ਖ਼ਬਰਾਂ

ਧਰਤੀ ਨੂੰ ਬਚਾਉਣ ਦੀ ਗੱਲ ’ਤੇ ਵੀ ਇਕਮੱਤ ਨਹੀਂ ਹੋ ਸਕੇ ਦੁਨੀਆ ਦੇ ਮੁਲਕ

24 Nov 2026 · 6 ਮਿੰਟ ਦਾ ਪਾਠ

‘ਨਵੀਂ ਦੁਨੀਆ’ ਟੀਮ

ਅੰਤਾਲਿਆ ਜਲਵਾਯੂ ਸੰਮੇਲਨ ਬਿਨਾਂ ਸਾਂਝੇ ਸਿਆਸੀ ਸਮਝੌਤੇ ਤੋਂ ਸਮਾਪਤ

ਧਰਤੀ ਨੂੰ ਬਚਾਉਣ ਦੀ ਗੱਲ ’ਤੇ ਵੀ ਇਕਮੱਤ ਨਹੀਂ ਹੋ ਸਕੇ ਦੁਨੀਆ ਦੇ ਮੁਲਕ

ਕੋਲਾ, ਤੇਲ ਤੇ ਗੈਸ ਦੀ ਵਰਤੋਂ ਘਟਾਉਣ ਬਾਰੇ ਮੁਲਕਾਂ ਵਿਚਾਲੇ ਡੂੰਘੇ ਮਤਭੇਦ; ਗ਼ਰੀਬ  ਮੁਲਕਾਂ ਦੀ ਮਦਦ ਲਈ ਵਿੱਤੀ ਵਚਨਬੱਧਤਾ ਵੀ ਅਸਪਸ਼ਟ ਰਹੀ

ਅੰਤਾਲਿਆ (ਤੁਰਕੀ)

‘ਨਵੀਂ ਦੁਨੀਆ’ ਟੀਮ

ਧਰਤੀ ਦਾ ਵਧਦਾ ਤਾਪਮਾਨ ਪੂਰੀ ਮਨੁੱਖਤਾ ਲਈ ਗੰਭੀਰ ਖ਼ਤਰਾ ਬਣ ਚੁੱਕਾ ਹੈ। ਕਿਤੇ ਅੱਤ ਦੀ ਗਰਮੀ ਲੋਕਾਂ ਦੀ ਜਾਨ ਲੈ ਰਹੀ ਹੈ, ਕਿਤੇ ਹੜ੍ਹਾਂ ਨੇ ਬਸਤੀਆਂ ਉਜਾੜ ਦਿੱਤੀਆਂ ਹਨ ਅਤੇ ਕਿਤੇ ਸੋਕੇ ਕਾਰਨ ਖੇਤੀਬਾੜੀ ਤਬਾਹ ਹੋ ਰਹੀ ਹੈ। ਇਸ ਸੰਕਟ ਨਾਲ ਨਜਿੱਠਣ ਲਈ ਤੁਰਕੀ ਦੇ ਸ਼ਹਿਰ ਅੰਤਾਲਿਆ ਵਿੱਚ ਹੋਇਆ ਸੰਯੁਕਤ ਰਾਸ਼ਟਰ ਦਾ 31ਵਾਂ ਜਲਵਾਯੂ ਸੰਮੇਲਨ (ਕਾਪ-31) ਵੀ ਦੁਨੀਆ ਦੇ ਮੁਲਕਾਂ ਨੂੰ ਕੋਈ ਸਾਂਝਾ ਸਿਆਸੀ ਸਮਝੌਤਾ ਕਰਵਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਲਗਭਗ 200 ਮੁਲਕਾਂ ਦੇ ਨੁਮਾਇੰਦਿਆਂ ਨੇ ਦੋ ਹਫ਼ਤਿਆਂ ਤੱਕ ਵਿਚਾਰ-ਵਟਾਂਦਰਾ ਕੀਤਾ, ਪਰ ਕੋਲਾ, ਤੇਲ ਅਤੇ ਗੈਸ ਦੀ ਵਰਤੋਂ ਘਟਾਉਣ ਦੇ ਮੁੱਦੇ ’ਤੇ ਸਹਿਮਤੀ ਨਾ ਬਣਨ ਕਾਰਨ ਸੰਮੇਲਨ ਬਿਨਾਂ ਮੁੱਖ ਸਮਝੌਤੇ ਦੇ ਸਮਾਪਤ ਹੋ ਗਿਆ।

ਇਹ 2009 ਵਿੱਚ ਕੋਪਨਹੇਗਨ ਵਿੱਚ ਹੋਏ ਜਲਵਾਯੂ ਸੰਮੇਲਨ ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਸੰਮੇਲਨ ਕਿਸੇ ਸਾਂਝੇ ਵਿਆਪਕ ਸਿਆਸੀ ਸਮਝੌਤੇ ਤੋਂ ਬਿਨਾਂ ਖ਼ਤਮ ਹੋਇਆ ਹੈ। ਇਸ ਵਾਰ ਵੀ ਸਭ ਤੋਂ ਵੱਡਾ ਵਿਵਾਦ ਜੈਵਿਕ ਬਾਲਣਾਂ (ਫਾਸਿਲ ਫਿਊਲਜ਼) ਦੀ ਵਰਤੋਂ ਘਟਾਉਣ ਨੂੰ ਲੈ ਕੇ ਰਿਹਾ। ਅੰਤਿਮ ਪ੍ਰਸਤਾਵ ਵਿੱਚ ਕੋਲੇ, ਤੇਲ ਅਤੇ ਗੈਸ ਦਾ ਜ਼ਿਕਰ ਤੱਕ ਨਹੀਂ ਸੀ। ਇਸ ਕਾਰਨ ਯੂਰਪੀ ਸੰਘ ਅਤੇ ਕਈ ਛੋਟੇ ਮੁਲਕਾਂ ਨੇ ਇਸ ਦਾ ਵਿਰੋਧ ਕੀਤਾ।

ਤੇਲ ਉਤਪਾਦਕ ਮੁਲਕਾਂ ਦਾ ਵਿਰੋਧ

ਸਾਊਦੀ ਅਰਬ ਅਤੇ ਰੂਸ ਵਰਗੇ ਮੁਲਕ ਨਹੀਂ ਚਾਹੁੰਦੇ ਸਨ ਕਿ ਅੰਤਿਮ ਸਮਝੌਤੇ ਵਿੱਚ ਜੈਵਿਕ ਬਾਲਣਾਂ ਦੀ ਵਰਤੋਂ ਬੰਦ ਕਰਨ ਜਾਂ ਘਟਾਉਣ ਲਈ ਕੋਈ ਸਪੱਸ਼ਟ ਸਮਾਂ-ਸੀਮਾ ਤੈਅ ਕੀਤੀ ਜਾਵੇ। ਇਨ੍ਹਾਂ ਮੁਲਕਾਂ ਦੀਆਂ ਅਰਥ-ਵਿਵਸਥਾਵਾਂ ਦਾ ਵੱਡਾ ਹਿੱਸਾ ਤੇਲ ਅਤੇ ਗੈਸ ਦੇ ਉਤਪਾਦਨ ਤੇ ਬਰਾਮਦ ਨਾਲ ਜੁੜਿਆ ਹੋਇਆ ਹੈ।

ਸਾਊਦੀ ਅਰਬ ਦਾ ਤਰਕ ਸੀ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਿਰਫ਼ ਤੇਲ, ਗੈਸ ਅਤੇ ਕੋਲੇ ਦੀ ਵਰਤੋਂ ਘਟਾਉਣ ਨੂੰ ਹੀ ਇਕੋ-ਇਕ ਰਸਤਾ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਦੀ ਥਾਂ ਕਾਰਬਨ ਕੈਪਚਰ ਵਰਗੀਆਂ ਤਕਨੀਕਾਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਤਕਨੀਕ ਰਾਹੀਂ ਕਾਰਖਾਨਿਆਂ ਅਤੇ ਬਿਜਲੀ ਘਰਾਂ ਵਿੱਚੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਵਾਯੂਮੰਡਲ ਵਿੱਚ ਫੈਲਣ ਤੋਂ ਪਹਿਲਾਂ ਇਕੱਠਾ ਕਰਕੇ ਸਟੋਰ ਕੀਤਾ ਜਾਂਦਾ ਹੈ।

ਰੂਸ ਨੇ ਵੀ ਜੈਵਿਕ ਬਾਲਣਾਂ ਦੀ ਵਰਤੋਂ ਤੇਜ਼ੀ ਨਾਲ ਘਟਾਉਣ ਦਾ ਵਿਰੋਧ ਕੀਤਾ। ਉਸ ਦਾ ਕਹਿਣਾ ਸੀ ਕਿ ਅਜਿਹਾ ਕਰਨ ਨਾਲ ਊਰਜਾ ਦੀ ਘਾਟ ਪੈਦਾ ਹੋ ਸਕਦੀ ਹੈ ਅਤੇ ਕੀਮਤਾਂ ਵਧਣ ਦਾ ਬੋਝ ਗ਼ਰੀਬ ਮੁਲਕਾਂ ਉੱਤੇ ਪਵੇਗਾ।

ਯੂਰਪੀ ਮੁਲਕਾਂ ਅਤੇ ਛੋਟੇ ਟਾਪੂ ਦੇਸ਼ਾਂ ਦੀ ਨਾਰਾਜ਼ਗੀ

ਦੂਜੇ ਪਾਸੇ ਯੂਰਪੀ ਸੰਘ, ਬਰਤਾਨੀਆ, ਪਨਾਮਾ, ਬੇਲੀਜ਼, ਵਾਨੂਆਟੂ, ਮਾਰਸ਼ਲ ਟਾਪੂ ਅਤੇ ਨਾਰਵੇ ਸਮੇਤ ਕਈ ਮੁਲਕਾਂ ਦਾ ਕਹਿਣਾ ਸੀ ਕਿ ਜਲਵਾਯੂ ਤਬਦੀਲੀ ਦਾ ਮੁੱਖ ਕਾਰਨ ਕੋਲਾ, ਤੇਲ ਅਤੇ ਗੈਸ ਦੀ ਵਰਤੋਂ ਹੈ। ਇਨ੍ਹਾਂ ਬਾਲਣਾਂ ਦਾ ਜ਼ਿਕਰ ਕੀਤੇ ਬਿਨਾਂ ਜਲਵਾਯੂ ਸੰਕਟ ਬਾਰੇ ਕੋਈ ਸਮਝੌਤਾ ਅਰਥਹੀਣ ਹੈ।

ਯੂਰਪੀ ਸੰਘ ਵੱਲੋਂ ਆਇਰਲੈਂਡ ਦੇ ਜਲਵਾਯੂ ਮੰਤਰੀ ਡੈਰਾਗ ਓ'ਬ੍ਰਾਇਨ ਨੇ ਸਪੱਸ਼ਟ ਕੀਤਾ ਕਿ ਅਜਿਹੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ, ਜਿਸ ਵਿੱਚ ਜਲਵਾਯੂ ਸੰਕਟ ਦੇ ਮੁੱਖ ਕਾਰਨਾਂ ਦਾ ਜ਼ਿਕਰ ਹੀ ਨਾ ਹੋਵੇ। ਪਨਾਮਾ ਨੇ ਵੀ ਕਿਹਾ ਕਿ ਦੁਨੀਆ ਨੂੰ ਹੁਣ ਸਿਰਫ਼ ਗੱਲਬਾਤ ਕਰਨ ਦੀ ਥਾਂ ਅਮਲੀ ਕਦਮ ਚੁੱਕਣ ਦੀ ਲੋੜ ਹੈ।

ਕਰੀਬ 126 ਮੁਲਕਾਂ ਨੇ ਸੰਮੇਲਨ ਦੀ ਅਗਵਾਈ ਕਰ ਰਹੇ ਤੁਰਕੀ ਅਤੇ ਆਸਟਰੇਲੀਆ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਅੰਤਿਮ ਸਮਝੌਤੇ ਵਿੱਚ ਜੈਵਿਕ ਬਾਲਣਾਂ ਤੋਂ ਹੌਲੀ-ਹੌਲੀ ਦੂਰੀ ਬਣਾਉਣ ਦੀ ਸਪੱਸ਼ਟ ਗੱਲ ਸ਼ਾਮਲ ਕੀਤੀ ਜਾਵੇ। ਪਰ ਉਨ੍ਹਾਂ ਦੀ ਮੰਗ ਨੂੰ ਅੰਤਿਮ ਖਰੜੇ ਵਿੱਚ ਥਾਂ ਨਹੀਂ ਮਿਲੀ।

ਗ਼ਰੀਬ ਮੁਲਕਾਂ ਦੀ ਮਦਦ ਦਾ ਮਸਲਾ ਵੀ ਲਟਕਿਆ

ਸੰਮੇਲਨ ਵਿੱਚ ਵਿਕਾਸਸ਼ੀਲ ਮੁਲਕਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਅਮੀਰ ਮੁਲਕ ਜਲਵਾਯੂ ਤਬਦੀਲੀ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਵਧੇਰੇ ਆਰਥਿਕ ਮਦਦ ਦੇਣ। ਹੜ੍ਹਾਂ, ਸੋਕੇ, ਸਮੁੰਦਰ ਦੇ ਵਧਦੇ ਪੱਧਰ ਅਤੇ ਹੋਰ ਕੁਦਰਤੀ ਆਫ਼ਤਾਂ ਦੀ ਮਾਰ ਸਭ ਤੋਂ ਵੱਧ ਗ਼ਰੀਬ ਮੁਲਕਾਂ ਨੂੰ ਝੱਲਣੀ ਪੈ ਰਹੀ ਹੈ। ਇਨ੍ਹਾਂ ਮੁਲਕਾਂ ਕੋਲ ਨਾ ਤਾਂ ਆਫ਼ਤਾਂ ਨਾਲ ਨਜਿੱਠਣ ਲਈ ਲੋੜੀਂਦੇ ਵਸੀਲੇ ਹਨ ਅਤੇ ਨਾ ਹੀ ਨੁਕਸਾਨ ਤੋਂ ਬਾਅਦ ਮੁੜ ਵਸੇਬੇ ਲਈ ਲੋੜੀਂਦੀ ਪੂੰਜੀ।

ਸ਼ੁਰੂਆਤੀ ਪ੍ਰਸਤਾਵ ਵਿੱਚ 2035 ਤੱਕ ਜਲਵਾਯੂ ਤਬਦੀਲੀ ਦੇ ਅਸਰਾਂ ਨਾਲ ਨਜਿੱਠਣ ਲਈ ਦਿੱਤੀ ਜਾਣ ਵਾਲੀ ਆਰਥਿਕ ਮਦਦ ਤਿੰਨ ਗੁਣਾ ਕਰਕੇ 120 ਅਰਬ ਡਾਲਰ ਤੱਕ ਪਹੁੰਚਾਉਣ ਦੀ ਗੱਲ ਸੀ। ਪਰ ਬਾਅਦ ਦੇ ਖਰੜੇ ਵਿੱਚੋਂ ਇਹ ਨਿਸ਼ਚਿਤ ਰਕਮ ਹੀ ਹਟਾ ਦਿੱਤੀ ਗਈ। ਵਿਕਸਤ ਮੁਲਕ ਵੀ ਨਵੀਂ ਵਿੱਤੀ ਜ਼ਿੰਮੇਵਾਰੀ ਤੈਅ ਕਰਨ ਲਈ ਸਹਿਮਤ ਨਹੀਂ ਹੋਏ। ਇਸ ਨਾਲ ਗ਼ਰੀਬ ਮੁਲਕਾਂ ਦੀ ਨਾਰਾਜ਼ਗੀ ਹੋਰ ਵਧ ਗਈ।

ਭਾਰਤ ਅਤੇ ਚੀਨ ਦੀ ਭੂਮਿਕਾ

ਭਾਰਤ ਅਤੇ ਚੀਨ ਨੇ ਵੀ ਜੈਵਿਕ ਬਾਲਣਾਂ ਦੀ ਵਰਤੋਂ ਤੇਜ਼ੀ ਨਾਲ ਘਟਾਉਣ ਦੇ ਮੁੱਦੇ ’ਤੇ ਸਾਵਧਾਨੀ ਵਾਲਾ ਰੁਖ਼ ਅਪਣਾਇਆ। ਦੋਵੇਂ ਮੁਲਕ ਦੁਨੀਆ ਦੇ ਵੱਡੇ ਊਰਜਾ ਖਪਤਕਾਰ ਹਨ ਅਤੇ ਉਨ੍ਹਾਂ ਦੀਆਂ ਅਰਥ-ਵਿਵਸਥਾਵਾਂ ਅਜੇ ਵੀ ਕੋਲੇ, ਤੇਲ ਅਤੇ ਗੈਸ ’ਤੇ ਕਾਫ਼ੀ ਨਿਰਭਰ ਹਨ।

ਭਾਰਤ ਨੇ ਅੰਤਿਮ ਪ੍ਰਸਤਾਵ ਦਾ ਰਸਮੀ ਵਿਰੋਧ ਨਹੀਂ ਕੀਤਾ, ਪਰ ਇਸ ਦੇ ਕੁਝ ਪੱਖਾਂ ’ਤੇ ਇਤਰਾਜ਼ ਜਤਾਇਆ। ਕੇਂਦਰੀ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਮੁੱਖ ਸਮਝੌਤਾ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਜਲਵਾਯੂ ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਰੁਕ ਜਾਣਗੀਆਂ। ਚੀਨ ਨੇ ਵੀ ਸਮਝੌਤੇ ਤੱਕ ਪਹੁੰਚਣ ਲਈ ਸਾਰੇ ਮੁਲਕਾਂ ਨੂੰ ਇਕ-ਦੂਜੇ ਦੇ ਵਿਚਾਰਾਂ ਨੂੰ ਸਮਝਣ ਅਤੇ ਲਚਕਦਾਰ ਰੁਖ਼ ਅਪਣਾਉਣ ਦੀ ਅਪੀਲ ਕੀਤੀ।

ਅਮਰੀਕਾ ਦੀ ਗੈਰ-ਮੌਜੂਦਗੀ ਵੀ ਚਰਚਾ ਦਾ ਵਿਸ਼ਾ

ਅਮਰੀਕਾ ਲਗਾਤਾਰ ਦੂਜੇ ਸਾਲ ਇਸ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਇਆ। ਯੂਰਪੀ ਨੁਮਾਇੰਦਿਆਂ ਦਾ ਮੰਨਣਾ ਸੀ ਕਿ ਅਮਰੀਕਾ ਦੀ ਮੌਜੂਦਗੀ ਨਾਲ ਤੇਲ ਉਤਪਾਦਕ ਮੁਲਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਸੌਖਾ ਹੋ ਸਕਦਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਬਣੇ ਕੌਮਾਂਤਰੀ ਸਮਝੌਤਿਆਂ ਦੀ ਆਲੋਚਕ ਰਹੀ ਹੈ। ਉਸ ਦਾ ਮੰਨਣਾ ਹੈ ਕਿ ਅਜਿਹੇ ਸਮਝੌਤੇ ਅਮਰੀਕੀ ਉਦਯੋਗਾਂ ਅਤੇ ਅਰਥਵਿਵਸਥਾ ’ਤੇ ਬੋਝ ਪਾਉਂਦੇ ਹਨ।

ਫ਼ੈਸਲੇ ਲੈਣ ਦੀ ਪ੍ਰਕਿਰਿਆ ’ਤੇ ਸਵਾਲ

ਇਸ ਨਾਕਾਮੀ ਨੇ ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰਮੇਲਨਾਂ ਵਿੱਚ ਫ਼ੈਸਲੇ ਲੈਣ ਦੀ ਸਰਬਸੰਮਤੀ ਵਾਲੀ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇੱਥੇ ਫ਼ੈਸਲੇ ਬਹੁਮਤ ਦੀ ਥਾਂ ਸਾਰੇ ਮੁਲਕਾਂ ਦੀ ਸਹਿਮਤੀ ਨਾਲ ਲਏ ਜਾਂਦੇ ਹਨ। ਇਸ ਕਾਰਨ ਕੁਝ ਮੁਲਕਾਂ ਦਾ ਵਿਰੋਧ ਵੀ ਸਾਂਝੇ ਫ਼ੈਸਲੇ ਨੂੰ ਰੋਕ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਇਸ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਸੇ ਰਾਹੀਂ 2015 ਵਿੱਚ ਪੈਰਿਸ ਜਲਵਾਯੂ ਸਮਝੌਤਾ ਹੋਇਆ ਸੀ। ਪਰ ਸੰਮੇਲਨ ਦੇ ਨਤੀਜੇ ਨੇ ਇਹ ਸਵਾਲ ਹੋਰ ਗੰਭੀਰ ਕਰ ਦਿੱਤਾ ਹੈ ਕਿ ਜਦੋਂ ਧਰਤੀ ਦਾ ਭਵਿੱਖ ਦਾਅ ’ਤੇ ਲੱਗਿਆ ਹੋਵੇ ਤਾਂ ਕੀ ਕੁਝ ਦੇਸ਼ਾਂ ਦੇ ਆਰਥਿਕ ਹਿੱਤਾਂ ਨੂੰ ਸਮੁੱਚੀ ਮਨੁੱਖਤਾ ਦੀ ਸੁਰੱਖਿਆ ਉੱਤੇ ਭਾਰੂ ਪੈਣ ਦਿੱਤਾ ਜਾ ਸਕਦਾ ਹੈ?

ਸੰਮੇਲਨ ਵਿੱਚ ਕੁਝ ਹੋਰ ਮੁੱਦਿਆਂ ’ਤੇ ਸਹਿਯੋਗ ਅਤੇ ਵੱਖਰੀਆਂ ਪਹਿਲਕਦਮੀਆਂ ਅੱਗੇ ਵਧੀਆਂ, ਪਰ ਵਿਆਪਕ ਸਿਆਸੀ ਸਮਝੌਤਾ ਨਾ ਹੋ ਸਕਿਆ। ਹੁਣ ਇਨ੍ਹਾਂ ਅਣਸੁਲਝੇ ਮਸਲਿਆਂ ’ਤੇ ਅਗਲੇ ਸਾਲ ਇਥੋਪੀਆ ਵਿੱਚ ਹੋਣ ਵਾਲੇ ਕਾਪ-32 ਸੰਮੇਲਨ ਦੌਰਾਨ ਮੁੜ ਵਿਚਾਰ ਕੀਤਾ ਜਾਵੇਗਾ।

ਇਸ ਸਮੁੱਚੇ ਵਰਤਾਰੇ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਜਲਵਾਯੂ ਸੰਕਟ ਕਿਸੇ ਇੱਕ ਮੁਲਕ ਜਾਂ ਖਿੱਤੇ ਦੀ ਸਮੱਸਿਆ ਨਹੀਂ ਹੈ। ਇਸ ਦੀ ਮਾਰ ਸਰਹੱਦਾਂ, ਜਾਤਾਂ ਅਤੇ ਆਰਥਿਕ ਹੈਸੀਅਤਾਂ ਦੇਖ ਕੇ ਨਹੀਂ ਪੈਂਦੀ। ਪਰ ਇਸ ਦੇ ਨਤੀਜੇ ਸਭ ਤੋਂ ਵੱਧ ਉਨ੍ਹਾਂ ਲੋਕਾਂ ਨੂੰ ਭੁਗਤਣੇ ਪੈਂਦੇ ਹਨ, ਜਿਨ੍ਹਾਂ ਦਾ ਇਸ ਸੰਕਟ ਨੂੰ ਪੈਦਾ ਕਰਨ ਵਿੱਚ ਸਭ ਤੋਂ ਘੱਟ ਹਿੱਸਾ ਹੈ। ਜਦੋਂ ਤੱਕ ਦੁਨੀਆ ਦੀਆਂ ਸਰਕਾਰਾਂ ਮੁਨਾਫ਼ੇ ਅਤੇ ਊਰਜਾ ਬਾਜ਼ਾਰ ਦੇ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਜ਼ਿੰਦਗੀ, ਖੇਤੀਬਾੜੀ, ਪਾਣੀ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੰਦੀਆਂ, ਉਦੋਂ ਤੱਕ ਅਜਿਹੇ ਸੰਮੇਲਨ ਵੱਡੀਆਂ ਗੱਲਾਂ ਅਤੇ ਛੋਟੇ ਨਤੀਜਿਆਂ ਤੱਕ ਹੀ ਸੀਮਤ ਰਹਿਣਗੇ।

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia