ਲੇਖ

ਆਖਾਂ-ਜੀਵਾਂ | ੩ ਅਵਾਰਾ ਕੁੱਤੇ, ਬੇਵੱਸ ਲੋਕ ਤੇ ਜਵਾਬਦੇਹੀ ਤੋਂ ਭੱਜਦਾ ਪ੍ਰਬੰਧ

24 Nov 2026 · 2 ਮਿੰਟ ਦਾ ਪਾਠ

-ਸੁਸ਼ੀਲ ਦੁਸਾਂਝ

ਆਖਾਂ-ਜੀਵਾਂ | ੩

ਅਵਾਰਾ ਕੁੱਤੇ, ਬੇਵੱਸ ਲੋਕ ਤੇ ਜਵਾਬਦੇਹੀ ਤੋਂ ਭੱਜਦਾ ਪ੍ਰਬੰਧ

ਅੱਠ ਸਾਲਾਂ ਦਾ ਬੱਚਾ ਰਣਜੀਤ ਸਿੰਘ ਸਕੂਲ ਜਾਣ ਲਈ ਘਰੋਂ ਨਿਕਲਿਆ ਸੀ। ਪਰ ਉਹ ਮੁੜ ਘਰ ਨਹੀਂ ਪਰਤਿਆ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਲਾਲ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਨੇ ਉਸ ਦੀ ਜਾਨ ਲੈ ਲਈ। ਇਹ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਾਡੇ ਸਮਾਜ ਅਤੇ ਪ੍ਰਸ਼ਾਸਨ ਦੇ ਮੱਥੇ ’ਤੇ ਉੱਭਰਦਾ ਸਵਾਲੀਆ ਨਿਸ਼ਾਨ ਹੈ।

ਪੁੱਛਣਾ ਬਣਦਾ ਹੈ ਕਿ ਸੜਕਾਂ, ਗਲੀਆਂ, ਸਕੂਲਾਂ ਦੇ ਰਸਤਿਆਂ ਅਤੇ ਪਿੰਡਾਂ ਦੀਆਂ ਫਿਰਨੀਆਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਅਵਾਰਾ ਕੁੱਤੇ ਕਿਵੇਂ ਘੁੰਮ ਰਹੇ ਹਨ ਕਿ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ?

ਕਿਸੇ ਬੱਚੇ ਦੀ ਜਾਨ ਚਲੀ ਜਾਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਸਬੰਧਤ ਵਿਭਾਗ ਨੂੰ ਸੂਚਿਤ ਕਰਨ ਜਾਂ ਮੁਆਵਜ਼ੇ ਦੀ ਗੱਲ ਕਰਨਾ ਕਾਫ਼ੀ ਨਹੀਂ। ਅਸਲ ਜਵਾਬਦੇਹੀ ਤਾਂ ਇਹ ਹੈ ਕਿ ਅਜਿਹੀ ਘਟਨਾ ਵਾਪਰਨ ਤੋਂ ਪਹਿਲਾਂ ਕੀ ਕੀਤਾ ਗਿਆ ਸੀ ਅਤੇ ਅੱਗੇ ਅਜਿਹੀਆਂ ਘਟਨਾਵਾਂ ਰੋਕਣ ਲਈ ਕੀ ਕੀਤਾ ਜਾਵੇਗਾ?

ਅਵਾਰਾ ਕੁੱਤਿਆਂ ਦਾ ਮਸਲਾ ਸਿਰਫ਼ ਨਗਰ ਕੌਂਸਲ ਜਾਂ ਪੰਚਾਇਤ ਦਾ ਨਹੀਂ। ਇਹ ਜਨਤਕ ਸਿਹਤ, ਮਨੁੱਖੀ ਸੁਰੱਖਿਆ ਅਤੇ ਪਸ਼ੂ ਭਲਾਈ ਨਾਲ ਵੀ ਜੁੜਿਆ ਹੋਇਆ ਹੈ। ਕੁੱਤਿਆਂ ਦੀ ਨਸਬੰਦੀ, ਟੀਕਾਕਰਨ, ਉਨ੍ਹਾਂ ਦੀ ਗਿਣਤੀ ਦਾ ਸਰਵੇਖਣ ਅਤੇ ਖ਼ਤਰੇ ਵਾਲੇ ਇਲਾਕਿਆਂ ਦੀ ਪਛਾਣ; ਇਹ ਸਭ ਲਗਾਤਾਰ ਚੱਲਣ ਵਾਲੇ ਕੰਮ ਹਨ, ਨਾ ਕਿ ਕਿਸੇ ਹਾਦਸੇ ਤੋਂ ਬਾਅਦ ਕੀਤੀ ਜਾਣ ਵਾਲੀ ਖਾਨਾਪੂਰਤੀ।

ਇਸ ਦੇ ਨਾਲ ਇਹ ਵੀ ਸਮਝਣਾ ਪਵੇਗਾ ਕਿ ਪਸ਼ੂਆਂ ਪ੍ਰਤੀ ਬੇਰਹਿਮੀ ਇਸ ਸਮੱਸਿਆ ਦਾ ਹੱਲ ਨਹੀਂ। ਹੱਲ ਵਿਗਿਆਨਕ, ਮਨੁੱਖੀ ਅਤੇ ਕਾਨੂੰਨੀ ਤਰੀਕੇ ਨਾਲ ਹੀ ਨਿਕਲੇਗਾ। ਪਰ ਪਸ਼ੂਆਂ ਦੀ ਭਲਾਈ ਦੇ ਨਾਂ ’ਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਨੂੰ ਅਣਡਿੱਠਾ ਵੀ ਨਹੀਂ ਕੀਤਾ ਜਾ ਸਕਦਾ।

ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਅਵਾਰਾ ਕੁੱਤਿਆਂ ਦੀ ਗਿਣਤੀ ਬਾਰੇ ਕੀ ਅੰਕੜੇ ਹਨ, ਨਸਬੰਦੀ ਅਤੇ ਟੀਕਾਕਰਨ ਲਈ ਕਿੰਨਾ ਬਜਟ ਹੈ ਅਤੇ ਪਿੰਡਾਂ ਵਿੱਚ ਇਸ ਕੰਮ ਦੀ ਜ਼ਿੰਮੇਵਾਰੀ ਕਿਸ ਦੀ ਹੈ।

ਮਾਸੂਮ ਬਾਲ ਰਣਜੀਤ ਦੀ ਮੌਤ ਨੂੰ ਇੱਕ ਹੋਰ ਖ਼ਬਰ ਬਣ ਕੇ ਅਖ਼ਬਾਰਾਂ ਦੇ ਪੰਨਿਆਂ ਤੋਂ ਗੁੰਮ ਨਹੀਂ ਹੋ ਜਾਣਾ ਚਾਹੀਦਾ। ਕਿਸੇ ਹੋਰ ਘਰ ਦਾ ਚਿਰਾਗ਼ ਬੁਝਣ ਤੋਂ ਪਹਿਲਾਂ ਪ੍ਰਬੰਧ ਨੂੰ ਜਗਾਉਣਾ ਹੀ ਅਸਲ ਜਵਾਬਦੇਹੀ ਹੈ।

- ਸੁਸ਼ੀਲ ਦੁਸਾਂਝ

23 ਨਵੰਬਰ 2026 | ਮੁਹਾਲੀ

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia