ਲੇਖ

ਅੱਜ ਦੀ ਵੋਟ, ਕੱਲ੍ਹ ਦਾ ਪੰਜਾਬ

ਨਾਅਰਿਆਂ ਦੇ ਸ਼ੋਰ ਵਿੱਚ ਵਾਅਦਿਆਂ ਦਾ ਹਿਸਾਬ ਕੌਣ ਮੰਗੇਗਾ?

ਦਬ

18 Nov 2026 · 4 ਮਿੰਟ ਦਾ ਪਾਠ

“The ballot is stronger than the bullet.”

—Abraham Lincoln

“ਵੋਟ ਦੀ ਪਰਚੀ, ਬੰਦੂਕ ਦੀ ਗੋਲੀ ਨਾਲੋਂ ਵੱਧ ਤਾਕਤਵਰ ਹੁੰਦੀ ਹੈ।”

ਅਬਰਾਹਮ ਲਿੰਕਨ ਨਾਲ ਜੁੜਿਆ ਇਹ ਕਥਨ ਲੋਕਤੰਤਰ ਦੀ ਤਾਕਤ ਨੂੰ ਕੁਝ ਸ਼ਬਦਾਂ ਵਿੱਚ ਬਿਆਨ ਕਰਦਾ ਹੈ। ਗੋਲੀ ਦਾ ਧਮਾਕਾ ਇੱਕ ਪਲ ਲਈ ਸੁਣਾਈ ਦਿੰਦਾ ਹੈ, ਪਰ ਵੋਟ ਨਾਲ ਕੀਤਾ ਫ਼ੈਸਲਾ ਕਈ ਪੀੜ੍ਹੀਆਂ ਤੱਕ ਅਸਰ ਛੱਡ ਸਕਦਾ ਹੈ।

ਪੰਜਾਬ ਵਿੱਚ ਚੋਣਾਂ ਦਾ ਮਾਹੌਲ ਬਣਨ ਲੱਗਾ ਹੈ। ਰੈਲੀਆਂ ਹੋ ਰਹੀਆਂ ਹਨ, ਨਵੇਂ ਨਾਅਰੇ ਘੜੇ ਜਾ ਰਹੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਤੇਜ਼ ਹੋ ਰਿਹਾ ਹੈ। ਹਰ ਸਿਆਸੀ ਧਿਰ ਖ਼ੁਸ਼ਹਾਲੀ, ਰੁਜ਼ਗਾਰ, ਨਸ਼ਿਆਂ ਦੇ ਖ਼ਾਤਮੇ ਜਾਂ ਕਿਸਾਨੀ ਦੇ ਸੁਧਾਰ ਦਾ ਭਰੋਸਾ ਦੇ ਰਹੀ ਹੈ। ਇਨ੍ਹਾਂ ਵਾਅਦਿਆਂ ਵਿੱਚੋਂ ਪੰਜਾਬ ਦੇ ਹਿੱਸੇ ਕੀ ਆਵੇਗਾ, ਇਹ ਪੁੱਛਣਾ ਵੋਟਰ ਦਾ ਕੰਮ ਹੈ।

ਵਾਅਦੇ ਕਰਨਾ ਸਿਆਸਤ ਦਾ ਹਿੱਸਾ ਹੈ; ਉਨ੍ਹਾਂ ਦੀ ਪਰਖ ਕਰਨਾ ਵੋਟਰ ਦੀ ਜ਼ਿੰਮੇਵਾਰੀ ਹੈ।

ਚੋਣ ਪ੍ਰਚਾਰ ਵਿੱਚ ਕਈ ਵਾਰ ਅਸਲ ਮੁੱਦਿਆਂ ਦੀ ਥਾਂ ਭਾਵਨਾਤਮਕ ਨਾਅਰੇ, ਇੱਕ ਦੂਜੇ ਉੱਤੇ ਦੋਸ਼ ਅਤੇ ਪੁਰਾਣੇ ਵਿਵਾਦ ਚਰਚਾ ਦਾ ਕੇਂਦਰ ਬਣ ਜਾਂਦੇ ਹਨ। ਇਸ ਸ਼ੋਰ ਵਿੱਚ ਰੁਜ਼ਗਾਰ, ਸਿੱਖਿਆ, ਸਿਹਤ, ਕਿਸਾਨੀ, ਪਾਣੀ, ਵਾਤਾਵਰਨ ਅਤੇ ਉਦਯੋਗ ਵਰਗੇ ਸਵਾਲ ਪਿੱਛੇ ਰਹਿ ਜਾਂਦੇ ਹਨ। ਜਾਗਰੂਕ ਵੋਟਰ ਨੂੰ ਹਰ ਉਸ ਚਰਚਾ ਬਾਰੇ ਸੋਚਣਾ ਚਾਹੀਦਾ ਹੈ ਜੋ ਉਸ ਦਾ ਧਿਆਨ ਇਨ੍ਹਾਂ ਸਵਾਲਾਂ ਤੋਂ ਹਟਾਉਂਦੀ ਹੈ।

ਕਿਸੇ ਆਗੂ ਦਾ ਭਾਸ਼ਣ ਪ੍ਰਭਾਵਸ਼ਾਲੀ ਹੋ ਸਕਦਾ ਹੈ, ਪਰ ਭਾਸ਼ਣ ਯੋਜਨਾ ਦਾ ਬਦਲ ਨਹੀਂ। ਪਿਛਲੀਆਂ ਚੋਣਾਂ ਦੇ ਕਿੰਨੇ ਵਾਅਦੇ ਪੂਰੇ ਹੋਏ? ਨਵੇਂ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ? ਕੰਮ ਕਦੋਂ ਤੱਕ ਹੋਵੇਗਾ ਅਤੇ ਉਸ ਦਾ ਹਿਸਾਬ ਕੌਣ ਦੇਵੇਗਾ? ਉਮੀਦਵਾਰ ਚੋਣਾਂ ਤੋਂ ਇਲਾਵਾ ਆਮ ਦਿਨਾਂ ਵਿੱਚ ਲੋਕਾਂ ਨਾਲ ਕਿੰਨਾ ਖੜ੍ਹਿਆ ਹੈ?

“ਕੀ ਕਰਾਂਗੇ” ਦੇ ਨਾਲ “ਕਿਵੇਂ ਕਰਾਂਗੇ ਅਤੇ ਕਦੋਂ ਤੱਕ ਕਰਾਂਗੇ” ਦਾ ਜਵਾਬ ਵੀ ਮੰਗੀਏ।

ਪੰਜਾਬ ਦੇ ਸਾਹਮਣੇ ਸਵਾਲਾਂ ਦੀ ਘਾਟ ਨਹੀਂ। ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਮਿਲਣਗੇ? ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਇਲਾਜ ਅਤੇ ਸਹਾਰਾ ਕਿਵੇਂ ਮਿਲੇਗਾ? ਕਿਸਾਨੀ ਲਾਹੇਵੰਦ ਹੋਣ ਦੇ ਨਾਲ ਧਰਤੀ ਹੇਠਲੇ ਪਾਣੀ ਨੂੰ ਕਿਵੇਂ ਬਚਾਏਗੀ? ਨਵੇਂ ਉਦਯੋਗ ਕਿਵੇਂ ਆਉਣਗੇ? ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਲੋਕਾਂ ਦਾ ਭਰੋਸਾ ਕਿਵੇਂ ਵਧੇਗਾ?

ਇਹ ਕਿਸੇ ਇੱਕ ਪਾਰਟੀ ਦੇ ਨਹੀਂ, ਸਮੁੱਚੇ ਪੰਜਾਬ ਦੇ ਸਵਾਲ ਹਨ। ਇਨ੍ਹਾਂ ਦਾ ਜਵਾਬ ਮੰਗਣਾ ਕਿਸੇ ਆਗੂ ਨਾਲ ਵੈਰ ਰੱਖਣਾ ਨਹੀਂ, ਇੱਕ ਨਾਗਰਿਕ ਦਾ ਲੋਕਤੰਤਰੀ ਹੱਕ ਹੈ।

ਪਰ ਆਗੂਆਂ ਤੋਂ ਜਵਾਬ ਮੰਗਦਿਆਂ ਸਾਨੂੰ ਆਪਣੀ ਚੋਣ ਵੱਲ ਵੀ ਦੇਖਣਾ ਪਵੇਗਾ। ਜੇ ਵੋਟ ਕਿਸੇ ਛੋਟੇ ਲਾਲਚ, ਨਿੱਜੀ ਕੰਮ, ਰਿਸ਼ਤੇਦਾਰੀ, ਧਰਮ, ਜਾਤ ਜਾਂ ਦਬਾਅ ਹੇਠ ਪਾਈ ਜਾਵੇ, ਤਾਂ ਲੋਕ ਮੁੱਦੇ ਚੋਣ ਦੇ ਫ਼ੈਸਲੇ ਵਿੱਚ ਕਿੱਥੇ ਰਹਿ ਜਾਂਦੇ ਹਨ?

ਵੋਟ ਵੇਚ ਕੇ ਚੁਣੀ ਸਰਕਾਰ ਤੋਂ ਫਿਰ ਇਮਾਨਦਾਰੀ ਖ਼ਰੀਦੀ ਨਹੀਂ ਜਾ ਸਕਦੀ।

ਕੁਝ ਲੋਕ ਸੋਚਦੇ ਹਨ ਕਿ ਉਨ੍ਹਾਂ ਦੀ ਇੱਕ ਵੋਟ ਨਾਲ ਕੀ ਫ਼ਰਕ ਪਵੇਗਾ। ਪਰ ਜਦੋਂ ਬਹੁਤ ਸਾਰੇ ਲੋਕ ਇਹੋ ਸੋਚ ਕੇ ਘਰ ਬੈਠ ਜਾਂਦੇ ਹਨ, ਤਾਂ ਫ਼ੈਸਲਾ ਵੋਟ ਪਾਉਣ ਵਾਲੇ ਹੀ ਕਰਦੇ ਹਨ। ਅਮਰੀਕੀ ਲੇਖਕ ਅਤੇ ਸੰਪਾਦਕ ਜਾਰਜ ਜੀਨ ਨੇਥਨ ਨਾਲ ਜੁੜਿਆ ਕਥਨ ਇੱਥੇ ਢੁੱਕਵਾਂ ਹੈ—

“Bad officials are elected by good citizens who do not vote.”

—George Jean Nathan

“ਮਾੜੇ ਆਗੂ ਉਨ੍ਹਾਂ ਚੰਗੇ ਨਾਗਰਿਕਾਂ ਵੱਲੋਂ ਚੁਣੇ ਜਾਂਦੇ ਹਨ, ਜਿਹੜੇ ਵੋਟ ਪਾਉਣ ਨਹੀਂ ਜਾਂਦੇ।”

ਵੋਟ ਨਾ ਪਾਉਣ ਵਾਲਾ ਨਾਗਰਿਕ ਵੀ ਚੁਣੀ ਹੋਈ ਸਰਕਾਰ ਦੇ ਫ਼ੈਸਲਿਆਂ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਚੋਣਾਂ ਬਾਰੇ ਜਾਣਨਾ, ਉਮੀਦਵਾਰਾਂ ਦਾ ਕੰਮ ਦੇਖਣਾ ਅਤੇ ਆਪਣੀ ਵੋਟ ਪਾਉਣਾ ਉਸ ਦੇ ਆਪਣੇ ਭਵਿੱਖ ਨਾਲ ਜੁੜਿਆ ਮਾਮਲਾ ਹੈ।

ਇਸੇ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਆਈ ਹਰ ਵੀਡੀਓ, ਤਸਵੀਰ ਜਾਂ ਸੁਨੇਹੇ ਨੂੰ ਸੱਚ ਮੰਨ ਲੈਣਾ ਵੀ ਠੀਕ ਨਹੀਂ। ਪੁਰਾਣੀਆਂ ਵੀਡੀਓਜ਼, ਅਧੂਰੇ ਬਿਆਨ ਅਤੇ ਬਿਨਾਂ ਸਰੋਤ ਵਾਲੇ ਦਾਅਵੇ ਲੋਕਾਂ ਦੀ ਰਾਏ ਪ੍ਰਭਾਵਿਤ ਕਰ ਸਕਦੇ ਹਨ। ਕਿਸੇ ਜਾਣਕਾਰੀ ਨੂੰ ਅੱਗੇ ਭੇਜਣ ਜਾਂ ਉਸ ਦੇ ਆਧਾਰ ਉੱਤੇ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਜਾਂਚਣੀ ਚਾਹੀਦੀ ਹੈ।

ਚੋਣਾਂ ਵੇਲੇ ਮਿਲਣ ਵਾਲੇ ਤੁਰੰਤ ਲਾਭ ਬਾਰੇ ਵੀ ਖੁੱਲ੍ਹੇ ਮਨ ਨਾਲ ਸੋਚਣ ਦੀ ਲੋੜ ਹੈ। ਲੋੜਵੰਦਾਂ ਨੂੰ ਸਹਾਰਾ ਦੇਣਾ ਸਰਕਾਰ ਦਾ ਫ਼ਰਜ਼ ਹੈ। ਨਾਲ ਹੀ ਇਹ ਪੁੱਛਣਾ ਜ਼ਰੂਰੀ ਹੈ ਕਿ ਕਿਸੇ ਯੋਜਨਾ ਦਾ ਖ਼ਰਚ ਕਿੱਥੋਂ ਆਵੇਗਾ, ਉਹ ਕਿੰਨਾ ਸਮਾਂ ਚੱਲ ਸਕੇਗੀ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਕੀ ਸੁਧਾਰ ਲਿਆਵੇਗੀ। ਇੱਕ ਵਾਰ ਮਿਲੀ ਸਹੂਲਤ ਮਦਦ ਕਰ ਸਕਦੀ ਹੈ; ਚੰਗੀ ਸਿੱਖਿਆ, ਮਿਆਰੀ ਇਲਾਜ ਅਤੇ ਰੁਜ਼ਗਾਰ ਦੇ ਮੌਕੇ ਪੂਰੀ ਪੀੜ੍ਹੀ ਲਈ ਰਾਹ ਖੋਲ੍ਹ ਸਕਦੇ ਹਨ।

