‘ਹਰ ਹਿਟਲਰ ਦੀ ਹੱਦ ਹੁੰਦੀ ਹੈ’
“ਬੱਚਾ ਜਲਦੀ ਜਲਦੀ ਵੱਡਾ ਹੁੰਦਾ ਹੈ।
ਸਕੂਲ ਉਹਦੇ ਸੁਫਨਿਆਂ ਨੂੰ ਫਰੇਮ ਕਰਦਾ ਹੈ।
ਅਧਿਆਪਕਾਵਾਂ ਬੱਚੇ ਨੂੰ ਦੱਸਦੀਆਂ ਨੇ-
ਆਦਮੀ ਸਮੁੰਦਰ ਨਹੀਂ ਹੁੰਦਾ,
ਸਗੋਂ ਬਾਰ੍ਹਾਂ ਜਰਬ ਬਾਰ੍ਹਾਂ ਦਾ ਕਮਰਾ ਹੁੰਦਾ ਹੈ,
ਮੁਹੱਬਤ ਗੁਨਾਹ ਹੈ
ਬੱਚਾ ਰਿਸ਼ਤਿਆਂ ਅਤੇ ਘਟਨਾਵਾਂ ਦੇ ਤੌਰ ਤਰੀਕਿਆਂ ਦੇ
ਜੰਗਲ ਵਿਚ ਜਕੜ ਦਿੱਤਾ ਗਿਆ ਹੈ
ਬੱਚਾ ਸੋਚਦਾ ਹੈ ਰੁੱਖਾਂ ਦੇ ਸਿਰਾਂ ‘ਤੇ ਨੱਚਦੇ
ਚੰਨ ਦੇ ਸੁਫਨੇ ਸਿਰਫ ਜੰਗਲ ਲੈਂਦਾ ਹੈ।”
ਸ਼ਾਇਰ ਸੁਖਚੈਨ ਮਿਸਤਰੀ ਦੇ ਇਹ ਅਹਿਸਾਸ ਬੇਚੈਨ ਕਰਨ ਵਾਲੇ ਹਨ। ਸੱਚ ਸਦਾ ਹੀ ਬੇਚੈਨ ਕਰਿਆ ਕਰਦਾ ਹੈ। ਆਓ ਕੁੱਝ ਹੋਰ ਸੱਚਾਈਆਂ ਦੇ ਰੂ-ਬ-ਰੂ ਹੋਈਏ।
ਬੱਚੇ ਜਿਨ੍ਹਾਂ ਨੂੰ ਪਿਆਰ, ਮੋਹ ਅਤੇ ਘਰ-ਪਰਿਵਾਰ ਵਿਚ ਖੇਡਣ-ਮੱਲਣ ਦਾ ਮਾਹੌਲ ਚਾਹੀਦਾ ਹੈ, ਉਨ੍ਹਾਂ ਨੂੰ ਸਾਡੇ ਸਮਾਜ ਵਿਚ ਬਹੁਤ ਕਠੋਰ ਕਿਸਮ ਦੇ ਅਪਰਾਧਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੁਲਕ ਵਿਚ ਬਾਲ ਬਲਾਤਕਾਰ ਦੇ ਰੂਪ ਵਿਚ ਹਰ ਵਰ੍ਹੇ ਲਗਭਗ 5 ਹਜ਼ਾਰ ਕੇਸ ਪੁਲਿਸ ਥਾਣਿਆਂ ਵਿਚ ਦਰਜ ਹੁੰਦੇ ਹਨ। ਜਿਨ੍ਹਾਂ ਬੱਚਿਆਂ ਦੀਆਂ ਚੀਖਾਂ ਥਾਣਿਆਂ ਜਾਂ ਅਦਾਲਤਾਂ ਤੀਕ ਨਹੀਂ ਪਹੁੰਚ ਪਾਉਂਦੀਆਂ ਉਨ੍ਹਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਸਮਾਜਕ ਤੇ ਨੈਤਿਕ ਗਿਰਾਵਟ ਦੀ ਇੰਤਹਾ ਹੈ ਕਿ ਬਹੁਤ ਸਾਰੇ ਕੇਸਾਂ ਵਿਚ ਸਕੇ ਪਿਤਾ ਵੱਲੋਂ ਧੀ ਨਾਲ ਬਲਾਤਕਾਰ ਦੀ ਖ਼ਬਰ ਸੁਰਖੀ ਬਣ ਰਹੀ ਹੈ। ਅਚੰਭੇ ਵਾਲੀ ਗੱਲ ਇਹ ਵੀ ਹੈ ਕਿ ਦੇਸ਼ ਵਿਚ 18 ਸਾਲਾਂ ਤੋਂ ਘੱਟ ਉਮਰ ਦੇ ਤਕੀਬਨ 10 ਹਜ਼ਾਰ ਬੱਚੇ ਹਰ ਵਰ੍ਹੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਬੱਚਿਆਂ ਵਿਰੁੱਧ ਅਪਰਾਧ ਦੇ ਇਹ ਮਾਮਲੇ ਹਰ ਸਭਿਅਕ ਸਮਾਜ ਨੂੰ ਹਲੂਣਦੇ ਹਨ। ਘਰੇਲੂ ਹਿੰਸਾ ਵੀ ਬੱਚਿਆਂ ਨੂੰ ਅਕਸਰ ਆਪਣੀ ਗ੍ਰਿਫ਼ਤ ਵਿਚ ਲੈ ਲੈਂਦੀ ਹੈ, ਜਿਸਦੇ ਸਿੱਟੇ ਕਈ ਵਾਰ ਬਹੁਤ ਖ਼ਤਰਨਾਕ ਨਿਕਲਦੇ ਹਨ। ਬੱਚੇ ਆਪਣੇ-ਆਪ ਵਿਚ ਸਿਮਟਦੇ ਚਲੇ ਜਾਂਦੇ ਹਨ। ਅਜਿਹੇ ਬੱਚੇ ਆਮ ਤੌਰ ‘ਤੇ ਅੰਤਰਮੁਖੀ ਸੁਭਾਅ ਦੇ ਬਣ ਜਾਂਦੇ ਹਨ ਅਤੇ ਉਹ ਆਪਣੇ ਦੁੱਖ ਦਰਦ ਵਿਚ ਕਿਸੇ ਹੋਰ ਨੂੰ ਭਾਈਵਾਲ ਨਹੀਂ ਬਣਾਉਂਦੇ। ਜਿਸ ਕਾਰਨ ਉਨ੍ਹਾਂ ਦੇ ਅੰਦਰ ਇਕ ਲਾਵਾ ਇਕੱਠਾ ਹੁੰਦਾ ਰਹਿੰਦਾ ਹੈ ਜੋ ਕਿਸੇ ਵੀ ਵੇਲੇ ਫਟ ਕੇ ਤਬਾਹਕੁੰਨ ਸਥਿਤੀ ਪੈਦਾ ਕਰ ਸਕਦਾ ਹੈ। ਕਈ ਬੱਚੇ ਤਾਂ ਹੌਲੀ ਹੌਲੀ ਆਪਣੇ ਆਪ ਨੂੰ ਖ਼ਤਮ ਕਰ ਲੈਂਦੇ ਹਨ। ਬਹੁਤੇ ਖੁਦਕੁਸ਼ੀ ਦੇ ਕੇਸਾਂ ਵਿਚ ਪਰਿਵਾਰਕ ਵਾਤਾਵਰਣ ਹੀ ਜ਼ਿੰਮੇਵਾਰ ਹੁੰਦਾ ਹੈ। ਕਈ ਬੱਚੇ ਇਸ ਵਾਤਾਵਰਣ ਤੋਂ ਪ੍ਰਭਾਵਤ ਹੋ ਕੇ ਅੰਤਰਮੁਖੀ ਹੋਣ ਦੀ ਥਾਂ ਬਾਹਰਮੁਖੀ ਹੋ ਜਾਂਦੇ ਹਨ। ਅਜਿਹੇ ਬੱਚੇ ਆਪਣੀ ਕੁੰਠਾ ਨੂੰ ਕੱਢਣ ਲਈ ਬਹੁਤ ਸਾਰੇ ਗ਼ੈਰ-ਸਮਾਜਕ ਕੰਮ ਕਰ ਬੈਠਦੇ ਹਨ। ਉਹ ਹੌਲੀ ਹੌਲੀ ਅਪਰਾਧ ਦੀ ਦੁਨੀਆ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਬਾਅਦ ਵਿਚ ਸਾਡਾ ਸਮਾਜ ਅਪਰਾਧੀ ਕਰਾਰ ਦੇ ਦਿੰਦਾ ਹੈ, ਪਰ ਇਹ ਬੱਚੇ ਅਪਰਾਧੀ ਕਿਉਂ ਅਤੇ ਕਿਵੇਂ ਬਣੇ? ਇਹਦੇ ਕਾਰਨਾਂ ਨੂੰ ਖੋਜਣ ਜਾਂ ਇਹਦੇ ਵੱਲ ਉਚੇਚਾ ਧਿਆਨ ਦੇ ਕੇ ਇਹਨੂੰ ਰੋਕਣ ਵੱਲ ਕਦੇ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ।
ਦਰਅਸਲ, ਬੱਚਿਆਂ ਦੀਆਂ ਛੋਟੀਆਂ ਛੋਟੀਆਂ ਲੋੜਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰਿਵਾਰ ਵਿਚ ਮਾਂ-ਬਾਪ ਆਪਣਿਆਂ ਹੀ ਝਮੇਲਿਆਂ ਵਿਚ ਫਸੇ ਰਹਿੰਦੇ ਹਨ ਅਤੇ ਉਹ ਆਪਣੇ ਬੱਚਿਆਂ ਵੱਲ ਧਿਆਨ ਹੀ ਨਹੀਂ ਦੇ ਪਾਉਂਦੇ, ਨਤੀਜਤਨ ਬੱਚਿਆਂ ਦੀ ਦਿਸ਼ਾ ਅਤੇ ਦਸ਼ਾ ਲਗਾਤਾਰ ਵਿਗੜਦੀ ਜਾਂਦੀ ਹੈ।
ਸਰੀਰਕ ਸ਼ੋਸ਼ਣ ਇਕ ਹੋਰ ਬਹੁਤ ਹੀ ਗੰਭੀਰ ਮਸਲਾ ਹੈ। ਸਰੀਰਕ ਸੋਸ਼ਣ ਦੇ ਕਈ ਰੂਪ ਹਨ। ਕਈ ਵਾਰ ਤਾਂ ਬੱਚੇ-ਬੱਚੀ ਦੇ ਪਿਤਾ ਵੱਲੋਂ ਹੀ ਉਸਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਬਹੁਤੀ ਵਾਰੀ ਨਜ਼ਦੀਕੀ ਰਿਸ਼ਤੇਦਾਰ ਅਤੇ ਹੋਰ ਬਾਹਰਲੇ ਲੋਕ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ। ਕਈ ਮਾਮਲਿਆਂ ਵਿਚ ਇਹ ਵੀ ਵੇਖਿਆ ਗਿਆ ਹੈ ਕਿ ਜਿਹੜੇ ਬੱਚੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ, ਉਹ ਵੱਡੇ ਹੋ ਕੇ ਆਪਣਾ ਗੁੱਸਾ ਛੋਟੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਕੇ ਕੱਢਦੇ ਹਨ। ਆਪਣੇ ਪੰਜਾਬ ਵਿਚ ਵੀ ਸਥਿਤੀ ਕੋਈ ਸੁਖਾਵੀਂ ਨਹੀਂ, ਸਗੋਂ ਇਹ ਖਬਰ ਹੋਰ ਵੀ ਬੇਚੈਨ ਕਰਨ ਵਾਲੀ ਹੈ ਕਿ ਪਿਛਲੇ 3 ਸਾਲਾਂ ਵਿਚ ਪੰਜਾਬ ਵਿਚ ਬੱਚੀਆਂ ਨਾਲ ਹੋਣ ਵਾਲੇ ਦੁਰਚਾਰਾਂ ਵਿਚ ਲਗਭਗ 40 ਫੀਸਦੀ ਦਾ ਵਾਧਾ ਹੋਇਆ ਹੈ। ਵਿਕਾਸ ਦੀ ਪਗਡੰਡੀ ‘ਤੇ ਤੁਰਨ ਵਾਲੇ ਕਿਸੇ ਵੀ ਸਮਾਜ ਲਈ ਇਹ ਇਕ ਚੁਣੌਤੀ ਹੈ। ਆਖਰ ਜਿਸ ਮੁਲਕ ਦੀ ਇਕ ਤਿਹਾਈ ਆਬਾਦੀ ਦੀ ਉਸਾਰੀ ਬੱਚੇ ਹੀ ਕਰਦੇ ਹੋਣ, ਉਥੇ ਉਨ੍ਹਾਂ ਵਿਰੁੱਧ ਇਹ ਅਣਮਨੁੱਖੀ ਵਰਤਾਰਾ ਸਾਨੂੰ ਕਿੱਥੇ ਪੁਚਾਏਗਾ। ਇਹ ਠੀਕ ਹੈ ਕਿ ਇਸ ਸੰਦਰਭ ਵਿਚ ਸਰਕਾਰ ਵੱਲੋਂ ਲਾਜ਼ਮੀ ਤੌਰ ‘ਤੇ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਜਦੋਂ ਤੱਕ ਸਾਡੇ ਸਮਾਜ ਵਿਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਇਕ ਬੇਚੈਨੀ ਦਾ ਆਲਮ ਨਹੀਂ ਹੋਵੇਗਾ ਉਦੋਂ ਤੱਕ ਕੋਈ ਵੀ ਕਦਮ ਕਾਰਗਾਰ ਸਾਬਤ ਨਹੀਂ ਹੋ ਸਕਦਾ। ਇਨ੍ਹਾਂ ਮਾਮਲਿਆਂ ਵਿਚ ਸਮਾਜਕ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ। ਬੱਚਿਆਂ ‘ਤੇ ਅਤਿਆਚਾਰਾਂ ਉਪਰ ਰੋਕ ਲਾਉਣ ਲਈ ਸਾਡੇ ਕਾਨੂੰਨ ਵਿਚ ਵੀ ਬਦਲਾਅ ਦੀ ਸਖ਼ਤ ਜ਼ਰੂਰਤ ਹੈ। ਉਂਝ ਸਾਰੀਆਂ ਸਮਸਿਆਵਾਂ ਦੀ ਜੜ੍ਹ ਤਾਂ ਭਾਰਤ ਦਾ ਉਹ ਰਾਜ ਪ੍ਰਬੰਧ ਹੀ ਹੈ, ਜਿਹੜਾ ਮਨੁੱਖ ਨੂੰ ਮਨੁੱਖ ਵਾਂਗ ਰਹਿਣ ਹੀ ਨਹੀਂ ਦੇਣਾ ਚਾਹੁੰਦਾ। ਇਸ ਅਸਾਵੇਂ ਰਾਜਸੀ ਪ੍ਰਬੰਧ ਨੂੰ ਲੋਕਾਂ ਨੇ ਹੀ ਬਦਲਨਾ ਹੈ। ਲੋਕ ਸ਼ਕਤੀ ਹੀ ਇਹਦੇ ਲਈ ਇਕੋ-ਇਕ ਕੁੰਜੀ ਹੈ। ਅਖੀਰ ਵਿਚ ਸ਼ਾਇਰ ਹਰਭਜਨ ਸਿੰਘ ਹੁੰਦਲ ਦੀ ਲੰਮੀ ਨਜ਼ਮ ‘ਹਰ ਹਿਟਲਰ ਦੀ ਹੱਦ ਹੁੰਦੀ ਹੈ’ ਦੀਆਂ ਤਿੰਨ ਸਤਰਾਂ ਆਤਮਸਾਤ ਕਰਦੇ ਜਾਓ-
‘ਹਰ ਹਿਟਲਰ ਦੀ ਹੱਦ ਹੁੰਦੀ ਹੈ
ਹਰ ਡਾਇਰ ਦੀ ਸੀਮਾ
ਪਰ ਲੋਕਾਂ ਦੀ ਸ਼ਕਤੀ ਦੀ ਕੋਈ ਹੱਦ ਨਹੀਂ ਹੁੰਦੀ’
ਸੁਸ਼ੀਲ ਦੁਸਾਂਝ +91-98887-99870