ ਹਨ ਕਿਉਂਕਿ ਆਲੋਚਨਾ ਸੁਣਨ ਨੂੰ ਕੋਈ ਤਿਆਰ ਹੀ ਨਹੀਂ ਹੈ। ਇਸੇ ਤਰਾਂ ਜੇ ਤੁਸੀਂ ਡੇਰੇ ‘ਤੇ ਕੰਮ ਕਰ ਰਹੇ ਹੋ ਤਾਂ ਉਸਦੇ ਖਿਲਾਫ਼ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਸੋ ਇਸ ਸਮੇਂ ਪ੍ਰਵਿਰਤੀ ਤਾਂ ਖੇਤਰਵਾਦ ਦੀ ਹੈ ਲੇਕਿਨ ਫਿਰ ਵੀ ਖੇਤਰ ਨੂੰ ਆਧਾਰ ਬਣਾ ਕੇ ਕੋਈ ਜ਼ਿਆਦਾ ਗਹਿਰ-ਗੰਭੀਰ ਕੰਮ ਸਾਹਮਣੇ ਨਹੀਂ ਆਇਆ।

ਸਵਾਲ : ਕੀ ਸਮਕਾਲ ਵਿਚ ਪੈਦਾ ਹੋ ਰਹੀ ਲੋਕਧਾਰਾ ਦੀ ਪਛਾਣ ਨਿੱਖੜਵੇਂ ਰੂਪ ਵਿਚ ਸੰਭਵ ਹੁੰਦੀ ਹੈ? ਜੇਕਰ ਹਾਂ ਤਾਂ ਉਸਦੀ ਪਛਾਣ ਦੇ ਨਿਰਧਾਰਕ ਤੱਤ ਜਾਂ ਲੱਛਣ ਕਿਹੜੇ ਹੋਣਗੇ?

ਉਤਰ : ਇਸ ਸੰਬੰਧ ਵਿਚ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਤੇ ਮੰਨਣੀ ਬਹੁਤ ਜ਼ਰੂਰੀ ਹੈ ਕਿ ਲੋਕਧਾਰਾ ਹਮੇਸ਼ਾ ਧਾਰਾ ਦੇ ਰੂਪ ਵਿਚ ਹੀ ਵਹਿੰਦੀ ਹੈ। ਸੋ ਲੋਕਧਾਰਾ ਨੂੰ ਇਸ ਤਰ੍ਹਾਂ ਨਹੀ ਨਖੇੜਿਆ ਜਾ ਸਕਦਾ ਜਿਵੇਂ ਇਤਿਹਾਸ, ਰਾਜਨੀਤੀ ਜਾਂ ਇਨ੍ਹਾਂ ਵਰਗੀਆਂ ਕੁੱਝ ਹੋਰ ਚੀਜ਼ਾਂ ਦਾ ਨਿਖੇੜ ਕੀਤਾ ਜਾ ਸਕਦਾ ਹੈ। ਲੇਕਿਨ ਨਾਲ ਦੀ ਨਾਲ ਇਹ ਵੀ ਸੱਚ ਹੈ ਕਿ ਲੋਕਧਾਰਾ ਸਮਾਜਿਕ ਪਰਿਵਰਤਨਾਂ ਨੂੰ ਵੀ ਨਾਲ ਦੀ ਨਾਲ ਗ੍ਰਹਿਣ ਕਰਦੀ ਜਾਂਦੀ ਹੈ। ਲੋਕਧਾਰਾ ਦੇ ਪਾਠ ਦਾ ਅਧਿਐਨ ਕਰਨ ਨਾਲ ਪਤਾ ਲੱਗ ਜਾਂਦਾ ਹੈ ਕਿ ਇਹ ਇਤਿਹਾਸ ਦੇ ਕਿਹੜੇ ਕਾਲ ਨਾਲ ਸੰਬੰਧਿਤ ਹੈ। ਜਿਵੇਂ ਹੁਣ ਜਗੀਰਦਾਰੀ ਜਾਂ ਮੱਧਕਾਲ ਦੀ ਲੋਕਧਾਰਾ ਵਿਚ ਰਾਜਿਆਂ-ਮਹਾਰਾਜਿਆਂ ਤੇ ਰਾਣੀਆਂ ਦੇ ਵੇਰਵੇ ਮਿਲਦੇ ਹਨ। ਹੁਣ ਇਹ ਸਿਰਫ਼ ਵੇਰਵਿਆਂ ਤੱਕ ਤਾਂ ਠੀਕ ਹੈ ਲੇਕਿਨ ਇਸਤੋਂ ਅੱਗੇ ਇਹ ਦੇਖਣਾ ਪਏਗਾ ਕਿ ਲੋਕ ਅਜਿਹੇ ਵੇਰਵਿਆਂ ਦੀ ਵਰਤੋਂ ਕਿਸ ਦ੍ਰਿਸ਼ਟੀ ਤੋਂ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿਚ ਰਾਜਾ ਕਦੇ ਵਾਣ ਵੱਟਦਾ ਹੈ, ਸ਼ਿਕਾਰ ਖੇਡਦਾ ਹੈ ਜਾਂ ਅਜਿਹੇ ਹੋਰ ਕੰਮ ਕਰਦਾ ਹੈ ਅਤੇ ਰਾਣੀਆਂ ਰੋਟੀ ਬਣਾਉਣ ਤੋਂ ਲੈ ਕੇ ਸਧਾਰਨ ਔਰਤਾਂ ਵਾਲੇ ਸਾਰੇ ਕੰਮ ਕਰਦੀਆਂ ਹਨ। ਹੁਣ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਵੇਰਵਿਆਂ ਵਿਚ ਵੀ ਲੋਕਾਂ ਦੀ ਦ੍ਰਿਸ਼ਟੀ ਹੈ। ਹੁਣ ਜਦੋਂ ਅੰਗਰੇਜ਼ਾਂ ਦਾ ਸਮਾਂ ਜਿਸਨੂੰ ਆਮ ਕਰਕੇ ਅਸੀਂ ਆਧੁਨਿਕ ਯੁਗ ਕਹਿੰਦੇ ਹਾਂ ਆਉਂਦਾ ਹੈ ਤਾਂ ਉਸਦੇ ਨਾਲ ਗੱਡੀਆਂ ਆ ਜਾਂਦੀਆਂ ਹਨ। ਸੋ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਅੰਦਰ ਤੱਕ ਪ੍ਰਭਾਵਿਤ ਕਰਦੀਆਂ ਹਨ, ਉਹ ਲੋਕ ਸਾਹਿਤ ਜਾਂ ਲੋਕਧਾਰਾ ‘ਚ ਆ ਜਾਂਦੀਆਂ ਹਨ, ਬਾਕੀ ਚੀਜ਼ਾਂ ਨੂੰ ਲੋਕ ਛੱਡ ਦਿੰਦੇ ਹਨ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਈ ਵਾਰ ਬਹੁਤ ਮਹੱਤਵਪੂਰਨ ਘਟਨਾਵਾਂ ਲੋਕਧਾਰਾ ਦਾ ਹਿੱਸਾ ਨਹੀਂ ਬਣਦੀਆਂ। ਉਦਾਹਰਨ ਲਈ ਸਾਡੀ ਲੋਕਧਾਰਾ ਵਿਚ ਹਿਟਲਰ ਨਹੀਂ ਆਇਆ। ਇਸਦਾ ਕੋਈ ਵਿਸ਼ੇਸ਼ ਕਾਰਨ ਨਹੀਂ ਹੈ, ਬਸ ਨਹੀਂ ਆਇਆ। ਲੇਕਿਨ ਬਰਮਾ ਦੀ ਲੜਾਈ ਆ ਗਈ ਕਿਉਂਕਿ ਇਥੋਂ ਦੇ ਲੋਕ ਉਸ ਲੜਾਈ ‘ਚ ਗਏ ਸੀ। ‘ਨਾ ਜਾ ਬਰਮਾਂ ਨੂੰ ਤੇਰੇ ਲੇਖ ਜਾਣਗੇ ਨਾਲੇ’, ‘ਗੱਡੀ ਆਉਂਦੀ ਨੂੰ ਲੁਕ ਲਾਵਾਂ, ਮਾਹੀਏ ਆਉਂਦੇ ਨੂੰ ਬੋਦਾ ਵਾਹ ਕੇ ਕਲਿਪ ਲਾਵਾਂ’। ਇਸੇ ਤਰ੍ਹਾਂ ‘ਜੰਜ ਕਾਲਜਾਂ ‘ਚੋਂ ਨੱਚਦੀ ਆਈ ਕੁੜੀਓ’ ਆਦਿ ਬੋਲੀਆਂ ਸਟੇਜਾਂ ‘ਤੇ ਪੈਂਦੀਆਂ ਹਨ ਤੇ ਬਾਅਦ ‘ਚ ਉਹ ਲੋਕਾਂ ‘ਚ ਵੀ ਆ ਜਾਂਦੀਆਂ ਹਨ। ਸੋ ਇਹ ਇਕ ਪ੍ਰਕਿਰਿਆ ਹੈ। ਵਰਤਮਾਨ ਦੌਰ ਦੀ ਪਛਾਣ ਇਸੇ ਤਰ੍ਹਾਂ ਹੁੰਦੀ ਹੈ ਕਿ ਉਸ ਸਮਕਾਲ ਨਾਲ ਜੁੜੀਆਂ ਚੀਜ਼ਾਂ, ਘਟਨਾਵਾਂ ਤੇ ਸ਼ਬਦਾਵਲੀ ਆਦਿ ਸ਼ਾਮਿਲ ਹੋਣ ਜਿਵੇਂ ‘ਏ. ਬੀ. ਸੀ. ਤੇਰੇ ਤੋਂ ਪੜ੍ਹਨੀ ਐ, ਹੈਲੋ ਮਿਸਟਰ ਹੈਲੋ ਮਿਸਟਰ, ਅਸੀਂ ਵੀ ਗਿਟਮਿਟ ਕਰਨੀ ਐਂ’। ਸੋ ਇਸ ਤਰ੍ਹਾਂ ਨਵੇਂ ਦੌਰ ਵਿਚ ਵਿਕਸਿਤ ਹੋਏ ਸਭਿਆਚਾਰ ਦੇ ਚਿੰਨ੍ਹ ਲੋਕਧਾਰਾ ਵਿਚ ਦਿਸਣ ਲੱਗ ਪੈਂਦੇ ਹਨ। ਇਹੀ ਪਛਾਣ ਹੁੰਦੀ ਹੈ।
ਉਂਝ ਅੱਜ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਲੋਕਧਾਰਾ ਹਰ ਯੁੱਗ, ਸਮੇਂ ਅਤੇ ਕਾਲ ਵਿਚ ਪੈਦਾ ਹੁੰਦੀ ਰਹਿੰਦੀ ਹੈ। ਹਾਲਾਂ ਕਿ ਸਾਡੇ ਪਹਿਲੇ ਲੋਕਧਾਰਾ ਸ਼ਾਸਤਰੀ ਮੰਨਦੇ ਰਹੇ ਹਨ ਕਿ ਜਿਹੜਾ ਪੁਰਾਣਾ ਹੈ, ਉਹੀ ਲੋਕਧਾਰਾ ਹੈ। ਇਸ ਸੰਬੰਧ ਵਿਚ ਦੋ ਗੱਲਾਂ ਬਹੁਤ ਮਹੱਤਵਪੂਰਨ ਹਨ ਜਿਹੜੀਆਂ ਬਾਅਦ ਦੇ ਲੋਕਧਾਰਾ ਸ਼ਾਸਤਰੀਆਂ ਨੇ ਮੰਨੀਆਂ। ਪਹਿਲੀ ਕਿ ਅੱਜ ਵੀ ਲੋਕਧਾਰਾ ਸਿਰਜੀ ਜਾ ਰਹੀ ਹੈ ਅਤੇ ਦੂਜੀ ਕਿ ਸਮਕਾਲੀ ਲੋਕਧਾਰਾ ਦੀ ਸਿਰਜਣਾ ਵਿਚ ਪਿੰਡ ਦੇ ਨਾਲ-ਨਾਲ ਸ਼ਹਿਰ ਵੀ ਸ਼ਾਮਿਲ ਹੈ। ਅਜਿਹੇ ਨਵੇਂ ਵਿਚਾਰਾਂ ਨਾਲ ਕਈ ਪੂਰਵ ਧਾਰਨਾਵਾਂ ਟੁੱਟ ਗਈਆਂ ਲੇਕਿਨ ਸਾਡੇ ਸਿਧਾਂਤਕ ਪੱਧਰ ਉੱਪਰ ਉਸ ਤਰ੍ਹਾਂ ਦਾ ਅਸਰ ਨਹੀਂ ਪਿਆ ਜਿਸ ਤਰ੍ਹਾਂ ਦਾ ਪੈਣਾ ਚਾਹੀਦਾ ਸੀ। ਅਸੀਂ ਅੱਜ ਵੀ ਸ਼ਹਿਰਾਂ ਦੀ ਲੋਕਧਾਰਾ ਨੂੰ ਨਹੀਂ ਵਿਚਾਰਦੇ। ਇਸ ਬਾਬਤ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਸੀਂ ਅਜੇ ਵੀ ਡੇਰਿਆਂ ‘ਤੇ ਫਸੇ ਪਏ ਹਾਂ। ਅਸੀਂ ਅੱਜ ਵੀ ਵਧੇਰੇ ਕੰਮ ਪਰੰਪਰਿਕ ਲੋਕਧਾਰਾ ਉੱਪਰ ਕਰ ਰਹੇ ਹਾਂ। ਸਮੇਂ ਦੇ ਪਰਿਵਰਤਨ ਨਾਲ ਨਵੀਆਂ ਸਿਰਜਣਾਵਾਂ ਹੋ ਰਹੀਆਂ ਹਨ। ਉਨ੍ਹਾਂ ਉੱਪਰ ਅਸੀਂ ਵਧੇਰੇ ਧਿਆਨ ਨਹੀ ਦਿੱਤਾ। ਇਹ ਠੀਕ ਹੈ ਕਿ ਇੰਟਰਨੈੱਟ ਜਾਂ ਸੋਸ਼ਲ ਮੀਡੀਆ ‘ਤੇ ਜੋ ਕੁੱਝ ਆ ਰਿਹਾ ਹੈ, ਉਸ ਬਾਰੇ ਕਿਤੇ-ਕਿਤੇ ਗੱਲਬਾਤ ਹੋਣ ਲੱਗੀ ਹੈ। ਲੋਕਧਾਰਾ ਦੇ ਬਹੁਤ ਸਾਰੇ ਰੂਪ ਹਨ ਜਿਹੜੇ ਨਵੇਂ ਪੈਦਾ ਹੋ ਰਹੇ ਹਨ। ਇਸ ਲਈ ਸਭ ਤੋਂ ਪਹਿਲਾਂ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਨਵੇਂ ਦੌਰ ਦੀ ਲੋਕਧਾਰਾ ਨੇ ਨਵੀਆਂ ਸਮੱਸਿਆਵਾਂ ਨੂੰ ਸੰਬੋਧਿਤ ਹੋਣਾ ਹੁੰਦਾ ਹੈ। ਇਸ ਲਈ ਇਸ ਵਿਚ ਨਵੇਂ ਦੌਰ ਦੇ ਨਵੇਂ ਚਿੰਨ੍ਹ ਆਉਂਦੇ ਹਨ। ਇਸੇ ਲਈ ਗੱਡੀਆਂ ਤੋਂ ਬਾਅਦ ਲੋਕ ਗੀਤਾਂ ‘ਚ ਰਾਕਟ ਵੀ ਆਉਣੇ ਸ਼ੁਰੂ ਹੋ ਗਏ। ਭਾਵੇਂ ਪਹਿਲਾਂ ਅਜਿਹੇ ਚਿੰਨ੍ਹ ਫਿਲਮਾਂ ਤੇ ਪਾਪੂਲਰ ਗੀਤਾਂ ‘ਚ ਆਏ ਪਰ ਬਾਅਦ ਵਿਚ ਇਹ ਬੋਲੀਆਂ ‘ਚ ਵੀ ਆਉਣੇ ਸ਼ੁਰੂ ਹੋ ਗਏ। ਵੈਸੇ ਇਹ ਵੱਖਰਾ ਸਵਾਲ ਹੈ ਕਿ ਪਾਪੂਲਰ ਸਭਿਆਚਾਰ (ਡਾ. ਕੇਸਰ ਸਿੰਘ ਕੇਸਰ ਦੇ ਕਹਿਣ ਅਨੁਸਾਰ ਮੰਡੀ ਸਭਿਆਚਾਰ) ਅਤੇ ਲੋਕਧਾਰਾ ਇਕ ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਇਹ ਅਲੱਗ ਮਸਲਾ ਹੈ। ਲੇਕਿਨ ਇਸ ਤਰ੍ਹਾਂ ਪਛਾਣ ਜ਼ਰੂਰ ਹੁੰਦੀ ਹੈ। ਸੋ ਲੋਕਧਾਰਾ ਦੇ ਵਿਚ ਨਵੇਂ ਰੁਝਾਨ ਇਸ ਤਰ੍ਹਾਂ ਹੀ ਆਉਂਦੇ ਹਨ। ਉਦਾਹਰਨ ਲਈ ਤੁਸੀਂ ਦੇਖੋ ਕਿ ‘ਖੱਟ-ਖੱਟ ਕੇ ਲਿਆਂਦੇ ਦਾਤੀਆਂ ਰੰਬੇ, ਨੀ ਡਬਈ ਚੰਦਰੀ ਲੈ ਗਈ ਰੌਣਕੀ ਬੰਦੇ’ ਪਰਵਾਸ ਨਾਲ ਜੁੜੀ ਹੋਈ ਗੱਲ ਹੈ। ਹੁਣ ਪਰਵਾਸ ਕੋਈ ਨਿਰਾ ਅੱਜ ਦਾ ਵਰਤਾਰਾ ਥੋੜ੍ਹਾ ਹੈ। ਇਹ ਤਾਂ ਪੁਰਾਣੇ ਸਮਿਆਂ ਤੋਂ ਹੀ ਚੱਲ ਰਿਹਾ ਹੈ। ਲੇਕਿਨ ਅੱਜ ਇਹ ਪੰਜਾਬ ਦੇ ਸਭਿਆਚਾਰ ਤੇ ਆਰਥਿਕ ਸੰਕਟ ਨਾਲ ਜੁੜਿਆ ਹੋਇਆ ਗੰਭੀਰ ਮਸਲਾ ਹੈ। ਸੋ ਇਹ ਅੱਜ ਦੀ ਗੱਲ ਹੈ। ਦੁਆਬੇ ‘ਚ ਤਾਂ ਇਹ ਬਹੁਤ ਵੱਡੇ ਪੱਧਰ ‘ਤੇ ਵਾਪਰ ਰਿਹਾ ਹੈ। ਅੰਗਰੇਜ਼ੀ ਟ੍ਰਿਬਿਊਨ ‘ਚ ਛਪਿਆ ਸੀ ਕਿ ਕੋਠੀਆਂ ਏਡੀਆਂ ਵੱਡੀਆਂ ਬਣਾਈਆਂ ਹੋਈਆਂ ਹਨ ਤੇ ਉਥੇ ਰਹਿਣ ਵਾਲਾ ਕੋਈ ਵੀ ਨਹੀਂ ਹੈ। ਸੋ ਪਰਵਾਸ ਦੇ ਵਰਤਾਰੇ ਨੂੰ ਲੋਕ ਗੀਤਾਂ ਨੇ ਫੜ੍ਹ ਲਿਆ। ਖ਼ੈਰ! ਹੁਣ ਪੰਜਾਬੀ ਲੋਕਧਾਰਾ ਸ਼ਾਸਤਰੀ ਏਨਾਂ ਕੁ ਤਾਂ ਮੰਨਣ ਲਗ ਪਏ ਹਨ ਕਿ ਸਭਿਆਚਾਰ ਵਾਂਗ ਪਰਿਵਰਤਨਸ਼ੀਲਤਾ ਲੋਕਧਾਰਾ ਦਾ ਵਿਸ਼ੇਸ਼ ਗੁਣ ਹੈ। ਲੇਕਿਨ ਇਸਤੋਂ ਅਗਲੇ ਸਵਾਲਾਂ ਜਿਵੇਂ ਲੋਕਧਾਰਾ ਵਿਚ ਆਉਣ ਵਾਲੇ ਪਰਿਵਰਵਤਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ? ਜਾਂ ਪਰਿਵਰਤਨਸ਼ੀਲਤਾ ਦੀ ਪ੍ਰਕਿਰਤੀ ਕੀ ਹੁੰਦੀ ਹੈ? ਜਾਂ ਲੋਕਧਾਰਾ ਦੇ ਪਰਿਵਰਤਿਤ ਜਾਂ ਨਵੇਂ ਰੂਪ ਕਿਸ ਤਰ੍ਹਾਂ ਹੋਂਦ ਗ੍ਰਹਿਣ ਕਰਦੇ ਹਨ? ਆਦਿ ਬਾਰੇ ਜ਼ਿਆਦਾ ਗੰਭੀਰ ਚਰਚਾ ਨਹੀਂ ਹੋਈ।

ਸਵਾਲ : ਪੰਜਾਬੀ ਅਕਾਦਮਿਕਤਾ ਉੱਪਰ ਆਮ ਕਰਕੇ ਤੇ ਲੋਕ ਧਾਰਾ ਸ਼ਾਸ਼ਤਰੀਆਂ ਉੱਪਰ ਵਿਸ਼ੇਸ਼ ਕਰਕੇ ਪੱਛਮੀ ਸਿਧਾਂਤਾਂ ਦੇ ਅੰਨ੍ਹੇਵਾਹ ਆਰੋਪਣ ਦਾ ਇਲਜ਼ਾਮ ਲੱਗਦਾ ਹੈ। ਪੰਜਾਬੀ ਲੋਕਧਾਰਾ ਅਧਿਐਨ ਦੇ ਪ੍ਰਸੰਗ ਵਿਚ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ?

ਜਵਾਬ : ਵੈਸੇ ਇਸ ਸੰਬੰਧ ਵਿਚ ਮੇਰੇ ਵਿਚਾਰ ਬਿਲਕੁਲ ਉਲਟ ਹਨ। ਮੈਂ ਇਹ ਕਹਿਨਾਂ ਕਿ ਜੇ ਕਿਸੇ ਖੇਤਰ ਵਿਚ ਪੰਜਾਬੀਆਂ ਨੇ ਆਪਣਾ ਕੋਈ ਮਾਡਲ ਉਸਾਰਿਆ ਹੈ ਤਾਂ ਉਹ ਸਿਰਫ਼ ਲੋਕਧਾਰਾ ਦਾ ਖੇਤਰ ਹੈ। ਲੋਕਧਾਰਾ ਤੋਂ ਬਿਨਾਂ ਬਾਕੀ ਖੇਤਰ ਜਿਵੇਂ ਕਹਾਣੀ, ਨਾਵਲ, ਕਵਿਤਾ ਆਦਿ ਦਾ ਤਾਂ ਸਾਰਾ ਹੀ ਸਿਧਾਂਤਕ ਆਧਾਰ ਪੱਛਮ ਵਿਚ ਪਿਆ ਹੈ। ਉਹ ਪੱਛਮੀ ਚਿੰਤਕਾਂ ਤੋਂ ਗੱਲ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਉੱਪਰ ਹੀ ਖ਼ਤਮ ਕਰ ਦਿੰਦੇ ਹਨ। ਪੂਰੀ ਦੁਨੀਆਂ ਵਿਚ ਸਾਹਿਤ ਅਤੇ ਕਲਾ ਦੇ ਮੁਕਾਬਲੇ ਲੋਕਧਾਰਾ ‘ਤੇ ਮੁਕਾਬਲਤਨ ਘੱਟ ਕੰਮ ਹੋਇਆ ਹੈ। ਇੰਗਲੈਂਡ ਅਤੇ ਅਮਰੀਕਾ ਵਾਲਿਆਂ ਨੇ ਚਾਹੇ ਕਾਫ਼ੀ ਕੰਮ ਕੀਤਾ ਹੈ ਲੇਕਿਨ ਉਹਦੇ ਵਿਚ ਇਕੱਤਰੀ ਕਰਨ ਦਾ ਕੰਮ ਜ਼ਿਆਦਾ ਹੈ। ਇੰਨਾ ਹੀ ਨਹੀਂ ਡਾਰਸਨ ਤੋਂ ਪਹਿਲਾਂ ਜਿਹੜੇ ਅੰਗਰੇਜ਼ਾਂ ਨੇ ਲੋਕਧਾਰਾ ਉੱਪਰ ਕੰਮ ਕੀਤਾ ਹੈ ਉਨ੍ਹਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ। ਉਸਤੋਂ ਬਾਅਦ ਜਿਹੜਾ ਕੰਮ ਹੋਇਆ ਉਸਦੇ ਵਿਚ ਦੋ-ਤਿੰਨ ਬੰਦੇ ਹਨ ਜਿਨ੍ਹਾਂ ਦਾ ਮਾਨਵਵਿਗਿਆਨ ਜਾਂ ਮਨੋਵਿਗਿਆਨ ਨਾਲ ਸੰਬੰਧ ਹੈ।
ਲੇਕਿਨ ਸਾਡੇ ਲੋਕਧਾਰਾ ਸ਼ਾਸਤਰੀਆਂ ਵਿਚੋਂ ਕੋਈ ਵੀ ਮਨੋਵਿਗਿਆਨ, ਮਾਨਵਵਿਗਿਆਨ ਜਾਂ ਸੰਰਚਨਾਵਾਦ ਦਾ ਵਿਸ਼ੇਸ਼ੱਗ ਨਹੀਂ ਹੈ। ਸਾਡੇ ਹਰ ਖੇਤਰ ਵਿਚ ਇਹੀ ਹੋਇਆ ਕਿ ਸਾਹਿਤ ਪੜ੍ਹਾਉਣ ਵਾਲੇ ਬੰਦੇ ਭਾਸ਼ਾ ਵਿਗਿਆਨੀ, ਸਭਿਆਚਾਰ ਵਿਗਿਆਨੀ ਤੇ ਲੋਕਧਾਰਾ ਸ਼ਾਸ਼ਤਰੀ ਬਣੇ। ਸਾਹਿਤ ਦੇ ਅਧਿਆਪਕ ਕਿਸੇ ਸਾਹਿਤ ਰੂਪ ਦਾ ਭਾਸ਼ਾ ਵਿਗਿਆਨਿਕ ਅਧਿਐਨ ਕਰਕੇ ਭਾਸ਼ਾ ਵਿਗਿਆਨੀ ਬਣ ਗਏ। ਭਾਸ਼ਾ ਵਿਗਿਆਨ ਨੂੰ ਆਪਣੇ ਅਧਿਐਨ ਦਾ ਆਧਾਰ ਬਣਾ ਲੈਣਾ ਵੱਖਰੀ ਗੱਲ ਹੈ ਅਤੇ ਅਨੁਸ਼ਾਸ਼ਨ ਦੇ ਰੂਪ ਵਿਚ ਭਾਸ਼ਾ ਵਿਗਿਆਨ ‘ਤੇ ਪਕੜ ਹੋਣੀ ਬਿਲਕੁਲ ਵੱਖਰੀ ਗੱਲ ਹੈ। ਕਿਸੇ ਨੇ ਪਰੌਪ ਦਾ ਮਾਡਲ ਲੈ ਕੇ ਪੰਜਾਬੀ ਕਹਾਣੀਆਂ ਦਾ ਅਧਿਐਨ ਕੀਤਾ। ਹੁਣ ਪਰੌਪ ਤਾਂ ਗਣਿਤ ਦਾ ਵਿਸ਼ੇਸ਼ੱਗ ਬੰਦਾ ਹੈ। ਲੇਕਿਨ ਅਨੁਸ਼ਾਸ਼ਨ ਵਜੋਂ ਗਣਿਤ ਸਿਧਾਂਤਕ ਸਮਝ ਨੂੰ ਆਧਾਰ ਬਣਾਈਏ ਤਾਂ ਪੰਜਾਬੀ ਵਾਲਿਆਂ ਨੂੰ ਗਣਿਤ ਨਹੀਂ ਆਉਂਦਾ। ਸੋ ਅਸੀਂ ਦੋ ਫਾਰਮੂਲੇ ਲੈ ਕੇ ਉਨ੍ਹਾਂ ਨੂੰ ਸਾਰੀਆਂ ਕਹਾਣੀਆਂ ਉੱਪਰ ਥੋੜ੍ਹਾ ਢੁਕਾ ਸਕਦੇ ਹਾਂ? ਸੋ ਪੰਜਾਬੀ ਲੋਕਧਾਰਾ ਅਧਿਐਨ ਅਤੇ ਲੋਕਧਾਰਾ ਸ਼ਾਸ਼ਤਰੀਆਂ ਦੀਆਂ ਗੰਭੀਰ ਸੀਮਾਵਾਂ ਹਨ ਪਰ ਜੇਕਰ ਸਾਡੇ ਕੰਮ ਨੂੰ ਮੁੱਢੋਂ ਰੱਦ ਕਰ ਦੇਈਏ ਤਾਂ ਦੱਸੋ ਕਿ ਪੰਜਾਬੀ ਲੋਕਧਾਰਾ ਉੱਪਰ ਸਾਹਿਤ ਵਾਲਿਆਂ ਤੋਂ ਬਿਨਾਂ ਕੰਮ ਕਿਸਨੇ ਕੀਤਾ ਹੈ? ਇਸ ਲਈ ਸਾਰੇ ਮਸਲੇ ਨੂੰ ਅਕਾਦਮਿਕਤਾ ਤੇ ਅਧਿਐਨ ਦੇ ਰੁਝਾਨਾਂ ਦੇ ਪ੍ਰਸੰਗ ਵਿਚ ਸਮਝਣਾ ਚਾਹੀਦਾ ਹੈ।
ਇਸਦੇ ਨਾਲ ਲੋਕਧਾਰਾ ਅਧਿਐਨ ਦੇ ਬਾਬਤ ਦੂਸਰਾ ਮਸਲਾ ਇਹ ਵੀ ਹੈ ਕਿ ਇਸ ਵਿਚ ਸਿਧਾਂਤ ਦੀ ਪਾਲਣਾ ਕਰਨ ਨਾਲ ਗੱਲ ਨਹੀਂ ਬਣਦੀ। ਇਸਦਾ ਕਾਰਨ ਹੈ ਕਿ ਲੋਕਧਾਰਾ ਦਾ ਪਾਠ ਅਤੇ ਉਸਦਾ ਅਧਿਐਨ ਮਕੈਨੀਕਲ ਨਹੀਂ ਹੁੰਦਾ। ਕਿਸੇ ਲੋਕਧਾਰਾਈ ਪਾਠ ਦੇ ਪਿਛੋਕੜ ਵਿਚ ਸਮਾਜਿਕ ਮਸਲੇ ਹਨ ਕਿਉਂਕਿ ਉਹ ਸਿੱਧੇ ਰੂਪ ਵਿਚਸਮਾਜ ਨਾਲ ਜੁੜਿਆ ਹੋਇਆ ਹੈ। ਇਸ ਤੋਂ ਵੀ ਅੱਗੇ ਲੋਕਧਾਰਾਈ ਪਾਠ ਸਮਾਜ ਦੇ ਚੇਤਨ ਅਤੇ ਅਚੇਤਨ ਦੋਵਾਂ ਪੱਖਾਂ ਨਾਲ ਇਕੋ ਸਮੇਂ ਜੁੜਿਆ ਹੁੰਦਾ ਹੈ। ਇਸ ਲਈ ਸਪੱਸ਼ਟ ਰੂਪ ਵਿਚ ਵਿਅਕਤ ਨਹੀਂ ਹੁੰਦਾ ਸਗੋਂ ਇਹ ਸਭਿਆਚਾਰਕ ਪ੍ਰਤੀਕਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਸਭਿਆਚਾਰਕ ਪ੍ਰਤੀਕਾਂ ਨੂੰ ਸਮਝੇ ਬਿਨਾਂ ਤੁਸੀਂ ਅਧਿਐਨ ਕਰ ਹੀ ਨਹੀਂ ਸਕਦੇ। ਹੁਣ ਔਰਤ ਨਿੰਬੂ ਜਾਂ ਅੰਬ ਪੱਕਣ ਦੇ ਬਿੰਬ ਨੂੰ ਵਾਰ-ਵਾਰ ਲੋਕ ਸਾਹਿਤ ਵਿਚ ਵਰਤਦੀ ਹੈ। ਇਹ ਉਨ੍ਹਾਂ ਦੇ ਮਨੋਵਿਗਿਆਨ ਅਤੇ ਸਰੀਰਕ ਖ਼ਾਹਿਸ਼ਾਂ ਨਾਲ ਜੁੜਿਆ ਪੱਖ ਹੈ। ਇਸ ਲਈ ਜੇ ਅਧਿਐਨ ਕਰਤਾ ਨੂੰ ਇਨ੍ਹਾਂ ਬਿੰਬਾਂ, ਪ੍ਰਤੀਕਾਂ ਤੇ ਚਿੰਨ੍ਹਾਂ ਦੀ ਸਮਝ ਹੀ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਮਸਲਿਆਂ ਨੂੰ ਨਹੀਂ ਫੜ ਸਕਦੇ। ਇਸੇ ਕਰਕੇ ਨਿੱਜੀ ਤੌਰ ‘ਤੇ ਐਲਨ ਡੰਡੀਜ ਦਾ ਮਾਡਲ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ ਜਿਹੜਾ ਕਹਿੰਦਾ ਹੈ ਕਿ ਲੋਕਧਾਰਾਈ ਪਾਠ ਦੇ ਅਧਿਐਨ ਸਮੇਂ ਸਭਿਆਚਾਰ, ਮਨੋਵਿਗਿਆਨ, ਮਾਨਵ ਵਿਗਿਆਨ ਨੂੰ ਬਰਾਬਰ ਰੂਪ ਵਿਚਧਿਆਨ ਵਿਚ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਲੋਕਧਾਰਾ ਅਧਿਐਨ ਦੀ ਵੱਖਰੀ ਪਛਾਣ ਅਤੇ ਬਹੁ-ਪੱਖੀ ਮਹੱਤਤਾ ਹੋ ਸਕਦੀ ਹੈ। ਸੋ ਲੋਕਧਾਰਾ ਦੇ ਅਧਿਐਨ ਲਈ ਵੱਖ-ਵੱਖ ਅਨੁਸ਼ਾਸ਼ਨਾਂ ‘ਚ ਤੁਹਾਡੀ ਵਿਸ਼ੇਸ਼ੱਗਤਾ (ਸ਼ਪੈਸਲਾਈਜੇਸ਼ਨ) ਹੋਣੀ ਚਾਹੀਦੀ ਹੈ। ਇਸ ਕਰਕੇ ਲੋਕਧਾਰਾ ਅਧਿਐਨ ਦਾ ਖੇਤਰ ਇੰਨਾ ਸੌਖਾ ਨਹੀਂ ਹੈ ਜਿੰਨਾ ਇਸਨੂੰ ਸਮਝ ਲਿਆ ਜਾਂਦਾ ਹੈ। ਲੋਕਧਾਰਾ ਅਧਿਐਨ ਲਈ ਖੇਤਰੀ ਕਾਰਜ ਕਰਨਾ ਵੀ ਔਖਾ ਹੈ ਤੇ ਲੋਕਧਾਰਾ ਦਾ ਅਧਿਐਨ ਕਰਨਾ ਵੀ ਔਖਾ ਮਸਲਾ ਹੈ। ਕਈ ਵਾਰ ਇਕ ਸਤਰ ਪੜ੍ਹਦਿਆਂ ਔਖਾ ਹੋ ਜਾਂਦਾ ਹੈ ਕਿ ਇਸਦਾ ਅਰਥ ਕੀ ਬਣਦਾ ਹੈ। ਇਸਨੂੰ ਸਮਝਣ ਲਈ ਫਿਰ ਵੱਖ-ਵੱਖ ਅਨੁਸ਼ਾਸ਼ਨਾਂ ਦੀਆਂ ਕਿਤਾਬਾਂ ਦੇਖਣੀਆਂ ਪੈਂਦੀਆਂ ਹਨ। ਉਦਾਹਰਨ ਲਈ ਇਕ ਮਿੱਥ ਨੂੰ ਸਮਝਣ ਲਈ ਤੁਹਾਨੂੰ ਪੂਰੀ ਪਰੰਪਰਾ ਦਾ ਪਤਾ ਹੋਣਾ ਚਾਹੀਦਾ ਹੈ। ਪੰਜਾਬੀ ਦੀ ਲੋਕਧਾਰਾ ਨੂੰ ਸਮਝਣ ਲਈ ਵਿਸ਼ੇਸ਼ ਕਰਕੇ ਸਾਮੀ ਅਤੇ ਭਾਰਤੀ ਲੋਕਧਾਰਾ ਦੇ ਪਿਛੋਕੜ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦੋਵਾਂ ਪਰੰਪਰਾਵਾਂ ਨੂੰ ਸਮਝੇ ਬਿਨਾਂ ਤੁਸੀਂ ਪੰਜਾਬੀ ਲੋਕਧਾਰਾ ਨੂੰ ਨਹੀਂ ਸਮਝ ਸਕਦੇ। ਉਦਾਹਰਨ ਲਈ ਤੀਆਂ ਦਾ ਸੰਬੰਧ ਪਾਰਵਤੀ ਨਾਲ ਜੁੜਦਾ ਹੈ। ਲੇਕਿਨ ਹੁਣ ਦੇਖਣ ਵਾਲੀ ਗੱਲ ਹੈ ਕਿ ਤੀਆਂ ਸੰਪ੍ਰਦਾਇਕਤਾ ਤੋਂ ਉੱਪਰ ਕਿਵੇਂ ਉੱਠ ਗਈਆਂ? ਉਹ ਸਾਰਿਆਂ ਦਾ ਸਾਂਝਾ ਤਿਉਹਾਰ ਕਿਵੇਂ ਬਣ ਗਿਆ ਹੈ।ਇਸ ਕਰਕੇ ਆਰੋਪਵਾਲੀ ਜਿਹੜੀ ਗੱਲ ਤੁਸੀਂ ਕੀਤੀ ਉਹ ਕਾਫ਼ੀ ਹੱਦ ਤੱਕ ਸਹੀ ਹੈ। ਇਸਦਾ ਕਾਰਨ ਹੈ ਕਿ ਸਾਡੇ ਕੋਲ ਆਪਣੇ ਸੰਦ ਨਹੀਂ ਹਨ। ਜੇਕਰ ਅਸੀਂ ਅਧਿਐਨ ਦੇ ਸੰਦ ਆਪਣੇ ਬਣਾ ਲਈਏ ਤਾਂ ਬਾਹਰੋਂ ਸਾਨੂੰ ਘੱਟ ਤੋਂ ਘੱਟ ਮੱਦਦ ਲੈਣੀ ਪਏਗੀ। ਲੇਕਿਨ ਇਹ ਗੱਲ ਸੱਚ ਹੈ ਕਿ ਪੰਜਾਬੀ ਦੇ ਦੂਜੇ ਅਧਿਐਨ ਖੇਤਰਾਂ ਦੇ ਮੁਕਾਬਲੇ ਜੇਕਰ ਦੇਖੀਏ ਤਾਂ ਲੋਕਧਾਰਾ ਦਾ ਸਾਡਾ ਆਪਣਾ ਅਧਿਐਨ ਮਾਡਲ ਹੈ। ਹੁਣ ਘੋੜੀਆਂ, ਸੁਹਾਗ, ਸਿੱਠਣੀਆਂ ਆਦਿ ਯੂਰਪ ‘ਚ ਨਹੀਂ ਹਨ। ਇਸ ਲਈ ਸਾਨੂੰ ਇਨ੍ਹਾਂ ਦੇ ਅਧਿਐਨ ਲਈ ਮਾਡਲ ਖ਼ੁਦ ਬਣਾਉਣਾ ਪਵੇਗਾ।

ਸਵਾਲ : ਇਹ ਮੇਰਾ ਨਿੱਜੀ ਵਿਚਾਰ ਹੈ ਕਿ ਲੋਕਧਾਰਾ ਅਧਿਐਨ ਆਖਰੀ ਰੂਪ ਵਿਚ ਸਥਾਪਤੀ/ਹਾਕਮ ਜਮਾਤ/ਸੱਤਾ ਦੇ ਹੱਕ ਵਿਚ ਜਾਂ ਤਾਂ ਭੁਗਤ ਜਾਂਦਾ ਹੈ ਜਾਂ ਉਹ ਇਸਨੂੰ ਆਪਣੇ ਹੱਕ ਵਿਚ ਭੁਗਤਾ ਲੈਂਦੀ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ?

ਜਵਾਬ : ਜੇਕਰ ਸਿੱਧੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਨਹੀਂ। ਸਥਾਪਤੀ ਲੋਕਧਾਰਾ ਨੂੰ ਆਪਣੇ ਹੱਕ ਵਿਚ ਭੁਗਤਾ ਸਕਦੀ ਹੈ ਲੇਕਿਨ ਲੋਕਧਾਰਾ ਅਧਿਐਨ ਨੂੰ ਨਹੀਂ ਭੁਗਤਾਇਆ ਜਾ ਸਕਦਾ। ਇਸਦਾ ਕਾਰਨ ਹੈ ਕਿ ਹਰ ਲੋਕਧਾਰਾ ਅਧਿਐਨ ਕਰਤਾ ਦਾ ਆਪਣਾ ਦ੍ਰਿਸ਼ਟੀਕੋਣ ਹੈ। ਉਦਾਹਰਨ ਲਈ ਹੁਣ ਮੇਰੇ ਅਧਿਐਨ ਨੂੰ ਸੱਤਾ ਨਹੀਂ ਵਰਤ ਸਕਦੀ ਕਿਉਂਕਿ ਮੇਰਾ ਅਧਿਐਨ ਮਾਰਕਸਵਾਦੀ ਅਧਿਐਨ ਹੈ। ਲੇਕਿਨ ਲੋਕਧਾਰਾ ਨੂੰ ਵਰਤਿਆ ਜਾ ਸਕਦਾ ਹੈ।

ਸਵਾਲ : ਤੁਸੀਂ ਕਿਹਾ ਕਿ ਮੇਰੇ ਅਧਿਐਨ ਨੂੰ ਨਹੀਂ ਵਰਤ ਸਕਦੇ ਕਿਉਂਕਿ ਮੈਂ ਮਾਰਕਸਵਾਦੀ ਹਾਂ ਪਰ ਜੇਕਰ ਸਟੇਟ ਹੀ ਮਾਰਕਸਵਾਦੀ ਹੋਵੇ? ਜਿਵੇਂ ਸ਼ੋਖੋਲੋਵ ਨੇ ਕੰਮ ਕੀਤਾ ਜਾਂ ਡੌਰਸਨ ਤੋਂ ਪਹਿਲਾਂ ਦੇ ਲੋਕਧਾਰਾ ਸ਼ਾਸਤਰੀਆਂ ਨੇ ਸਾਮਰਾਜਵਾਦ ਅਨੁਸਾਰੀ ਅਧਿਐਨ ਕੀਤਾ। ਫਿਰ ਸਾਡੇ ਅਧਿਐਨ ਨੂੰ ਵਰਤਿਆ ਕਿਉਂ ਨਹੀਂ ਜਾ ਸਕਦਾ?

ਜਵਾਬ: ਇਸ ਤਰ੍ਹਾਂ ਤਾਂ ਬੀਬਾ ਗ਼ੈਰ ਮਾਰਕਸੀ ਵੀ ਵਰਤਦੇ ਹੀ ਹਨ। ਜੇ ਇਸ ਤਰ੍ਹਾਂ ਗੱਲ ਕਰੀਏ ਤਾਂ ਮਾਉ ਦੀਆਂ ਲਿਖਤਾਂ ਸਾਡੇ ਫੌਜੀਆਂ/ਮਿਲਟਰੀ ਵਾਲਿਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ। ਇਸ ਲਈ ਜੇ ਉਨ੍ਹਾਂ ਨੇ ਵਰਤਣਾ ਹੈ ਤਾਂ ਆਪਣੇ ਢੰਗ ਦੇ ਨਾਲ ਵਰਤ ਹੀ ਲੈਣਾ ਹੁੰਦਾ ਹੈ। ਲੇਕਿਨ ਅਜੇ ਤੱਕ ਪੰਜਾਬੀ ‘ਚ ਕੋਈ ਇਹੋ ਜਿਹੀ ਉਦਾਹਰਨ ਨਹੀਂ ਹੈ ਜਿੱਥੇ ਕਿਸੇ ਦੇ ਅਧਿਐਨ ਨੂੰ ਕਿਸੇ ਨੇ ਵਰਤ ਲਿਆ ਹੋਵੇ। ਇੰਨਾ ਹੀ ਨਹੀਂ ਮੈਨੂੰ ਕਿਸੇ ਹੋਰ ਪਾਸੇ ਵੀ ਇਹੋ ਜਾ ਕੁੱਝ ਨਜ਼ਰ ਨਹੀਂ ਆਉਂਦਾ ਜਿਵੇਂ ਕਿ ਕਿਸੇ ਨੇ ਐਲਨ ਡੰਡੀਜ਼ ਨੂੰ ਵਰਤ ਲਿਆ ਹੋਵੇ। ਇਸ ਤਰ੍ਹਾਂ ਦਾ ਸਿੱਧੇ ਰੂਪ ਵਿਚ ਤਾਂ ਇਵੇਂ ਦੀ ਗੱਲ ਕੋਈ ਨਹੀਂ ਆਈ। ਇਸ ਕਰਕੇ ਤੇਰਾ ਸਵਾਲ ਵੀ ਅਜੇ ਉਸ ਪਾਸੇ ਨਹੀਂ ਆਇਆ। ਲੇਕਿਨ ਜਿਸ ਦਿਨ ਉਨ੍ਹਾਂ ਦੇ ਪੱਲੇ ਪੈ ਗਿਆ ਸ਼ਾਇਦ ਉਹ ਇਹ ਵਰਤਣ ਵਾਲਾ ਕੰਮ ਵੀ (ਹਾਹਾ) ਕਰ ਦੇਣ। ਅਜੇ ਉਨ੍ਹਾਂ ਦੇ ਧਿਆਨ ‘ਚ ਇਹ ਨਹੀਂ ਅਇਆ ਹੈ।

ਸਵਾਲ : ਅੱਜ ਦੀਆਂ ਪਰਿਸਥਿਤੀਆਂ ਦੇ ਪ੍ਰਸੰਗ ਵਿਚ ਤੁਸੀਂ ਲੋਕਧਾਰਾ ਅਧਿਐਨ ਨੂੰ ਕਿਵੇਂ ਦੇਖਦੇ ਹੋ? ਇਹ ‘ਲੋਕਾਂ ਦਾ ਅਧਿਐਨ’ ਹੈ ਜਾਂ ‘ਲੋਕਾਂ ਲਈ ਅਧਿਐਨ’ ਹੈ?

ਜਵਾਬ: ਤੁਹਾਡੇ ਅਰਥਾਂ ਦੇ ਵਿਚ ਇਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਦਾ ਅਧਿਐਨ ਨਹੀਂ ਹੈ। ਇਹ ਸਿਰਫ਼ ਸਕਾਲਰਾਂ ਦਾ ਆਪਣੇ ਲਈ ਅਧਿਐਨ ਹੈ ਜਾਂ ਡਿਗਰੀਆਂ ਲੈਣ ਲਈ ਅਧਿਐਨ ਹੈ। ਇਸ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੈ। ਲੇਕਿਨ ਜਿਹੜੇ ਸੁਚੇਤ ਤੌਰ ‘ਤੇ ਸਮਾਜ ਵਿਗਿਆਨੀ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਦੇ ਹਨ, ਉਸ ਨੂੰ ਲੋਕਾਂ ਲਈ ਅਧਿਐਨ ਕਿਹਾ ਜਾ ਸਕਦਾ ਹੈ। ਇਸਦਾ ਕਾਰਨ ਹੈ ਕਿ ਲੋਕ ਇਤਿਹਾਸ ਸਿਰਜ ਸਕਦੇ ਹਨ, ਲਿਖ ਨਹੀਂ ਸਕਦੇ। ਇਸਦਾ ਅਰਥ ਹੈ ਕਿ ਲੋਕ ਲੋਕਧਾਰਾ ਤੇ ਸਭਿਆਚਾਰ ਵਿਚ ਜਿਉਂਦੇ ਜ਼ਰੂਰ ਹਨ ਲੇਕਿਨ ਇਨ੍ਹਾਂ ਨੂੰ ਸਮਝ ਨਹੀਂ ਸਕਦੇ। ਇਸ ਲਈ ਲੋਕਧਾਰਾ ਨੂੰ ਸਮਝਣ/ਸਮਝਾਉਣ ਦਾ ਕੰਮ ਵਿਦਵਾਨਾਂ ਦੇ ਜ਼ਿੰਮੇ ਹੁੰਦਾ ਹੈ। ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਵਿਚ ਸਭਿਆਚਾਰ ਉੱਤੇ ਦੋ-ਚਾਰ ਕਿਤਾਬਾਂ ਤੋਂ ਬਿਨਾਂ ਕੁੱਝ ਨਹੀਂ ਮਿਲਦਾ। ਲੋਕਧਾਰਾ ਬਾਰੇ ਅਜੇ ਫਿਰਵੀ ਚਾਰ ਸੌ ਕਿਤਾਬਾਂ ਮਿਲਦੀਆਂਹਨ। ਸੋ ਸਭਿਆਚਾਰ ਬਾਰੇ ਮਿਲਦਾ ਕੰਮ ਬਹੁਤ ਘੱਟ ਹੈ। ਡਾ. ਫਰੈਂਕ ਤੇ ਡਾ.ਜਸਵਿੰਦਰ ਦੀਆਂ ਕਿਤਾਬਾਂ ਤੋਂ ਬਿਨਾਂ ਸਭਿਆਚਾਰ ਉੱਪਰ ਕੋਈ ਮਹੱਤਵਪੂਰਨ ਕਿਤਾਬ ਨਹੀਂ ਮਿਲਦੀ। ਜੇਕਰ ਕੋਈ ਮਿਲਦੀ ਹੈ ਤਾਂ ਉਸਨੇ ਇਨ੍ਹਾਂ ਵਿਚੋਂ ਨਕਲ ਵੱਧ ਮਾਰੀ ਹੈ ਤੇ ਕੰਮ ਘੱਟ ਕੀਤਾ ਹੈ। ਸੰਖੇਪ ਵਿਚ ਲੋਕਧਾਰਾ ਤੇ ਸਭਿਆਚਾਰ ਨੂੰ ਜਿਸ ਤਰ੍ਹਾਂ ਸਮਝਣਾ ਚਾਹੀਦਾ ਹੈ, ਅਸੀਂ ਉਸ ਤਰ੍ਹਾਂ ਨਹੀਂ ਸਮਝਦੇ। ਇਹ ਮਸਲੇ ਗੰਭੀਰ ਹਨ ਪਰ ਪਰਿਸਥਿਤੀਆਂ ਹਮੇਸ਼ਾ ਇਕੋ ਜਿਹੀਆਂ ਨਹੀਂ ਰਹਿੰਦੀਆਂ। ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਫਿਰ ਵਿਚਾਰਾਂ ਹੋਣਗੀਆਂ ਕਿ ਖੋਜ ਦੇ ਨਾ ਕੇਵਲ ਮਿਆਰ, ਢੰਗ ਤੇ ਸਾਧਨ ਸਗੋਂ ਖੋਜ ਦੇ ਸਵਾਲ ਕਿਸ ਤਰ੍ਹਾਂ ਦੇ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਸੋ ਮੈਂ ਇਹ ਨਹੀਂ ਮੰਨਦਾ ਕਿ ਜੇ ਹੁਣ ਤੱਕ ਕੰਮ ਨਹੀਂ ਹੋਇਆ ਤਾਂ ਅੱਗੇ ਵੀ ਨਹੀਂ ਹੋਵੇਗਾ। ਮੈਂ ਬਹੁਤ ਕੱਟੜ ਆਸ਼ਾਵਾਦੀ ਹਾਂ।

ਸਵਾਲ : ਤੁਹਾਡੇ ਅਨੁਸਾਰ ਪੰਜਾਬੀ ਲੋਕਧਾਰਾ ਦੇ ਕਿਹੜੇ ਪੱਖਾਂ ਉੱਪਰ ਕੰਮ ਹੋਣਾ ਚਾਹੀਦਾ ਹੈ?

ਜਵਾਬ : ਇਸ ਸਵਾਲ ਦਾ ਸਿੱਧਾ, ਸੰਖੇਪ ਤੇ ਸੌਖਾ ਜਿਹਾ ਜਵਾਬ ਹੈ ਕਿ ਲੋਕਧਾਰਾ ਦੇ ਜਿੰਨੇ ਵੀ ਰੂਪ ਹਨ, ਉਨ੍ਹਾਂ ਦੀ ਪਛਾਣ ਕਰੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਵੇਂ ਲੋਕ ਗੀਤ ਨੇ ਲੋਕ ਗੀਤਾਂ ਬਾਰੇ ਸਧਾਰਨ ਗੱਲਾਂ ਹੋ ਰਹੀਆਂ ਹਨ। ਖੋਜ ਨਿਬੰਧਾਂ/ਪ੍ਰਬੰਧਾਂ ਵਿਚ ਅਧਿਆਇ ਵੱਖ-ਵੱਖ ਵੀ ਆਉਂਦਾ ਹੈ ਤਾਂ ਵੀ ਗੱਲਾਂ ਇਕੋ-ਜਿਹੀਆਂ ਹੀ ਹਨ। ਜੇ ਤੁਸੀਂ ਕਿਸੇ ਲੋਕਧਾਰਾ ਸ਼ਾਸਤਰੀ ਦਾ ਸਾਰਾ ਕੰਮ ਦੇਖੋ ਤਾਂ ਉਹ ਸਾਰਾ ਉਹੀ ਹੈ ਜਿਹੜਾ ਉਸਨੇ ਆਪਣੀ ਮੁਢਲੀ ਪੁਸਤਕ ਵਿਚ ਸੂਤ੍ਰਬੱਧ ਕੀਤਾ ਹੈ। ਇਸਤੋਂ ਬਾਅਦ ਉਸਦੀਆਂ ਸਾਰੀਆਂ ਕਿਤਾਬਾਂ ਵਿਚ ਉਨ੍ਹਾਂ ਧਾਰਨਾਵਾਂ ਤੇ ਵਿਚਾਰਾਂ ਦਾ ਹੀ ਦੁਹਰਾਅ ਹੁੰਦਾ ਹੈ। ਵਣਜਾਰਾ ਬੇਦੀ ਤੋਂ ਲੈ ਕੇ ਹੁਣ ਤਕ ਦੇ ਸਾਰੇ ਲੋਕਧਾਰਾ ਸ਼ਾਸਤਰੀਆਂ ਵਿਚ ਇਹ ਰੁਝਾਨ ਸਪੱਸ਼ਟ ਹੈ। ਸੋ ਮੈਂ ਇਸਨੂੰ ਇਸ ਤਰ੍ਹਾਂ ਸਮਝਦਾ ਹਾਂ ਕਿ ਆਮ ਗੱਲ ਤਾਂ ਹੋਈ ਹੈ ਲੇਕਿਨ ਲੋਕ ਗੀਤਾਂ/ਲੋਕਧਾਰਾ ਦੇ ਰੂਪਾਂ ਬਾਰੇ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਉਦਾਹਰਨ ਲਈ ਜਨਮ, ਵਿਆਹ ਅਤੇ ਮੌਤ ਉੱਪਰ ਸਮੁੱਚੇ ਰੂਪ ਵਿਚ ਵੱਖਰਾ-ਵੱਖਰਾ ਕੰਮ ਹੋਣਾ ਚਾਹੀਦਾ ਹੈ। ਲੇਕਿਨ ਇਸਦੇ ਨਾਲ ਹੀ ਇਨ੍ਹਾਂ ਨਾਲ ਜੁੜੀਆਂ ਰੀਤਾਂ-ਰਸਮਾਂ, ਵਿਸ਼ਵਾਸ਼ਾਂ, ਸਾਹਿਤ ਆਦਿ ਉੱਪਰ ਵੀ ਕੰਮ ਹੋਣਾ ਚਾਹੀਦਾ ਹੈ। ਇਸ ਲਈ ਕੰਮ ਇੰਨੇ ਜ਼ਿਆਦਾ ਹਨ ਕਿ ਮੁੱਕਦੇ ਨਹੀਂ ਹਨ। ਜਿਵੇਂ ਲੰਮੇ ਗਾਉਣਾ ਦੇ ਪ੍ਰਸੰਗ ਵਿਚ ਇੱਕ-ਇਕ ਰਿਸ਼ਤੇ ‘ਤੇ ਕੰਮ ਹੋ ਸਕਦਾ ਹੈ। ਇਸ ਦਾ ਅਰਥ ਹੈ ਕਿ ਇਨ੍ਹਾਂ ਗੀਤਾਂ ਵਿਚ ਪੇਸ਼ ਦਿਉਰ-ਭਰਜਾਈ, ਜੇਠ-ਜਠਾਣੀ, ਸੱਸ-ਨੂੰਹ, ਨੂੰਹ-ਸਹੁਰਾ, ਭੈਣ-ਭਰਾ, ਪਿਓ-ਧੀ ਦੇ ਰਿਸ਼ਤਿਆਂ ਦੀ ਪੇਸ਼ਕਾਰੀ ਉੱਪਰ ਸਮਾਜਿਕ ਤੇ ਸਭਿਆਚਾਰਕ ਸੰਦਰਭ ਵਿਚ ਕੰਮ ਹੋ ਸਕਦਾ ਹੈ। ਇਸ ਤੋਂ ਬਿਨਾਂ ਸੌਕਣ ਦੇ ਰਿਸ਼ਤੇ ਨੂੰ ਆਧਾਰ ਬਣਾ ਕੇ ਪੰਜਾਬੀ ਸਭਿਆਚਾਰ ਵਿਚ ਮਿਲਦੇ ਵਿਆਹ ਬਾਹਰਲੇ ਸੰਬੰਧਾਂ ‘ਤੇ ਕੰਮ ਹੋਣਾ ਚਾਹੀਦਾ ਹੈ। ਲੇਕਿਨ ਇੱਥੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹਾ ਕੰਮ ਕੇਵਲ ਸਧਾਰਨ ਪੱਧਰ ਦੀ ਵਿਆਖਿਆ ਵਾਲਾ ਨਹੀਂ ਹੋਣਾ ਚਾਹੀਦਾ। ਅਜਿਹੇ ਕੰਮ ਕਰਨ ਵਾਲੇ ਖੋਜ ਕਰਤਾ ਦੀ ਜਿੰਮੇਵਾਰੀ ਹੈ ਕਿ ਉਸਨੂੰ ਪ੍ਰਾਪਤ ਸਮੱਗਰੀ ਅਤੇ ਪੇਸ਼ ਸਮਾਜਿਕ ਪ੍ਰਸੰਗ ਦੀ ਪੂਰੀ ਸਮਝ ਹੋਵੇ ਕਿ ਮੁੱਢ ਤੋਂ ਰਿਸ਼ਤੇ ਕਿਵੇਂ ਦੇ ਰਹੇ ਹਨ ਅਤੇ ਹੁਣ ਕੀ ਸਥਿਤੀ ਹੈ। ਇਸਤੋਂ ਬਿਨਾਂ ਖੋਜ ਕਰਤਾ ਨੂੰ ਇਨ੍ਹਾਂ ਰਿਸ਼ਤਿਆਂ ਦੇ ਲੋਕਧਾਰਾ ਵਿਚ ਆਉਣ ਦੇ ਕਾਰਨ ਅਤੇ ਲੋਕਧਾਰਾ ਵਿਚ ਵਰਤੋਂ ਸਮੇਂ ਆਏ ਪਰਿਵਰਤਨਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਇਹ ਅਧਿਐਨ ਅਸਲ ਵਿਚ ਹੈ ਬੜਾ ਔਖਾ ਤੇ ਵੱਖਰੀ ਕਿਸਮ ਦਾ ਅਧਿਐਨ ਹੈ।
ਇਸ ਸਭ ਕੁੱਝ ਦਾ ਕਾਰਨ ਹੈ ਕਿ ਜਿਹੜਾ ਭਾਰਤੀ/ਪੰਜਾਬੀ ਸਾਹਿਤ ਮਿਲਦਾ ਹੈ ਉਸਦੀ ਇਹ ਦਿੱਕਤ ਹੈ ਕਿ ਉਹ ਉੱਪਰਲੀ/ਸੱਤਾਧਾਰੀ/ਅਮੀਰ ਜਮਾਤ ਦੀ ਵਿਚਾਰਧਾਰਾ, ਦਰਸ਼ਨ ਤੇ ਸਭਿਆਚਾਰਕ ਪ੍ਰਵਚਨ ਦਾ ਵਾਹਕ ਹੈ। ਇਸ ਕਾਰਨ ਉਸ ਸਮੇਂ ਦੇ ਸਧਾਰਨ ਲੋਕਾਂ ਬਾਰੇ ਸਮਝ ਪ੍ਰਾਪਤ ਕਰਨ ਲਈ ਸਾਨੂੰ ਲੋਕਧਾਰਾ ਵਿਚ ਮਿਲਦੀ ਉਸ ਸਮੇਂ ਨਾਲ ਸੰਬੰਧਿਤ ਸਮੱਗਰੀ ਦੇ ਅਵਸ਼ੇਸ਼ਾਂ ਨੂੰ ਡੀਕੋਡ ਕਰਨਾ ਪੈਂਦਾ ਹੈ। ਅਜਿਹੇ ਵਿਚ ਪਹਿਲੀ ਸਮੱਸਿਆ ਅਜਿਹੇ ਅਵਸ਼ੇਸ਼ਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਪਛਾਣ ਕਰਨ ਦੀ ਬਣ ਜਾਂਦੀ। ਇਸ ਕੰਮ ਲਈ ਬਹੁਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਅੱਜ ਵੀ ਕਬੀਲਾ ਯੁੱਗ ਤੋਂ ਲੈ ਕੇ ਵਰਤਮਾਨ ਸਮੇਂ ਦੀ ਨਿਰੰਤਰਤਾ ਦੇ ਪ੍ਰਸੰਗ ਵਿਚ ਸਮਾਜਿਕ, ਸਭਿਆਚਾਰਕ, ਸਾਹਿਤਕ, ਇਤਿਹਾਸਕ ਤੇ ਮਾਨਵਵਿਗਿਆਨਕ ਵਿਆਖਿਆ ਕਰਨ ਸਮੇਂ ਅਸੀਂ ਵੇਦ, ਪੁਰਾਣ ਤੇ ਸਿਮ੍ਰਤੀਆਂ ਨੂੰ ਪ੍ਰਮਾਣ ਵਜੋਂ ਪੇਸ਼ ਕਰਨ ਲੱਗਦੇ ਹਾਂ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਵੇਦ ਤਾਂ ਆਮ ਲੋਕਾਂ ਦੇ ਹੈ ਹੀ ਨਹੀਂ ਹਨ। ਇਹ ਬ੍ਰਾਹਮਣਾਂ ਨੇ ਆਪਣੇ ਹਿਤ ਤੇ ਵਿਚਾਰਧਾਰਾ ਅਨੁਸਾਰ ਲਿਖੇ ਹਨ। ਉਸ ਸਮੇਂ ਆਮ ਲੋਕਾਂ ਨੂੰ ਤਾਂ ਵੇਦ/ਪੁਰਾਣ ਪੜ੍ਹਨ ਦੀ ਇਜਾਜ਼ਤ ਵੀ ਨਹੀਂ ਸੀ। ਇਸ ਲਈ ਉਦੋਂ ਲੋਕਾਂ ਨੇ ਆਪਣੀ ਵਿਚਾਰਧਾਰਾ ਤੇ ਪ੍ਰਵਚਨ ਨੂੰ ਜ਼ੁਬਾਨੀ ਸਿਰਜਿਆ ਤੇ ਲੋਕਧਾਰਾ/ਸਭਿਆਚਾਰ ਦੇ ਰੂਪ ਵਿਚ ਸੰਭਾਲ ਕੇ ਰੱਖਿਆ। ਇਹੀ ਵਿਚਾਰ ਅੱਜ ਵੀ ਜ਼ੁਬਾਨੀ-ਕਲਾਮੀ ਸਾਡੇ ਤੱਕ ਸਫ਼ਰ ਕਰ ਰਹੇ ਹਨ। ਅਜਿਹੇ ਸਦੀਆਂ ਪੁਰਾਣੇ ਵਿਚਾਰਾਂ ਜਾਂ ਅੱਜ ਦੇ ਵਿਚਾਰਾਂ ਵਿਚ ਪਏ ਉਨ੍ਹਾਂ ਦੇ ਆਧਾਰੀ ਰੂਪ ਨੂੰ ਫੜਨਾ ਅਤੇ ਸਿਧਾਂਤ ਸਿਰਜਣਾ ਕਰਨੀ ਮਾਨਵ ਵਿਗਿਆਨ ਦਾ ਕੰਮ ਹੈ। ਲੇਕਿਨ ਕਿਉਂਕਿ ਸਾਡ ੇਮਾਨਵ ਵਿਗਿਆਨ ਸੁਤੰਤਰ ਅਨੁਸ਼ਾਸ਼ਨ ਵਜੋਂ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ, ਇਸ ਲਈ ਸਾਡੇ ਕੋਲ ਅਧਿਐਨ ਦੀ ਸਮੱਗਰੀ ਅਤੇ ਸਾਧਨਾਂ ਦੀ ਵੀ ਕਮੀ ਹੈ। ਅਜਿਹੇ ਵਿਚ ਲੋਕਧਾਰਾ ਅਧਿਐਨ ਦਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ।
ਹੁਣ ਤੁਸੀਂ ਲੋਕ ਕਥਾਵਾਂ ਨੂੰ ਲੈ ਲਓ। ਲੋਕ ਕਥਾਵਾਂ ‘ਤੇ ਵੀ ਆਮ ਗੱਲਬਾਤ ਹੋਈ ਹੈ। ਵਣਜਾਰਾ ਬੇਦੀ ਨੇ ਲੋਕ ਕਥਾਵਾਂ ਦੇ 26-27 ਰੂਪ ਕੀਤੇ ਹਨ। ਉਨ੍ਹਾਂ ਰੂਪਾਂ ਉੱਪਰ ਹੁਣ ਤੱਕ ਕੱਲੇ-ਕੱਲੇ ‘ਤੇ ਕੰਮ ਹੋ ਜਾਣਾ ਚਾਹੀਦਾ ਸੀ। ਇਸੇ ਤਰ੍ਹਾਂ ਮਿਥਿਹਾਸ ਬਾਰੇ ਸਮਾਨ ਸਥਿਤੀ ਹੈ। ਅਸੀਂ ਹੁਣ ਤੱਕ ਹਿੰਦੂ ਮਿਥਿਹਾਸ ‘ਤੇ ਕੰਮ ਕਰੀ ਜਾਂਦੇ ਹਾਂ। ਜਦੋਂ ਕਿ ਅਸਲ ਵਿਚ ਪੰਜਾਬ ਦਾ ਲੋਕ ਮਿਥਿਹਾਸ ਬਦਲ ਗਿਆ ਹੈ। ਅਸੀਂ ਇਹ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੋ ਬਦਲ ਗਿਆ ਉਹ ਕਿਸ ਕਿਸਮ ਦਾ ਹੈ? ਉਦਾਹਰਨ ਲਈ ਮੇਰੀ ਨਿਗਰਾਨੀ ਵਿਚ ਜਨਮ ਸਾਖੀਆਂ ਦੇ ਅਧਿਐਨ ਬਾਰੇ ਇਕ ਖੋਜ ਕਾਰਜ ਹੋਇਆ ਹੈ ਜਿਸ ਵਿਚ ਮੈਂ ਜਨਮ ਸਾਖੀਆਂ ਦਾ ਅਧਿਐਨ ਦੰਤ ਕਥਾਵਾਂ ਦੇ ਆਧਾਰ ‘ਤੇ ਕਰਵਾਇਆ ਹੈ। ਇਸ ਸੰਬੰਧ ਵਿਚਡੇਰੇਦਾਰਾਂ, ਮੱਠਦਾਰਾਂ, ਸਾਧਾਂ ਤੇ ਸੰਤਾਂ ਨਾਲ ਜੁੜੀਆਂ ਕਥਾਵਾਂ ਕੱਠੀਆਂ ਕਰਨ ਦੀ ਲੋੜ ਹੈ। ਇਨ੍ਹਾਂ ਉੱਪਰ ਕੰਮ ਹੋ ਸਕਦਾ ਹੈ। ਜਨੌਰ ਕਥਾਵਾਂ ‘ਤੇ ਅਸੀਂ ਅਜੇ ਕੱਖ ਨਹੀਂ ਕੀਤਾ। ਇਸੇ ਤਰ੍ਹਾਂ ਨੀਤੀ ਕਥਾਵਾਂ ਬਾਰੇ ਕੋਈ ਚੱਜ ਦਾ ਕੰਮ ਨਹੀਂ ਹੋਇਆ। ਇਸਤੋਂ ਇਲਾਵਾ ਲੋਕ ਸਿਆਣਪਾਂ, ਮੁਹਾਵਰਿਆਂ ਅਤੇ ਅਖਾਣਾਂ ਉੱਤੇ ਬਹੁਤ ਥੋੜ੍ਹਾ ਕੰਮ ਹੋਇਆ ਹੈ। ਸੋ ਜੇਕਰ ਦੇਖਿਆ ਜਾਵੇ ਤਾਂ ਕੇਵਲ ਲੋਕ ਸਾਹਿਤ ਉੱਪਰ ਹੀ ਇੰਨਾ ਕੰਮ ਕਰਨ ਵਾਲਾ ਪਿਆ ਹੈ। ਪਰ ਇਹ ਤਾਂ ਮੈਂ ਕੇਵਲ ਲੋਕ ਸਾਹਿਤ ਦੀ ਹੀ ਗੱਲ ਕੀਤੀ ਹੈ। ਮੇਲੇ, ਤਿਉਹਾਰ, ਤਿੱਥਾਂ ਆਦਿ ਵੀ ਪਏ ਹਨ।
ਸੋ ਜੇਕਰ ਮੈਂ ਸੰਖੇਪ ਵਿਚ ਗੱਲ ਕਰਾਂ ਤਾਂ ਪੰਜਾਬੀ ਲੋਕਧਾਰਾ ਵਿਚ ਹੋਏ ਵਧੇਰੇ ਖੋਜ ਕਾਰਜ ਕੇਵਲ ਸੌਖੀ ਡਿਗਰੀ ਲੈਣ ਲਈ ਹੋਏ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਕੰਮਾਂ ਦਾ ਮਿਆਰ ਤੁਹਾਨੂੰ ਪੱਤਰਕਾਰੀ ਪੱਧਰ ਦਾ ਮਿਲ ਜਾਵੇਗਾ। ਇਸ ਲਈ ਸਾਹਿਤਕ, ਆਲੋਚਨਾਤਮਕ ਜਾਂ ਲੋਕਧਾਰਾ ਦੀ ਦ੍ਰਿਸ਼ਟੀ ਤੋਂ ਹੋਇਆ ਕੰਮ ਬਹੁਤ ਸੀਮਤ ਹੈ। ਇਹ ਸਾਰੇ ਪੱਖ ਪਏ ਹਨ। ਲੋਕ ਵਿਸ਼ਵਾਸਾਂ ‘ਚ ਕੰਮ ਕਰਨ ਵਾਲਾ ਪਿਆ ਹੈ। ਅਸੀਂ ਅੱਜ ਵਿਸ਼ਵਾਸਾਂ ਨੂੰ ਵਿਗਿਆਨਕ ਸਿੱਧ ਕਰਨ ‘ਤੇ ਤੁਲੇ ਹੋਏ ਹਾਂ ਜਦੋਂ ਕਿ ਸਮਝਣ ਵਾਲਾ ਪੱਖ ਇਹ ਹੈ ਕਿ ਬੀਤੇ ਸਮਿਆਂ ‘ਚ ਪੈਦਾ ਹੋਈਆਂ ਚੀਜ਼ਾਂ ਦਾ ਉਸ ਸਮੇਂ ਕੀ ਯੋਗਦਾਨ ਸੀ। ਇਸਦੇ ਨਾਲ ਹੀ ਇਹ ਵੀ ਸਮਝਣਾ ਚਾਹੀਦਾ ਹੈ ਕਿ ਅੱਜ ਉਹ ਯੋਗਦਾਨ ਹੈ ਕਿ ਨਹੀਂ ਹੈ। ਇਸੇ ਤਰ੍ਹਾਂ ਲੋਕ ਭਾਸ਼ਾ ‘ਤੇ ਕੰਮ ਹੋਣ ਵਾਲਾ ਪਿਆ ਹੈ। ਨਵੇਂ ਲੋਕਧਾਰਾ ਖੋਜੀਆਂ ਨੂੰ ਤਾਂ ਸ਼ਾਇਦ ਇਹ ਫ਼ਰਕ ਪਤਾ ਨਾ ਹੋਵੇ ਕਿ ਭਾਸ਼ਾ ਵਿਗਿਆਨ ਅਲੱਗ ਚੀਜ਼ ਹੈ ਤੇ ਲੋਕ ਭਾਸ਼ਾ ਦਾ ਅਧਿਐਨ ਅਲੱਗ ਚੀਜ਼ ਹੈ। ਇਸ ਤਰ੍ਹਾਂ ਅਜੇ ਸਾਰੇ ਖੇਤਰ ਖਾਲੀ ਪਏ ਹਨ। ਅਜੇ ਤਾਂ ਅਸੀ ਪੂਣੀ ਵੀ ਨਹੀਂ ਕੱਤੀ। ਸਾਨੂੰ ਨਿੱਠ ਕੇ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ।

ਸਵਾਲ : ਪੰਜਾਬੀ ਲੋਕਧਾਰਾ ਦੇ ਅਜਿਹੇ ਖੇਤਰ ਜਿਨ੍ਹਾਂ ਉੱਪਰ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਅਤੇ ਵਰਤਮਾਨ ਸਮੇਂ ਜਿਨ੍ਹਾਂ ਦੇ ਪਰੰਪਰਿਕ ਰੂਪ ਤੇ ਵਸਤੂ ਵਿਚ ਕਾਫ਼ੀ ਤਬਦੀਲੀ ਵਾਪਰ ਚੁੱਕੀ ਹੈ। ਕੀ ਉਨ੍ਹਾਂ ਦਾ ਅਧਿਐਨ ਅਜੇ ਵੀ ਕੋਈ ਸਾਰਥਕਤਾ ਰੱਖਦਾ ਹੈ?

ਜਵਾਬ : ਹਾਂ ਜੀ। ਬਿਲਕੁਲ ਸਾਰਥਕਤਾ ਰੱਖਦਾ ਹੈ। ਲੋਕਧਾਰਾ ਅਧਿਐਨ ਦਾ ਮੁੱਖ ਮੰਤਵ ਲੋਕਾਂ, ਸਮਾਜ ਤੇ ਸਭਿਆਚਾਰ ਦੀ ਸਮਝ ਪੈਦਾ ਕਰਨਾ ਹੈ। ਇਸ ਲਈ ਲੋਕਧਾਰਾ ਅਧਿਐਨ ਰਾਹੀਂ ਇਹ ਸਮਝ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕ ਮਨ ਤੇ ਮਾਨਸਿਕਤਾ ਕਿਵੇਂ ਵਿਕਸਿਤ ਹੋਈ? ਅਜਿਹੇ ਅਧਿਐਨ ਲਈ ਬਿਨਾਂ ਸ਼ੱਕ ਹਰ ਦੌਰ ਵਿਚ ਸਿਰਜੀ ਤੇ ਬਦਲੀ ਜਾ ਰਹੀ ਲੋਕਧਾਰਾਈ ਸਮੱਗਰੀ ਉੱਪਰ ਧਿਆਨ ਕੇਂਦਰਿਤ ਕਰਨ ਦੀ ਲੋੜ ਪੈਂਦੀ ਹੈ। ਇਸ ਲਈ ਵਰਤਮਾਨ ਸਮੇਂ ਸਿਰਜੀ ਜਾ ਰਹੀ ਲੋਕਧਾਰਾ ਪਿੱਛੇ ਵੀ ਪੂਰੇ ਦਾ ਪੂਰਾ ਸਿਸਟਮ ਹੈ। ਇਨ੍ਹਾਂ ਸਿਰਜਣਾਵਾਂ ਪਿੱਛੇ ਸਮਕਾਲ ਦੀਆਂ ਕੰਟਰਾਡਿਕਸ਼ਨਾਂ ਅਤੇ ਉਨ੍ਹਾਂ ਵਿਚੋਂ ਪੈਦਾ ਹੋਈ ਸਾਡੀ ਮਾਨਸਿਕਤਾ ਪਈ ਹੈ। ਸੋ ਸਿਸਟਮ ਨੂੰ ਸਮਝਣ ਲਈ ਲੋਕਧਾਰਾ ਦਾ ਅਧਿਐਨ ਕਰਨਾ ਜ਼ਰੂਰੀ ਹੈ। ਲੋਕਧਾਰਾ ਦੇ ਅਧਿਐਨ ਤੋਂ ਬਿਨਾਂ ਇਸਨੂੰ ਸਮਝਿਆ ਹੀ ਨਹੀਂ ਜਾ ਸਕਦਾ। ਉਦਾਹਰਨ ਲਈ ਮੱਧਕਾਲ, ਆਧੁਨਿਕਤਾ ਤੇ ਉਤਰਆਧੁਨਿਕਤਾ ਨੇ ਲੋਕ ਮਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਇਸਦੀ ਸਮਝ ਸਿਰਫ਼ ਲੋਕਧਾਰਾਈ ਪ੍ਰਗਟਾਵਿਆ ਵਿਚੋਂ ਪ੍ਰਾਪਤ ਹੋ ਸਕਦੀ ਹੈ। ਕਿਸਾਨੀ ਦੇ ਟੁੱਟਣ ਨਾਲ ਲੋਕਾਂ ਦੀ ਮਾਨਸਿਕਤਾ ਕਿਵੇਂ ਤਬਦੀਲ ਹੋ ਰਹੀ ਹੈ? ਕੀ ਇਨ੍ਹਾਂ ਤਬਦੀਲੀਆਂ ਦੇ ਅਨੁਸਾਰੀ ਲੋਕਧਾਰਾ ਪੈਦਾ ਹੋ ਰਹੀ ਹੈ ਜਾਂ ਨਹੀਂ? ਜਿਵੇਂ ਔਰਤਾਂ ਨਾਲ ਸੰਬੰਧਿਤ ਲਤੀਫ਼ੇ ਪਹਿਲਾਂ ਇਹ ਇਕ ਖ਼ਾਸ ਘੇਰੇ ਨਾਲ ਸੰਬੰਧਿਤ ਸਨ ਲੇਕਿਨ ਹੁਣ ਇਹ ਸੋਸ਼ਲ ਮੀਡੀਆ ‘ਤੇ ਸਾਰਿਆਂ ਕੋਲ ਹੀ ਤੁਰੇ ਫਿਰਦੇ ਹਨ। ਇਨ੍ਹਾਂ ਲਤੀਫ਼ਿਆਂ ਵਿਚ ਪੁਰਾਣੇ ਤੇ ਨਵੇਂ ਹਰ ਪ੍ਰਕਾਰ ਦੇ ਲਤੀਫ਼ੇ ਮਿਲ ਜਾਂਦੇ ਹਨ ਲੇਕਿਨ ਦੂਜੇ ਪਾਸੇ ਕੁੜੀਆਂ ਦੇ ਸੁਹਾਗ, ਘੋੜੀਆਂ ਆਦਿ ਨੇ ਵਿਸਥਾਰ ਤਾਂ ਗ੍ਰਹਿਣ ਕੀਤਾ ਲੇਕਿਨ ਉਹ ਸਾਰੇ ਪੁਰਾਣੇ ਹਨ। ਵਰਤਮਾਨ ਸਮੇਂ ਔਰਤਾਂ ਦੁਆਰਾ ਰਚੇ ਜਾਣ ਵਾਲੇ ਨਵੇਂ ਲੋਕ ਸਾਹਿਤ ਦੀ ਸਿਰਜਣਾ ਨਹੀਂ ਹੋ ਰਹੀ। ਸੋ ਲੋਕਧਾਰਾ ਵਿਚ ਕੁੱਝ ਖ਼ਤਮ ਵੀ ਹੋ ਜਾਂਦਾ ਹੈ ਤੇ ਬਹੁਤ ਕੁੱਝ ਨਵਾਂ ਸਿਰਜਿਆ ਜਾਂਦਾ ਹੈ। ਪਰ ਲੋਕਧਾਰਾ ਅਧਿਐਨ ਦੇ ਅੰਤਰਗਤ ਸਾਰੇ ਦਾ ਅਧਿਐਨ ਕਰਨਾ ਜ਼ਰੂਰੀ ਹੈ।

ਸਵਾਲ : ਤੁਹਾਡੇ ਅਨੁਸਾਰ ਲੋਕਧਾਰਾ ਅਧਿਐਨ ਵੱਲ ਰੁਚਿਤ ਵਿਦਿਆਰਥੀਆਂ ਨੂੰ ਲੋਕਧਾਰਾ ਨਾਲ ਸੰਬੰਧਿਤ ਕਿਹੜੇ ਵਿਦਵਾਨ ਪੜ੍ਹਨੇ ਚਾਹੀਦੇ ਹਨ?

ਜਵਾਬ : ਇਸ ਸੰਬੰਧ ਵਿਚ ਪੰਜਾਬ ਦੀ ਲੋਕਧਾਰਾ ਉੱਪਰ ਕੰਮ ਕਰਨ ਵਾਲੇ ਪਹਿਲੇ ਅੰਗਰੇਜ਼ ਵਿਦਵਾਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਪਰ ਆਮ ਕਰਕੇ ਅਸੀਂ ਉਨ੍ਹਾਂ ਨੂੰ ਛੱਡ ਦਿੰਦੇ ਹਾਂ। ਇਸ ਲਈ ਸਾਡੇ ਬਾਰੇ ਦੂਜਿਆਂ ਨੇ ਜਿਹੜਾ ਅਧਿਐਨ ਕੀਤਾ ਹੈ ਪਹਿਲਾਂ ਉਸਦਾ ਗੰਭੀਰ ਅਧਿਐਨ ਕਰਨਾ ਚਾਹੀਦਾ ਹੈ। ਇਹ ਅਲੱਗ ਗੱਲ ਹੈ ਕਿ ਉਨ੍ਹਾਂ ਨੇ ਕਿਸ ਦ੍ਰਿਸ਼ਟੀ ਤੋਂ ਕੰਮ ਕੀਤਾ ਹੈ। ਅਜਿਹੇ ਵਿਦਵਾਨਾਂ ਵਿਚ ਤਿੰਨ-ਚਾਰ ਨਾਮ ਜਿਵੇਂ ਆਰ. ਸੀ. ਟੈਂਪਲ, ਚਾਰਲਸ ਸਵਿਨਰਟਨ ਤੇ ਫਲੋਰਾ ਐਨੀ ਸਟੀਲ ਬਹੁਤ ਮਹੱਤਵਪੂਰਨ ਹਨ। ਲੇਕਿਨ ਦੁੱਖ ਦੀ ਗੱਲ ਹੈ ਕਿ ਅਸੀਂ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝਿਆ। ਹੁਣ ਆਰ. ਸੀ. ਟੈਂਪਲ ਨੇ ਇਕ ਸੌ ਤੇਰਾਂ ਤੋਂ ਉੱਤੇ ਕਥਾਵਾਂ ਇਕੱਠੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਸਾਡੇ ਤੱਕ ਤਿੰਨ ਸੈਂਚੀਆਂ ਦੀਆਂ ਕੁੱਲ ਅੱਠਵੰਜਾ ਕਥਾਵਾਂ ਪਹੁੰਚੀਆਂ ਹਨ। ਇਹ ਸਵਾਲ ਕਿਸੇ ਨੇ ਨਹੀਂ ਕੀਤਾ ਕਿ ਬਾਕੀ ਕਥਾਵਾਂ ਕਿੱਥੇ ਗਈਆਂ? ਮੈਂ ਆਪਣੇ ਇਕ ਵਿਦਿਆਰਥੀ ਸੈਮੁਅਲ ਗਿੱਲ ਨੂੰ ਇਸ ਵਿਸ਼ੇ ‘ਤੇ ਕੰਮ ਕਰਵਾਇਆ। ਉਸ ਨੂੰ ਉਨ੍ਹਾਂ ਕਥਾਵਾਂ ਦੇ ਨਾਮ ਇੰਗਲੈਂਡ ਦੀ ਲਾਇਬ੍ਰੇਰੀ ਵਿਚੋਂ ਲੱਭ ਪਏ। ਉਸਨੇ ਉਹ ਡਾਟਾ ਆਪਣੇ ਖੋਜ ਪ੍ਰਬੰਧ “ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿਚ ਅੰਗਰੇਜ਼ਾਂ ਦਾ ਯੋਗਦਾਨ” ਵਿਚ ਦਿੱਤਾ ਹੈ। ਲੇਕਿਨ ਇਕ ਸਵਾਲ ਹੋਰ ਬਣਦਾ ਸੀ ਜਿਸਨੂੰ ਉਸਨੇ ਡੀਲ ਨਹੀਂ ਕੀਤਾ ਕਿ ਆਰ. ਸੀ. ਟੈਂਪਲ ਨੇ ਉਹ ਕਥਾਵਾਂ ਸੰਪਾਦਤ ਕਰਕੇ ਛਪਵਾਈਆਂ ਕਿਉਂ ਨਹੀਂ? ਹੁਣ ਇੱਥੇ ਅੰਗਰੇਜ਼ ਵਿਦਵਾਨਾਂ ਦੀ ਮਾਨਿਸਕਤਾ ਸਮਝਣ ਵਾਲੀ ਹੈ। ਇਨ੍ਹਾਂ ਤਕਰੀਬਨ ਸਾਰੇ ਹੀ ਵਿਦਵਾਨਾਂ ਨੇ ਹਰੀ ਸਿੰਘ ਨਲੂਏ, ਦੁੱਲਾ ਭੱਟੀ ਤੇ ਗੁਰੂ ਗੋਬਿੰਦ ਸਿੰਘ ਬਾਰੇ ਜੋ ਵੀ ਸਮੱਗਰੀ ਇਕੱਤਰ ਕੀਤੀ, ਉਸਨੂੰ ਨਹੀਂ ਛਪਵਾਇਆ। ਇਸਦਾ ਕਾਰਨ ਹੈ ਕਿ ਇਹ ਨਾਇਕ ਸਥਾਪਤੀ ਦੇ ਵਿਰੋਧ ਵਿਚ ਹਨ। ਇਸ ਕਰਕੇ ਉਨ੍ਹਾਂ ਦਾ ਪੂਰਾ ਕੰਮ ਘੋਖਣ ਦੀ ਲੋੜ ਹੈ। ਉਨ੍ਹਾਂ ਦੀਆਂ ਡਿਕਸ਼ਨਰੀਆਂ, ਗਲੌਸਰੀਆਂ ਦੇਖਣ ਦੀ ਲੋੜ ਹੈ। ਉਨ੍ਹਾਂ ਵਿਚ ਅਖਾਣਾਂ ਤੇ ਮੁਹਾਵਰੇ ਇੰਨੀ ਵੱਡੀ ਗਿਣਤੀ ਵਿਚ ਹਨ ਕਿ ਇਕ ਪੂਰੀ ਕਿਤਾਬ ਬਣਦੀ ਹੈ। ਸੋ ਇਹ ਕੰਮ ਪੜ੍ਹਨ ਵਾਲਾ ਵੀ ਹੈ ਤੇ ਕਰਨ ਵਾਲਾ ਵੀ ਹੈ। ਹੁਣ ਫਿਲੌਰਾ ਐਨੀ ਸਟੀਲ ਦੀ ਲੋਕਧਾਰਾ ਬਾਰੇ ਲਿਖੀ ਕੇਵਲ ਇਕ ਕਿਤਾਬ ਦਾ ਸਾਨੂੰ ਪਤਾ ਹੈ ਲੇਕਿਨ ਉਸ ਦੇ ਛੱਬੀ ਨਾਵਲ ਵੀ ਛਪੇ ਹਨ। ਉਨ੍ਹਾਂ ਦਾ ਸਾਨੂੰ ਪਤਾ ਨਹੀਂ ਹੈ। ਉਸਨੇ 1857 ਬਾਰੇ ਇਕ ਨਾਵਲ ਅਤੇ ਪੰਜਾਬੀ ਰਸੋਈ ਸੰਬੰਧੀ ਵੀ ਪੁਸਤਕ ਲਿਖੀ।
ਇਨ੍ਹਾਂ ਤੋਂ ਬਾਅਦ ਦੁਨੀਆਂ ਦੇ ਨਾਮਵਰ ਲੋਕਧਾਰਾ ਸ਼ਾਸਤਰੀ ਪੜ੍ਹਨੇ ਜ਼ਰੂਰੀ ਹਨ।ਉਨ੍ਹਾਂ ‘ਚੋਂ ਸੋਕੋਲੋਵ ਤੇ ਐਲਨ ਡੰਡੀਜ਼ ਲੋਕਧਾਰਾ ਦੇ ਖੇਤਰ ‘ਚ ਕੰਮ ਕਰਦੇ ਬੰਦੇ ਨੂੰ ਪੜ੍ਹਨੇ ਚਾਹੀਦੇ ਹਨ। ਇਕ ਫਰੇਜ਼ਰ ਨੂੰ ਪੜ੍ਹਨਾ ਜ਼ਰੂਰੀ ਹੈ। ਉਸਨੇ ਦਾ “ਗੋਲਡਨ ਬੋਅ” ਦੇ 14 ਭਾਗਾਂ ਵਿਚ ਦੁਨੀਆਂ ਭਰ ਦੀ ਸਮੱਗਰੀ ਨੂੰ ਇਕੱਠਾ ਕੀਤਾ ਹੈ। ਇਹ ਗ੍ਰੰਥ ਚਾਰ ਜਿਲਦਾਂ ਵਿਚਵੀ ਮਿਲ਼ ਜਾਂਦਾ ਹੈ ਤੇ ਇਕ ਜਿਲਦ ਵਿਚ ਵੀ। ਸਿਗਮੰਡ ਫਰਾਇਡ ਨੇ ਸੁਪਨਿਆਂ ਦੀ ਵਿਆਖਿਆ ਕਰਨ ਲਈ ਸਮੱਗਰੀ ਇਸੇ ਗ੍ਰੰਥ ਵਿਚੋਂ ਲਈ ਹੈ। ਇਹ ਸਾਰਾ ਕੁੱਝ ਦੇਖਣ ਦੀ ਲੋੜ ਹੈ।

ਸਵਾਲ : ਲੋਕਧਾਰਾ ਅਧਿਐਨ ਵਿਚ ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ‘ਤੇ ਜਿਹੜੇ ਨਵੇਂ ਕੰਮ ਹੋ ਰਹੇ ਹਨ ਉਨ੍ਹਾਂ ਦੇ ਪ੍ਰਸੰਗ ਵਿਚ ਤੁਸੀਂ ਪੰਜਾਬੀ ਲੋਕਧਾਰਾ ਅਧਿਐਨ ਨੂੰ ਕਿੱਥੇ ਦੇਖਦੇ ਹੋ?

ਜਵਾਬ : ਵੈਸੇ ਤੁਹਾਨੂੰ ਮੇਰਾ ਇਹ ਕਥਨ ਮਾੜਾ ਲੱਗੇਗਾ ਪਰ ਉਨ੍ਹਾਂ ਕੰਮਾਂ ਦੇ ਮੁਕਾਬਲੇ ਅਜੇ ਤਾਂ ਅਸੀਂ ਕਿਤੇ ਵੀ ਨਹੀ ਖੜ੍ਹਦੇ। ਜੇ ਆਪਾਂ ਨੰਬਰ ਦੇਣੇ ਹੋਣ ਤਾਂ ਦੋ ਚਾਰ ਦੇ ਵੀ ਸਕਦੇ ਹਾਂ ਪਰ ਇਸਤੋਂ ਜ਼ਿਆਦਾ ਨਹੀਂ। ਜੇ ਅਸੀਂ ਅੱਜ ਨਿੱਠ ਕੇ ਕੰਮ ਸ਼ੁਰੂ ਕਰੀਏ ਤਾਂ ਦਸ ਪੰਦਰਾਂ ਸਾਲਾਂ ‘ਚ ਉਨ੍ਹਾਂ ਦੇ ਬਰਾਬਰ ਪਹੁੰਚਣ ਦੀ ਗੱਲ ਸੋਚੀ ਜਾ ਸਕਦੀ ਹੈ। ਲੇਕਿਨ ਉਸਦੇ ਲਈ ਮੌਲਿਕ ਸੋਚ, ਵਿਸ਼ਾਲ ਅਧਿਐਨ ਤੇ ਦਾਰਸ਼ਨਿਕ ਦ੍ਰਿਸ਼ਟੀ ਦੀ ਜ਼ਰੂਰਤ ਹੈ। ਜਦੋਂ ਤੱਕ ਅਸੀਂ ਆਪਣਾ ਦਾਇਰਾ ਵਿਸ਼ਾਲ ਨਹੀਂ ਕਰਦੇ ਉਦੋਂ ਤੱਕ ਬਸ ਗਿਣਤੀਆਂ-ਮਿਣਤੀਆਂ ਕਰ ਲਵਾਂਗੇ ਲੇਕਿਨ ਵਿਚਾਰ ਤੇ ਖੋਜ ਦੀ ਪੱਧਰ ਉੱਪਰ ਕੁੱਝ ਵਧੇਰੇ ਨਹੀਂ ਕਰ ਸਕਾਂਗੇ। ਹਾਂ ਸੰਗ੍ਰਹਿ ਦੇ ਖੇਤਰ ਵਿਚ ਸਾਡੀ ਉਪਲੱਬਦੀ ਗਿਣਨਯੋਗ ਹੈ।

ਸਵਾਲ : ਲੋਕਧਾਰਾ ਦੇ ਵਿਚ ਇਕੱਤਰੀਕਰਨ ਤੇ ਅਧਿਐਨ ਕੀ ਵੱਖ-ਵੱਖ ਵੀ ਹੋ ਸਕਦੇ ਹਨ? ਜਾਂ ਇਹ ਇਕੱਠੇ ਹੀ ਹੋਣਗੇ?

ਜਵਾਬ : ਇੱਥੇ ਦੋਵੇਂ ਹੀ ਚੀਜ਼ਾਂ ਨਾਲੋ-ਨਾਲ ਚੱਲਦੀਆਂ ਹਨ। ਜੇ ਖੇਤਰੀ ਕਾਰਜ ਨਹੀਂ ਹੋਏਗਾ ਤਾਂ ਸਿਧਾਂਤ ਨਾਲ ਉਸ ਦਾ ਸਹੀ ਰਿਸ਼ਤਾ ਨਹੀਂ ਬਣ ਸਕਦਾ। ਸੋ ਇਹ ਦੋਵੇਂ ਨਾਲੋ-ਨਾਲ ਚਲਦੇ ਹਨ ਤੇ ਨਾਲੋ-ਨਾਲ ਹੀ ਚੱਲਣੇ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਖੇਤਰ ਦਾ ਡਾਟਾ ਨਹੀਂ ਹੈ ਤਾਂ ਤੁਹਾਡੀਆਂ ਧਾਰਨਾਵਾਂ ਦੇ ਸਹੀ ਹੋਣ ਉੱਪਰ ਸ਼ੱਕ ਕੀਤਾ ਜਾ ਸਕਦਾ ਹੈ। ਇਸੇ ਲਈ ਕਿਸੇ ਨੇ ਕਿਹਾ ਹੈ ਕਿ ਇਹ ਲੋਕਧਾਰਾ ਦਾ ਖੇਤਰੀ ਕਾਰਜ ਕਣਕ ਦੀ ਵਾਢੀ ਕਰਨ ਵਰਗਾ ਕੰਮ ਹੈ। ਇਸ ਵਿਚ ਘਰ ਦਾਣੇ ਲਿਆਉਣ ਲਈ ਕਣਕ ਨੂੰ ਕੱਢਣਾ ਪੈਂਦਾ ਹੈ। ਸੋ ਖੇਤਰੀ ਕਾਰਜ ਲੋਕਧਾਰਾ ਦਾ ਆਧਾਰ ਹੈ। ਇਸ ਲਈ ਖੇਤਰੀ ਕਾਰਜ ਪਹਿਲਾਂ ਤੇ ਸਿਧਾਂਤਕ ਅਧਿਐਨ ਬਾਅਦ ਵਿਚ ਆਉਂਦਾ ਹੈ। ਐਲਨ ਡੰਡੀਜ਼ ਨੇ ਬਹੁਤ ਵਧੀਆ ਸਵਾਲ ਖੜ੍ਹਾ ਕੀਤਾ ਹੈ ਕਿ ਖੇਤਰੀ ਕਾਰਜ ਅਤੇ ਸਿਧਾਂਤ ਵਿਚੋਂ ਕਿਹੜਾ ਪਹਿਲਾਂ ਆਉਣਾ ਚਾਹੀਦਾ ਹੈ? ਇਸਦੇ ਜਵਾਬ ਵਿਚ ਉਹ ਕਹਿੰਦਾ ਹੈ ਕਿ ਖੇਤਰੀ ਕਾਰਜ ਦੇ ਆਧਾਰ ‘ਤੇ ਜਿਹੜਾ ਸਿਧਾਂਤ ਬਣਦਾ ਹੈ, ਉਹ ਪ੍ਰਵਾਨ ਹੈ ਲੇਕਿਨ ਜੇਕਰ ਸਿਧਾਂਤ ਨੂੰ ਆਧਾਰ ਬਣਾ ਕੇ ਆਪਣੀਆਂ ਧਾਰਨਾਵਾਂ ਨੂੰ ਸਮੱਗਰੀ ਉੱਪਰ ਮੜ੍ਹ ਦੇਣਾ ਹੈ ਤਾਂ ਇਹ ਸਹੀ ਨਹੀਂ ਹੈ। ਸਾਡੀ ਸਮੱਸਿਆ ਹੈ ਕਿ ਅਸੀਂ ਸਿਧਾਂਤ ਅਨੁਸਾਰੀ ਅਧਿਐਨ ਕਰਦੇ ਹਾਂ। ਅਜਿਹੇ ਵਿਚ ਖੇਤਰੀ ਕਾਰਜ ਅਨੁਸਾਰੀ ਬਣਨ ਵਾਲੀਆਂ ਧਾਰਨਾਵਾਂ ਦਾ ਸਿਧਾਂਤ ਨਾਲ ਸੰਤੁਲਨ ਬਣਾਉਣ ਵਿਚ ਦਿੱਕਤ ਆਉਂਦੀ ਹੈ। ਸੋ ਇਸਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਹੈ ਕਿ ਖੇਤਰੀ ਕਾਰਜ ‘ਤੇ ਜਾਣ ਤੋਂ ਪਹਿਲਾਂ ਤੁਹਾਨੂੰ ਸਿਧਾਂਤ ਦਾ ਪਤਾ ਹੋਣਾ ਚਾਹੀਦਾ ਹੈ। ਲੇਕਿਨ ਖੇਤਰੀ ਕਾਰਜ ਨਾਲ ਤੁਹਾਡੀਆਂ ਧਾਰਨਾਵਾਂ ਬਦਲ ਸਕਦੀਆਂ ਹਨ। ਇਹ ਮਾਰਕਸਵਾਦੀ ਸਿਧਾਂਤ ਹੈ ਕਿ ਪਰੈਕਟਿਸ ਤੋਂ ਸਿਧਾਂਤ ਤੇ ਸਿਧਾਂਤ ਤੋਂ ਪਰੈਕਟਸ ਦੇ ਦਵੰਦਵਾਦੀ ਸੰਬੰਧਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ।

ਸਵਾਲ : ਕੀ ਅੱਜ ਪੰਜਾਬੀ ਲੋਕਧਾਰਾ ਅਧਿਐਨ ਖੜੋਤ ਦਾ ਸ਼ਿਕਾਰ ਹੈ?

ਜਵਾਬ : ਇਸਦਾ ਜਵਾਬ ਇੰਨਾ ਸਿੱਧਾ ਨਹੀਂ ਹੈ। ਇਹ ਖੜੋਤ ਦਾ ਸ਼ਿਕਾਰ ਹੈ ਵੀ ਤੇ ਨਹੀਂ ਵੀ। ਇਸਦਾ ਕਾਰਨ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਸਾਡੇ ਤੋਂ ਬਾਅਦ ਲੋਕਧਾਰਾ ਵਿਚ ਕੋਈ ਵਧੀਆ ਕੰਮ ਨਹੀਂ ਹੋ ਰਿਹਾ। ਇਹ ਵੈਸੇ ਹਰ ਪੀੜ੍ਹੀ ਨੂੰ ਲੱਗਦਾ ਹੈ ਕਿ ਸਾਡੇ ਤੋਂ ਅੱਗੇ ਕੁੱਝ ਨਹੀਂ ਹੈ। ਲੇਕਿਨ ਇਹ ਪੂਰੀ ਤਰ੍ਹਾਂ ਸਹੀ ਪਹੁੰਚ ਨਹੀਂ ਹੈ। ਲੋਕਧਾਰਾ ਦੇ ਖੇਤਰ ਵਿਚ ਨਵੇਂ ਬੰਦੇ ਆ ਰਹੇ ਹਨ ਜਿਹੜੇ ਚੰਗਾ ਕੰਮ ਕਰ ਰਹੇ ਹਨ। ਇਹ ਠੀਕ ਹੈ ਕਿ ਉਹ ਥੋੜ੍ਹੇ ਹਨ। ਇਹ ਵੱਖਰੀ ਗੱਲ ਹੈ। ਪਰ ਉਹ ਸਾਰੇ ਕੰਮ ਚੰਗਾ ਕਰ ਰਹੇ ਹਨ। ਉਦਾਹਰਨ ਲਈ ਅੰਮ੍ਰਿਤਸਰ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਦੇ ਅਧਿਐਨ ਦੀ ਦ੍ਰਿਸ਼ਟੀ ਚਾਹੇ ਕਿਹੋ ਜਿਹੀ ਵੀ ਹੈ ਲੇਕਿਨ ਉਹ ਇਕੱਤਰੀਕਰਨ ਦਾ ਕੰਮ ਬਹੁਤ ਵਧੀਆ ਕਰ ਰਹੇ ਹਨ। ਇਨ੍ਹਾਂ ਵਿਚੋਂ ਹੀ ਨਵੇਂ ਲੋਕਧਾਰਾ ਸ਼ਾਸਤਰੀ ਬਣਨੇ ਹਨ। ਇਸ ਲਈ ਖੜੋਤ ਵਾਲੀ ਗੱਲ ਕੁਸ਼ ਨਹੀਂ ਹੁੰਦੀ। ਇਹ ਬਸ ਡਿਗਰੀ ਦਾ ਫ਼ਰਕ ਹੈ। ਪਹਿਲਾਂ ਤੇਜ਼ੀ ਨਾਲ ਖੇਤਰੀ ਤੇ ਅਧਿਐਨ ਦਾ ਕੰਮ ਹੋ ਰਿਹਾ ਸੀ, ਹੁਣ ਥੋੜ੍ਹਾ ਨਜ਼ਰ ਆ ਰਿਹਾ ਹੈ। ਦ੍ਰਿਸ਼ਟੀਕੋਣ ਦੀ ਘਾਟ ਰੜਕਦੀ ਹੈ। ਕੱਟ-ਪੇਸਟ ਦਾ ਕੰਮ ਵੀ ਵੱਧ ਰਿਹਾ ਹੈ। ਦੁਹਰਾਅ ਬਹੁਤ ਹੋ ਰਿਹਾ ਹੈ। ਪੱਤਰਕਾਰਿਤਾ ਵਰਗਾ ਕੰਮ ਵੀ ਸਾਹਮਣੇ ਆ ਰਿਹਾ ਹੈ।

ਸਵਾਲ : ਪੰਜਾਬੀ ਵਿਚ ਲੋਕਧਾਰਾ ਦੇ ਅਧਿਐਨ ਅਤੇ ਇਕੱਤਰੀਕਰਨ ਵਿਚ ਕਿਸ ਪੱਧਰ ‘ਤੇ ਗਤੀਰੋਧ ਗਤੀਸ਼ੀਲ ਹਨ?

ਜਵਾਬ : ਲਗਦਾ ਹੈ ਕਿ ਅਸੀਂ ਇਹ ਸਮਝ ਲਿਆ ਹੈ ਕਿ ਪੰਜਾਬੀ ਦੀ ਸਾਰੀ ਲੋਕਧਾਰਾ ਦੀ ਸਾਰੀ ਸਮੱਗ੍ਰੀ ਇਕੱਤਰ ਕੀਤੀ ਜਾ ਚੁੱਕੀ ਹੈ। ਇਕ ਵਿਦਵਾਨ ਲੋਕਧਾਰਾ ਸ਼ਾਸਤਰੀ ਨੇ ਕਈ ਸਾਲ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬੀ ਦੀਆਂ ਸਾਰੀਆਂ ਲੋਕ ਕਹਾਣੀਆਂ ਇਕੱਤਰ ਹੋ ਗਈਆਂ ਹਨ। ਇਹ ਕਦੇ ਵੀ ਸੱਚ ਨਹੀਂ ਸੀ ਕਿਉਂਕਿ ਕਹਾਣੀਆਂ ਹਰ ਯੁੱਗ ਸਿਰਜੀਆਂ ਜਾਂਦੀਆਂ ਰਹੀਆਂ ਹਨ। ਇਸੇ ਤਰ੍ਹਾਂ ਲੋਕਗੀਤ ਅਤੇ ਲੋਕਧਾਰਾ ਦੇ ਦੂਸਰੇ ਰੂਪ ਸਿਰਜੇ ਜਾ ਰਹੇ ਹਨ। ਇਨ੍ਹਾਂ ਦਿਨਾਂ ਵਿਚ ਜਿੰਨੀ ਵੱਡੀ ਗਿਣਤੀ ਵਿਚ ਲਤੀਫ਼ਿਆਂ ਦਾ ਆਦਾਨ ਪ੍ਰਦਾਨ ਹੋਇਆ ਹੈ ਉਹ ਕਿਆਸੋਂ ਬਾਹਰ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਨਵੇਂ ਖੇਤਰ ਹੋਂਦ ਵਿਚ ਆ ਰਹੇ ਹਨ। ਆਟੋਗ੍ਰਾਫ਼, ਕੰਪਿਊਟਰ ਦਾ, ਨੈੱਟ ਆਦਿ ਦਾ ਫੋਕਲੋਰ ਸਾਹਮਣੇ ਆ ਰਿਹਾ ਹੈ। ਲੋਕਧਾਰਾ ਦੇ ਨਵੇਂ ਨਵੇਂ ਖੇਤਰ ਖੁਲ੍ਹ ਰਹੇ ਹਨ। ਇਹ ਵੀ ਸੱਚ ਹੈ ਕਿ ਅਧਿਐਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਆਰਥਿਕ ਮਦਦ ਤੋਂ ਹੱਥ ਖਿੱਚ ਰਹੀਆਂ ਹਨ। ਇਕੱਤਰੀਕਰਨ ਅਤੇ ਅਧਿਐਨ ਲਈ ਹਾਲਾਤ ਸਾਜ਼ਗਾਰ ਨਹੀਂ। ਇਵੇਂ ਦੇ ਹਾਲਾਤ ਰਹੇ ਤਾਂ ਇਸ ਪਾਸੇ ਵੱਲ ਬਹੁਤ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕੁੱਝ ਸਿਰ ਫਿਰ, ਫਿਰ ਵੀ ਲੱਗੇ ਰਹਿਣਗੇ ਖੇਤਰੀ ਕਾਰਜ ਤੇ ਅਧਿਐਨ ਦਾ ਕਾਰਜ ਤਾਂ ਚਲਦਾ ਹੀ ਰਹੇਗਾ ਭਾਵੇਂ ਕਿੰਨੀ ਵੀ ਘੱਟ ਸਪੇਸ ਰਹਿ ਜਾਵੇ।

ਸਵਾਲ : ਪੰਜਾਬੀ ਲੋਕਧਾਰਾ ਅਤੇ ਅਧਿਐਨ ਉੱਪਰ ਧਰਮ ਸੁਧਾਰ ਅੰਦੋਲਨਾਂ ਦੇ ਪ੍ਰਭਾਵ ਨੂੰ ਕਿਵੇਂ ਦੇਖਦੇ ਹੋ?

ਜਵਾਬ : ਪੰਜਾਬੀ ਲੋਕਧਾਰਾ ਦੀ ਜੇਕਰ ਗੱਲ ਕਰੀਏ ਤਾਂ ਧਰਮ ਸੁਧਾਰ ਦੇ ਅੰਦੋਲਨ ਲੋਕਧਾਰਾ ‘ਚ ਦਖ਼ਲ ਦੇਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ ਲੇਕਿਨ ਉਹ ਕਾਮਯਾਬ ਨਹੀਂ ਹੁੰਦੇ। ਇਸਨੂੰ ਤੁਸੀਂ ਸਿੱਧਾ-ਸਿੱਧਾ ਆਰੀਆ ਸਮਾਜੀ ਲਹਿਰ, ਤੇ ਅਕਾਲੀ ਲਹਿਰ ਨਾਲ ਜੋੜ ਕੇ ਸਮਝ ਸਕਦੇ ਹੋ। ਇਹ ਲਹਿਰਾਂ ਇਕ ਪਾਸੇ ਅੰਗਰੇਜ਼ਾਂ ਦੇ ਖਿਲਾਫ਼ ਸਨ ਤੇ ਦੂਜੇ ਪਾਸੇ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਪਰਿਵਰਤਨਾਂ ਦੇ ਖਿਲਾਫ਼ ਸਨ। ਪਰ ਇਨ੍ਹਾਂ ਨੇ ਲੋਕਧਾਰਾ ਨੂੰ ਵੀ ਨਿਸ਼ਾਨਾ ਬਣਾਇਆ। ਇਕ ਹੱਦ ਤੱਕ ਇਹ ਨਿਸ਼ਾਨਾ ਠੀਕ ਸੀ ਲੇਕਿਨ ਵਿਗਿਆਨਕ ਨਹੀਂ ਸੀ। ਆਰੀਆ ਸਮਾਜੀਆਂ ਨੇ ਸ਼ਰਾਧ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਾਧ ਤਾਂ ਅੱਜ ਤੱਕ ਬੰਦ ਨਹੀਂ ਹੋਏ। ਇਸੇ ਤਰ੍ਹਾਂ ਸਿੰਘ ਸਭੀਆਂ ਨੇ ਗਿੱਧੇ ਅਤੇ ਤੀਆਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਵਿਚ ਅਸ਼ਲੀਲ ਬੋਲੀਆਂ ਪੈਂਦੀਆਂ ਹਨ ਜਾਂ ਅਸ਼ਲੀਲ ਭਾਸ਼ਾ ਵਰਤੀ ਜਾਂਦੀ ਹੈ। ਇਸ ਸੰਬੰਧ ਵਿਚ ਸਿੱਠਣੀਆਂ ਉਨ੍ਹਾਂ ਦਾ ਮੁੱਖ ਤੇ ਅਸਲੀ ਨਿਸ਼ਾਨਾ ਸੀ। ਪਰ ਉਹ ਜਿਵੇਂ ਅੰਗਰੇਜ਼ ਕਹਿੰਦੇ ਹਨ ਕਿ ਟੱਬ ਦਾ ਪਾਣੀ ਸੁੱਟਣ ਲੱਗੇ ਨਿਆਣਾ ਵੀ ਨਾਲ ਹੀ ਸੁੱਟ ਦਿਉ, ਇਨ੍ਹਾਂ ਨੇ ਵੀ ਉਵੇਂ ਹੀ ਕੀਤਾ। ਇਸਦਾ ਪ੍ਰਤੀਕਰਮ ਫਿਰ ਲੋਕਾਂ ਤੇ ਖ਼ਾਸ ਕਰ ਔਰਤਾਂ ਨੇ ਦਿੱਤਾ ਹੈ। ਇਹ ਹੋ ਸਕਦਾ ਹੈ ਕਿ ਕਿਤੇ-ਕਿਤੇ ਅਸਰ ਹੋਇਆ ਵੀ ਹੋਵੇ ਲੇਕਿਨ ਲੋਕਾਂ ਨੇ ਆਪਣੇ ਤਰ੍ਹਾਂ ਵਿਰੋਧ ਵੀ ਕੀਤਾ ਹੈ। ਤੁਸੀਂ ਦੇਖ ਲਉ ਕਿ ਅੱਜ ਵੀ ਬੋਲੀਆਂ ਪੈਂਦੀਆਂ ਹਨ ਤੇ ਗਿੱਧੇ ਵਿਚ ਔਰਤਾਂ ਨੱਚਦੀਆਂ ਵੀ ਹਨ। ਪੰਜਾਬ ਦੇ ਇਤਿਹਾਸ ਵਿਚ1978 ਤੋਂ ਲੈ ਕੇ 1992 ਤਕ ਦਾ ਅਜਿਹਾ ਦੌਰ ਹੈ ਜਿਸ ਵਿਚ ਲੋਕਧਾਰਾ ਨੂੰ ਵੱਡਾ ਧੱਕਾ ਲੱਗਾ। ਹੁਣ ਵੀ ਹਰ ਤਰ੍ਹਾਂ ਦੇ ਕੱਟੜ ਪੰਥੀਆਂ ਵਲੋਂ ਅਜਿਹੇ ਹਮਲੇ ਹੁੰਦੇ ਹੀ ਰਹਿੰਦੇ ਹਨ। ਲੋਕਧਾਰਾ ਹਰ ਤਰ੍ਹਾਂ ਦੇ ਦਬਾਵਾਂ ਨੂੰ ਝੱਲ ਕੇ ਵੀ ਆਪਣਾ ਵਜੂਦ ਵੀ ਬਚਾਅ ਰਹੀ ਹੈ ਤੇ ਆਪਣਾ ਕਾਰਜ ਵੀ ਪੂਰਾ ਕਰ ਰਹੀ ਹੈ।

ਸਵਾਲ : ਤੁਹਾਡੇ ਅਨੁਸਾਰ ਔਰਤ ਦਾ ਲੋਕਗੀਤਾਂ ਨਾਲ ਰਿਸ਼ਤਾ ਕਿਹੋ ਜਿਹਾ ਹੈ?

ਜਵਾਬ : ਲੋਕ ਗੀਤ ਕਥਾਰਸਿਸ ਦਾ ਸਾਧਨ ਹਨ। ਅਸਲ ਵਿਚ ਮਨੋਰੰਜਨ ਦਾ ਅਰਥ ਹੀ ਮਨ ਦਾ ਰੰਜਨ ਕਰਨਾ ਹੈ। ਕਥਾਰਸਿਸ ਦਾ ਮਤਲਬ ਵੀਮਨ ਦੇ ਭਾਵਾਂ ਨੂੰ ਬਾਹਰ ਕੱਢਣਾ ਹੈ। ਇਸ ਲਈ ਦੋਵਾਂ ਦਾ ਮਤਲਬ ਇਕੋ ਹੈ। ਸੋ ਇਨ੍ਹਾਂ ਗੀਤਾਂ ਵਿਚ ਔਰਤ ਸਮਾਜ ਅਤੇ ਵਿਸ਼ੇਸ਼ ਕਰਕੇ ਸਮਾਜਿਕ ਦਬਾਵਾਂ ਦੇ ਖ਼ਿਲਾਫ਼ ਪ੍ਰਤੀਕਿਰਿਆ ਦੇ ਰਹੀ ਹੈ। ਲੋਕਧਾਰਾ ਵਿਚ ਔਰਤ ਆਪਣੇ ਪਤੀ, ਸੱਸ, ਜਿਠਾਣੀ, ਜੇਠ ਆਦਿ ਦੇ ਖ਼ਿਲਾਫ਼ ਬੋਲ ਰਹੀ ਹੈ। ਲੇਕਿਨ ਧਿਆਨ ਨਾਲ ਦੇਖਿਆਂ ਸਮਝ ਆਉਂਦਾ ਹੈ ਕਿ ਅਸਲ ਵਿਚ ਉਹ ਸਮਾਜ ਦੇ ਗ਼ਲਤ ਰਵੱਈਏ ਦੇ ਖ਼ਿਲਾਫ਼ ਬੋਲ ਰਹੀ ਹੈ। ਸਮਾਜ ਵਿਚ ਹਰ ਜਗ੍ਹਾ ਔਰਤ ਇਕੱਲੀ ਬੇਵੱਸ ਅਤੇ ਲਾਚਾਰ ਹੈ। ਉਹ ਸਿੱਧੇ ਅਤੇ ਸਪੱਸ਼ਟ ਬੋਲਾਂ ਰਾਹੀਂ ਵਿਰੋਧਤਾ ਨਹੀਂ ਕਰ ਸਕਦੀ। ਇਸ ਲਈ ਔਰਤ ਗਿੱਧ ੇ’ਚ ਆਪਣੀ ਭੜਾਸ ਕੱਢਦੀ ਹੈ। ਗਿੱਧਾ ਉਹ ਜਗ੍ਹਾ ਹੈ ਜਿਹੜਾ ਉਸਦੇ ਮਨ ਦੀਆਂ ਭਾਵਨਾਵਾਂ ਨੂੰ ਬੋਲ ਦਿੰਦਾ ਹੈ। ਇਸ ਲਈ ਗਿੱਧੇ ਵਿਚ ਉਹ ਹਰ ਅਜਿਹੇ ਰਿਸ਼ਤੇ ਅਤੇ ਵਿਅਕਤੀ ਨੂੰ ਨਿਸ਼ਾਨੇ ਅਧੀਨ ਰੱਖੇਗੀ ਜਿਹੜਾ ਉਸ ਉੱਪਰ ਪਾਬੰਦੀ ਲਾਏਗਾ। ਇਹ ਅਸ਼ਲੀਲਤਾ ਵਾਲਾ ਮਸਲਾ ਵੀ ਕਥਾਰਸਿਸ ਨਾਲ ਜੁੜਿਆ ਹੋਇਆ ਹੈ। ਇੱਥੇ ਉਹ ਆਪਣੀਆਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਜ਼ੁਬਾਨ ਦਿੰਦੀ ਹੈ।

One Reply to “ਲੋਕਧਾਰਾ ਅਧਿਐਨ ਸਿਰਫ਼ ਸਕਾਲਰਾਂ ਦਾ ਆਪਣੇ ਲਈ ਹੈ ਜਾਂ ਡਿਗਰੀਆਂ ਲੈਣ ਲਈ : ਡਾ. ਕਰਮਜੀਤ”

Leave a Reply

Your email address will not be published. Required fields are marked *