ਅਸੀਂ ਆਪਣੇ ਬੱਚਿਆਂ ਲਈ ਚੰਗੇ ਸਕੂਲ ਲੱਭਦੇ ਹਾਂ, ਉਨ੍ਹਾਂ ਦੇ ਭਵਿੱਖ ਲਈ ਪੈਸਾ ਜੋੜਦੇ ਹਾਂ ਅਤੇ ਉਨ੍ਹਾਂ ਨੂੰ ਵਧੀਆ ਮੌਕੇ ਦੇਣ ਲਈ ਕਈ ਵਾਰ ਆਪਣੀ ਜ਼ਮੀਨ ਤੱਕ ਵੇਚ ਦਿੰਦੇ ਹਾਂ। ਫਿਰ ਵੋਟ ਪਾਉਣ ਵੇਲੇ ਇਹ ਸਵਾਲ ਵੀ ਸਾਡੇ ਸਾਹਮਣੇ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹਵਾਲੇ ਕਿਹੋ ਜਿਹਾ ਪੰਜਾਬ ਕਰਨਾ ਹੈ।

ਵੋਟਰ ਦਾ ਕੰਮ ਚੋਣ ਵਾਲੇ ਦਿਨ ਖ਼ਤਮ ਨਹੀਂ ਹੁੰਦਾ। ਚੁਣੇ ਨੁਮਾਇੰਦੇ ਤੋਂ ਕੰਮ ਦਾ ਹਿਸਾਬ ਮੰਗਣਾ, ਲੋਕ ਮੁੱਦਿਆਂ ਉੱਤੇ ਆਵਾਜ਼ ਉਠਾਉਣਾ ਅਤੇ ਗ਼ਲਤ ਫ਼ੈਸਲਿਆਂ ਦਾ ਸ਼ਾਂਤਮਈ ਵਿਰੋਧ ਕਰਨਾ ਵੀ ਲੋਕਤੰਤਰ ਦਾ ਹਿੱਸਾ ਹੈ। ਪੰਜ ਸਾਲਾਂ ਬਾਅਦ ਵਾਅਦਿਆਂ ਦੀ ਪਰਖ ਤਦ ਹੀ ਹੋ ਸਕੇਗੀ, ਜੇ ਅਸੀਂ ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਵੀ ਯਾਦ ਰੱਖਾਂਗੇ।

ਚੋਣਾਂ ਵਿੱਚ ਉਮੀਦਵਾਰਾਂ ਦੇ ਨਾਲ ਵੋਟਰ ਦੀ ਸਮਝ ਦੀ ਵੀ ਪਰਖ ਹੁੰਦੀ ਹੈ। ਇਸ ਲਈ ਨਾਅਰਿਆਂ ਦੇ ਨਾਲ ਨੀਤੀਆਂ ਨੂੰ, ਨਵੇਂ ਵਾਅਦਿਆਂ ਦੇ ਨਾਲ ਪਿਛਲੇ ਕੰਮ ਨੂੰ ਅਤੇ ਅੱਜ ਦੇ ਲਾਭ ਦੇ ਨਾਲ ਆਉਣ ਵਾਲੇ ਸਾਲਾਂ ਨੂੰ ਵੀ ਤੋਲੀਏ।

ਵੋਟ ਪਾਉਂਦੇ ਸਮੇਂ ਇੱਕ ਪਲ ਲਈ ਆਪਣੇ ਬੱਚਿਆਂ ਦਾ ਚਿਹਰਾ ਯਾਦ ਕਰੀਏ ਅਤੇ ਆਪਣੇ ਆਪ ਤੋਂ ਪੁੱਛੀਏ—

“ਅੱਜ ਜਿਸ ਨੂੰ ਵੋਟ ਦੇ ਰਹੇ ਹਾਂ, ਕੀ ਉਹ ਸਾਡੇ ਬੱਚਿਆਂ ਦੇ ਕੱਲ੍ਹ ਵਾਲੇ ਪੰਜਾਬ ਲਈ ਸਹੀ ਚੋਣ ਹੈ?”

ਚੋਣ ਕੌਣ ਜਿੱਤੇਗਾ, ਇਹ ਬਾਅਦ ਦੀ ਗੱਲ ਹੈ; ਪਹਿਲਾਂ ਇਹ ਸੋਚੀਏ ਕਿ ਪੰਜਾਬ ਜਿੱਤੇਗਾ ਜਾਂ ਨਹੀਂ।

ਦੀਪਾ ਬੰਡਾਲਾ

ਐਡਮਿੰਟਨ, ਕੈਨੇਡਾ

+1 416 399 6594

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia