ਲੇਖ

ਲੇਖਕਾਂ ਵੱਲੋਂ ਸਿਆਸੀ ਰਾਇ ਰੱਖਣਾ ਵੀ ਉਨ੍ਹਾਂ ਦੇ ਕੰਮ ਦਾ ਹੀ ਹਿੱਸਾ ਹੈ

24 Nov 2026 · 5 ਮਿੰਟ ਦਾ ਪਾਠ

ਅਸ਼ੋਕ ਵਾਜਪਾਈ

ਲੇਖਕਾਂ ਵੱਲੋਂ ਸਿਆਸੀ ਰਾਇ ਰੱਖਣਾ ਵੀ ਉਨ੍ਹਾਂ ਦੇ ਕੰਮ ਦਾ ਹੀ ਹਿੱਸਾ ਹੈ

ਅਸ਼ੋਕ ਵਾਜਪਾਈ

ਅੱਜਕੱਲ੍ਹ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਤੇ ਕਈ ਵਾਰ ਬੜੀ ਮਾਸੂਮੀਅਤ ਨਾਲ, ਕਿ ਲੇਖਕਾਂ ਨੂੰ ਆਪਣਾ ਕੰਮ ਛੱਡ ਕੇ ਸਿਆਸਤ ਵਿਚ ਦਖ਼ਲ ਦੇਣ, ਸਿਆਸੀ ਮੁੱਦਿਆਂ ਉੱਤੇ ਆਪਣੀ ਰਾਇ ਪ੍ਰਗਟਾਉਣ ਅਤੇ ਸਿਆਸਤ ਦੀ ਆਲੋਚਨਾ ਕਰਨ ਦੀ ਕੀ ਲੋੜ ਹੈ?

ਇਸ ਦਾ ਇਕ ਜਵਾਬ ਤਾਂ ਇਹ ਹੈ ਕਿ ਜਦੋਂ ਸਿਆਸਤ ਏਨੀ ਬੇਕਾਬੂ ਹੋ ਜਾਵੇ, ਜਿੰਨੀ ਕਿ ਅੱਜ ਹੋ ਗਈ ਹੈ, ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਦਖ਼ਲ ਦੇਣ ਲੱਗ ਪਵੇ ਤਾਂ ਸਾਹਿਤ, ਕਲਾਵਾਂ ਅਤੇ ਵਿਚਾਰ ਵੀ ਸਿਆਸਤ ਵਿਚ ਦਖ਼ਲ ਕਿਉਂ ਨਾ ਦੇਣ? ਅੱਜ ਸਿਆਸਤ ਆਮ ਜ਼ਿੰਦਗੀ, ਆਸਥਾ, ਖਾਣ-ਪੀਣ, ਪਹਿਰਾਵੇ, ਧਾਰਮਿਕ ਰਸਮਾਂ, ਤਿਉਹਾਰਾਂ, ਸਿੱਖਿਆ, ਮਨੋਰੰਜਨ ਅਤੇ ਖੇਡਾਂ ਸਮੇਤ ਜ਼ਿੰਦਗੀ ਦੇ ਹਰ ਖੇਤਰ ਵਿਚ ਲਗਾਤਾਰ ਦਖ਼ਲ ਦੇ ਰਹੀ ਹੈ।

ਮੈਨੂੰ ਯਾਦ ਆਉਂਦਾ ਹੈ ਕਿ ਅੱਜ ਤੋਂ ਪੰਜਾਹ ਸਾਲ ਤੋਂ ਵੀ ਪਹਿਲਾਂ ਮੁਕਤੀਬੋਧ ਨੇ ਲਿਖਿਆ ਸੀ:

‘ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਕਲਾਕਾਰ ਲਈ ਸਿਆਸੀ ਪ੍ਰੇਰਨਾ ਕਲਾਤਮਕ ਪ੍ਰੇਰਨਾ ਨਹੀਂ ਹੁੰਦੀ ਜਾਂ ਸ਼ੁੱਧ ਦਾਰਸ਼ਨਿਕ ਅਨੁਭਵ ਕਲਾਤਮਕ ਅਨੁਭਵ ਨਹੀਂ ਹੁੰਦਾ। ਸ਼ਰਤ ਸਿਰਫ਼ ਇਹ ਹੈ ਕਿ ਉਹ ਅਨੁਭਵ ਸੱਚਾ ਅਤੇ ਅਸਲੀ ਹੋਵੇ, ਕੋਈ ਦਿਖਾਵਾ ਜਾਂ ਝੂਠ ਨਾ ਹੋਵੇ। ਇਹ ਗੱਲ ਬਿਲਕੁਲ ਸਹੀ ਹੈ ਕਿ ਕਲਾਕਾਰ ਦਾ ਸੁਭਾਅ ਸਿਆਸਤਦਾਨ ਜਾਂ ਦਾਰਸ਼ਨਿਕ ਵਰਗਾ ਨਹੀਂ ਹੁੰਦਾ। ਉਹ ਸਿਆਸੀ ਖੇਤਰ ਵਿਚ ਵੀ ਜਿਹੜੇ ਆਦਰਸ਼ ਲੈ ਕੇ ਜਾਂਦਾ ਹੈ, ਉਹ ਉਸ ਲਈ ਕਲਾਤਮਕ ਹੀ ਹੁੰਦੇ ਹਨ, ਕਿਉਂਕਿ ਇਹ ਆਦਰਸ਼ ਉਸ ਦੇ ਦਿਲ ਦੀਆਂ ਅਥਾਹ ਭਾਵਨਾਵਾਂ ਅਤੇ ਵਿਸ਼ਾਲਤਾ ਨਾਲ ਜੁੜੇ ਹੁੰਦੇ ਹਨ।

ਉਹ ਰਾਜਨੀਤੀ ਵਿਚ ਸਿਆਸੀ ਚਾਲਾਂ ਸਿੱਖਣ ਲਈ ਨਹੀਂ ਜਾਂਦਾ। ਨਾ ਹੀ ਉਹ ਕਿਸੇ ਅਹੁਦੇ ਜਾਂ ਸ਼ੋਹਰਤ ਦੀ ਪ੍ਰਾਪਤੀ ਲਈ ਉੱਥੇ ਜਾਂਦਾ ਹੈ। ਸਗੋਂ ਉਹ ਮਨੁੱਖੀ ਜ਼ਿੰਦਗੀ ਦੇ ਇਕ ਹੋਰ ਖੇਤਰ ਨੂੰ ਨੇੜਿਓਂ ਸਮਝਣ, ਉਸ ਦਾ ਅਨੁਭਵ ਹਾਸਲ ਕਰਨ, ਗਿਆਨ ਦੀ ਰੌਸ਼ਨੀ ਪ੍ਰਾਪਤ ਕਰਨ ਅਤੇ ਉਸ ਨੂੰ ਬਿਹਤਰ ਬਣਾਉਣ ਤੇ ਸਹੀ ਦਿਸ਼ਾ ਵੱਲ ਲਿਜਾਣ ਲਈ ਰਾਜਨੀਤੀ ਵਿਚ ਜਾਂਦਾ ਹੈ।

ਇਸ ਖ਼ਾਸ ਅਰਥ ਵਿਚ ਉਸ ਲਈ ਸਿਆਸੀ ਆਦਰਸ਼ ਵੀ ਕਲਾਤਮਕ ਹੀ ਹੁੰਦੇ ਹਨ। ਜੇ ਉਹ ਦਰਸ਼ਨ ਦੇ ਖੇਤਰ ਵਿਚ ਵੀ ਜਾਂਦਾ ਹੈ ਤਾਂ ਇਸ ਲਈ ਨਹੀਂ ਕਿ ਪਹਿਲਾਂ ਤੋਂ ਮੌਜੂਦ ਵਿਚਾਰਧਾਰਾਵਾਂ ਨੂੰ ਤੋੜ-ਮਰੋੜ ਕੇ ਕੋਈ ਨਵੀਂ ਵਿਚਾਰਧਾਰਾ ਸ਼ੁਰੂ ਕਰੇ, ਸਗੋਂ ਇਸ ਲਈ ਕਿ ਉਹ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਸਮਝਣ ਦਾ ਇਕ ਵੱਡਾ ਆਧਾਰ ਤਿਆਰ ਕਰ ਸਕੇ। ਹਾਂ, ਇਹ ਸੰਭਵ ਹੈ ਕਿ ਇਸ ਦੌਰਾਨ ਉਹ ਆਪਣੀ ਕੋਈ ਨਵੀਂ ਵਿਚਾਰਧਾਰਾ ਵੀ ਪੇਸ਼ ਕਰ ਦੇਵੇ, ਪਰ ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ।

ਅਸਲ ਗੱਲ ਇਹ ਹੈ ਕਿ ਉਸ ਦੀ ਦਾਰਸ਼ਨਿਕ ਸੋਚ ਦਾ ਮਕਸਦ ਜ਼ਿੰਦਗੀ ਨੂੰ ਵੱਧ ਤੋਂ ਵੱਧ ਉੱਚੇ ਪੱਧਰ ਤੱਕ ਲਿਜਾਣਾ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਜਿਸ ਚੀਜ਼ ਨੂੰ ਉਹ ਉੱਚਾ ਪੱਧਰ ਸਮਝਦਾ ਹੋਵੇ, ਹੋ ਸਕਦਾ ਹੈ ਕਿ ਉਹ ਅਸਲ ਵਿਚ ਉੱਚਾ ਪੱਧਰ ਨਾ ਹੋਵੇ। ਸੰਖੇਪ ਵਿਚ ਕਿਹਾ ਜਾਵੇ ਤਾਂ ਕਲਾਕਾਰ ਵੱਲੋਂ ਕੀਤੇ ਜਾਂਦੇ ਦਾਰਸ਼ਨਿਕ ਯਤਨ ਵੀ ਅਸਲ ਵਿਚ ਕਲਾਤਮਕ ਯਤਨ ਹੀ ਹੁੰਦੇ ਹਨ।’

ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਲੇਖਕ ਸਾਹਿਤ ਲਿਖਣਾ ਛੱਡ ਕੇ ਸਿਆਸਤ ਦੇ ਮੈਦਾਨ ਵਿਚ ਕੁੱਦ ਪੈਣ। ਉਨ੍ਹਾਂ ਦਾ ਅਸਲ ਮੈਦਾਨ ਤਾਂ ਸਾਹਿਤ ਹੀ ਹੈ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦਾ ਸੰਘਰਸ਼ ਉੱਥੇ ਹੀ ਕਰਨਾ ਹੈ। ਇਸ ਸੰਘਰਸ਼ ਵਿਚ ਸਿਆਸਤ ਨਾਲ ਟੱਕਰ ਲੈਣਾ ਵੀ ਸ਼ਾਮਲ ਹੈ।

ਦੂਜੇ ਪਾਸੇ, ਲੇਖਕ ਇਕ ਨਾਗਰਿਕ ਵੀ ਹੁੰਦੇ ਹਨ। ਜੇ ਉਹ ਨਾਗਰਿਕ ਵਜੋਂ ਆਪਣੇ ਜੀਵਨ ਵਿਚ ਕੁਝ ਕਦਰਾਂ-ਕੀਮਤਾਂ ਦੀ ਰਾਖੀ ਲਈ ਖੁੱਲ੍ਹ ਕੇ ਅਤੇ ਨਿਡਰ ਹੋ ਕੇ ਸੰਘਰਸ਼ ਕਰਦੇ ਹਨ ਤਾਂ ਇਹ ਵੀ ਸਾਹਿਤ ਦੀ ਨੈਤਿਕ ਜ਼ਿੰਮੇਵਾਰੀ ਦਾ ਹੀ ਹਿੱਸਾ ਹੈ।

ਸੰਵਿਧਾਨ ਦੀ ਰਾਖੀ ਲਈ

ਅਸੀਂ ਜਿਸ ਅਸਾਧਾਰਨ ਸਮੇਂ ਅਤੇ ਸਮਾਜ ਵਿਚ ਰਹਿ ਰਹੇ ਹਾਂ, ਉੱਥੇ ਲਗਾਤਾਰ ਭੰਨ-ਤੋੜ ਹੋ ਰਹੀ ਹੈ। ਕਈ ਵਾਰ ਇਹ ਗੱਲ ਹੈਰਾਨ ਕਰਦੀ ਹੈ ਕਿ ਇਸ ਸਮੇਂ ਸਮਾਜ ਨੂੰ ਜੋੜਨ ਦੀ ਬਜਾਏ ਤੋੜਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸੇ ਦਿਸ਼ਾ ਵਿਚ ਕੰਮ ਵੀ ਹੋ ਰਿਹਾ ਹੈ।

ਇਹ ਕੋਈ ਲੁਕਿਆ-ਛੁਪਿਆ ਏਜੰਡਾ ਨਹੀਂ ਹੈ ਕਿ ਸੱਤਾ- ਅਤੇ ਮੌਜੂਦਾ ਪ੍ਰਬੰਧ ਆਪਣੀ ਹਿੰਦੂਤਵ ਵਾਲੀ ਸੋਚ ਦੇ ਆਧਾਰ ਉੱਤੇ ਸੰਵਿਧਾਨ, ਲੋਕਤੰਤਰ, ਸਮਾਜਿਕ-ਆਰਥਿਕ ਪ੍ਰਬੰਧ ਅਤੇ ਸਿੱਖਿਆ ਵਿਚ ਤਬਦੀਲੀਆਂ ਕਰਨਾ ਚਾਹੁੰਦੇ ਹਨ। ਇਸ ਮਕਸਦ ਲਈ ਝੂਠ, ਨਫ਼ਰਤ, ਡਰ ਅਤੇ ਹਿੰਸਾ ਦਾ ਸਹਾਰਾ ਲੈ ਕੇ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਮ ਨਾਗਰਿਕ ਸਮਾਜ, ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵਿਚ ਵੱਡੀ ਚਿੰਤਾ ਪਾਈ ਜਾ ਰਹੀ ਹੈ।

ਆਉਂਦੀ 28 ਨਵੰਬਰ 2026 ਨੂੰ ਨਵੀਂ ਦਿੱਲੀ ਵਿਚ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਦਾ ਇਕ ਸਾਂਝਾ ਇਕੱਠ ‘ਹਮ ਭਾਰਤ ਕੇ ਲੋਗ’ ਦੇ ਨਾਂ ਹੇਠ ਹੋਣ ਜਾ ਰਿਹਾ ਹੈ। ਇਸ ਇਕੱਠ ਰਾਹੀਂ ਸੰਵਿਧਾਨ ਅਤੇ ਉਸ ਦੀਆਂ ਬੁਨਿਆਦੀ ਕਦਰਾਂ-ਕੀਮਤਾਂ, ਜਿਵੇਂ ਆਜ਼ਾਦੀ, ਬਰਾਬਰੀ, ਨਿਆਂ ਅਤੇ ਭਾਈਚਾਰੇ ਦੀ ਰਾਖੀ ਲਈ ਸਿਰਜਣਾਤਮਕ ਅਤੇ ਬੌਧਿਕ ਖੇਤਰ ਨਾਲ ਜੁੜੇ ਲੋਕਾਂ ਵੱਲੋਂ ਸਾਂਝੀ ਆਵਾਜ਼ ਉਠਾਈ ਜਾਣੀ ਹੈ।

ਇਸ ਸਾਂਝੇ ਉਪਰਾਲੇ ਦਾ ਮੁੱਢਲਾ ਸੱਦਾ ਦੇਣ ਵਾਲੀਆਂ ਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਆਸ਼ੀਸ਼ ਨੰਦੀ, ਰੋਮਿਲਾ ਥਾਪਰ, ਟੀ.ਐੱਮ. ਕ੍ਰਿਸ਼ਨਾ, ਗੁਲਾਮ ਮੁਹੰਮਦ ਸ਼ੇਖ਼, ਮੀਰਾਨੰਦਾ ਸਾਰਾਭਾਈ, ਖ਼ਾਲਿਦ ਜਾਵੇਦ, ਅਰੁਣ ਕਮਲ, ਮ੍ਰਿਦੁਲਾ ਗਰਗ, ਐੱਮ.ਕੇ. ਰੈਨਾ, ਅਨਾਮਿਕਾ ਹਕਸਰ, ਗੀਤਾ ਕਪੂਰ, ਅਤੁਲ ਡੋਡੀਆ, ਨਸੀਰੂਦੀਨ ਸ਼ਾਹ, ਧਰੁਵ ਸ਼ੁਕਲਾ, ਨਰੇਸ਼ ਸਕਸੈਨਾ, ਸ਼ੰਭੂਨਾਥ, ਕੀਰਤੀ ਜੈਨ, ਅਪੂਰਵਾਨੰਦ, ਨੀਰਾ ਚੰਧੋਕ, ਅਪਰਨਾ ਵੈਦਿਕ, ਕੇ. ਸੱਚਿਦਾਨੰਦਨ, ਅਡੂਰ ਗੋਪਾਲਕ੍ਰਿਸ਼ਨਨ, ਮਹੇਸ਼ ਏਲਕੁੰਚਵਾਰ, ਕਾਜ਼ੀ ਪਟੇਲ, ਨੀਲਿਮ ਕੁਮਾਰ, ਰਾਜੀਵ ਭਾਰਗਵ, ਸੰਜੀਵ ਕੁਮਾਰ, ਰੇਖਾ ਅਵਸਥੀ, ਪ੍ਰਣਯ ਕ੍ਰਿਸ਼ਨ ਅਤੇ ਅਖਿਲੇਸ਼ ਆਦਿ ਸ਼ਾਮਲ ਹਨ।

ਸੰਵਿਧਾਨ ਇਕੋ ਸਮੇਂ ਕਈ ਤਰ੍ਹਾਂ ਦੇ ਨਿਯਮਾਂ ਅਤੇ ਅਸੂਲਾਂ ਦਾ ਸੰਗ੍ਰਹਿ ਹੈ। ਇਹ ਸਰਕਾਰ ਲਈ ਆਚਰਨ ਦੇ ਅਸੂਲਾਂ ਦਾ ਆਧਾਰ ਹੈ, ਨਾਗਰਿਕਾਂ ਦੇ ਹੱਕਾਂ ਦਾ ਦਸਤਾਵੇਜ਼ ਹੈ, ਅਦਾਲਤਾਂ ਲਈ ਦਿਸ਼ਾ-ਨਿਰਦੇਸ਼ ਹੈ ਅਤੇ ਵਾਂਝੇ ਤੇ ਸ਼ੋਸ਼ਿਤ ਲੋਕਾਂ ਦੇ ਸੁਪਨਿਆਂ ਅਤੇ ਆਸਾਂ ਦਾ ਆਧਾਰ ਹੈ। 

ਬਦਕਿਸਮਤੀ ਨਾਲ ਸੰਵਿਧਾਨ ਦੀਆਂ ਇਹ ਸਾਰੀਆਂ ਭੂਮਿਕਾਵਾਂ ਲਗਾਤਾਰ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ।

ਕਈ ਵਾਰ ਹੰਕਾਰ ਅਤੇ ਧੌਂਸ ਨਾਲ, ਕਈ ਵਾਰ ਪੈਸੇ ਦੀ ਤਾਕਤ ਅਤੇ ਸਿੱਧੀ ਤਾਕਤ ਦੀ ਦੁਰਵਰਤੋਂ ਕਰਕੇ, ਕਈ ਵਾਰ ਚਲਾਕੀ ਅਤੇ ਸਿਆਣਪ ਦੇ ਨਾਂ ਹੇਠ, ਕਈ ਵਾਰ ਬਿਨਾਂ ਕਿਸੇ ਵਿਚਾਰ-ਵਟਾਂਦਰੇ ਦੇ ਪ੍ਰਕਿਰਿਆ ਨੂੰ ਤੇਜ਼ ਕਰਕੇ ਅਤੇ ਕਈ ਵਾਰ ਤਰ੍ਹਾਂ-ਤਰ੍ਹਾਂ ਦੀਆਂ ਗੁੰਝਲਾਂ ਵਿਚ ਫਸਾ ਕੇ ਸੰਵਿਧਾਨ ਦੀ ਭਾਵਨਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।

ਇਸ ਨੁਕਸਾਨ ਪਹੁੰਚਾਉਣ ਵਾਲੀ ਪ੍ਰਕਿਰਿਆ ਵਿਚ ਧਰਮ, ਬਾਜ਼ਾਰ ਅਤੇ ਮੀਡੀਆ ਦਾ ਇਕ ਬੇਮਿਸਾਲ ਗੱਠਜੋੜ ਬਣ ਗਿਆ ਹੈ। ਰਾਜ ਬਹੁਗਿਣਤੀਵਾਦ ਦਾ ਸਹਾਰਾ ਲੈ ਕੇ ਸਮਾਜ ਨੂੰ ਉਸ ਦੀ ਆਪਣੀ ਥਾਂ ਤੋਂ ਹਟਾ ਰਿਹਾ ਹੈ ਅਤੇ ਉਸ ਦੀ ਆਵਾਜ਼ ਨੂੰ ਕਮਜ਼ੋਰ ਕਰ ਰਿਹਾ ਹੈ।

ਪਿਛਲੇ ਪੰਝੱਤਰ ਸਾਲਾਂ ਦੌਰਾਨ ਭਾਰਤੀ ਸਾਹਿਤ ਅਤੇ ਕਲਾਵਾਂ ਦੀ ਸਿਰਜਣਾ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਲੋਕਤੰਤਰੀ ਪ੍ਰਬੰਧ ਦੇ ਅੰਦਰ ਹੋਈ ਹੈ। ਇਹ ਸਾਹਿਤ ਅਤੇ ਕਲਾਵਾਂ ਉਸ ਆਜ਼ਾਦੀ ਦੇ ਮਾਹੌਲ ਵਿਚ ਲਿਖੀਆਂ ਅਤੇ ਸਿਰਜੀਆਂ ਗਈਆਂ ਹਨ, ਜੋ ਲੋਕਤੰਤਰੀ ਪ੍ਰਬੰਧ ਅਤੇ ਸੰਵਿਧਾਨ ਨੇ ਸਾਨੂੰ ਦਿੱਤੀ ਹੈ।

ਜਦੋਂ ਅੱਜ ਲੋਕਤੰਤਰ ਅਤੇ ਸੰਵਿਧਾਨ ਦੋਵੇਂ ਹੀ ਸੰਕਟ ਵਿਚ ਹਨ ਤਾਂ ਸਾਹਿਤ ਅਤੇ ਕਲਾਵਾਂ ਚੁੱਪ ਨਹੀਂ ਰਹਿ ਸਕਦੀਆਂ। ਉਹ ਉਦਾਸੀਨ, ਬੇਵੱਸ ਜਾਂ ਡਰੀਆਂ ਹੋਈਆਂ ਵੀ ਨਹੀਂ ਰਹਿ ਸਕਦੀਆਂ। ਉਨ੍ਹਾਂ ਦਾ ਬੇਚੈਨ ਹੋਣਾ, ਚਿੰਤਤ ਹੋਣਾ, ਸਰਗਰਮ ਹੋਣਾ ਅਤੇ ਖੁੱਲ੍ਹ ਕੇ ਆਪਣੀ ਗੱਲ ਕਹਿਣਾ ਕੁਦਰਤੀ ਵੀ ਹੈ ਅਤੇ ਨੈਤਿਕ ਤੌਰ ’ਤੇ ਜ਼ਰੂਰੀ ਵੀ।

ਉਮੀਦ ਕਰਨੀ ਚਾਹੀਦੀ ਹੈ ਕਿ ਸਾਹਿਤ ਅਤੇ ਕਲਾ ਜਗਤ ਨਾਲ ਜੁੜੇ ਲੋਕ ਇਹ ਅਹਿਸਾਸ ਕਰਵਾਉਣਗੇ ਕਿ ਉਹ ਸੰਵਿਧਾਨ ਅਤੇ ਉਸ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਦੀ ਰਾਖੀ ਲਈ ਭਾਰਤ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਉਹ ਲੋਕਾਂ ਦੀ ਨਿਡਰ ਆਵਾਜ਼ ਬਣਨਗੇ ਅਤੇ ਉਨ੍ਹਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਨਗੇ।

ਅਨੁਵਾਦ-ਸੁਸ਼ੀਲ ਦੁਸਾਂਝ

('ਦ ਵਾਇਰ' ਤੋਂ ਧੰਨਵਾਦ ਸਹਿਤ)

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia